ਆਪਣੇ ਹੀ ਗੁੜ ਨੂੰ ਤਰਸੇ ਜੱਟ

ਆਪਣੇ ਹੀ ਗੁੜ ਨੂੰ ਤਰਸੇ ਜੱਟ

ਮੁਖਤਾਰ ਸਿੰਘ ਗਿੱਲ

ਕਦੇ ਜੱਟ ਦਾ ਗੁੜ ਅਤੇ ਸ਼ੱਕਰ ਨਾਲ ਗੂੜ੍ਹਾ ਰਿਸ਼ਤਾ ਹੁੰਦਾ ਸੀ। ਸਿਆਲ ਦੇ ਦਿਨਾਂ ਵਿਚ ਸਵੇਰ ਤੋਂ ਹੀ ਵੇਲਣੇ ਜੋੜ ਲੈਣੇ ਤੇ ਸਾਰਾ-ਸਾਰਾ ਦਿਨ ਗੁੜ ਤੇ ਸ਼ੱਕਰ ਬਣਾਈ ਜਾਣੀ। ਰਸ ਪੀਣ ਤੇ ਤਾਜ਼ਾ ਗੁੜ ਖਾਣ ਦਾ ਵੱਖਰਾ ਹੀ ਮਜ਼ਾ ਹੁੰਦਾ ਸੀ। ਵੇਲਣਾ ਕਿਸੇ ਦਾ ਵੀ ਵਗਦਾ ਹੋਵੇ ਤੇ ਕੋਈ ਵੀ ਰਸ ਪੀ ਜਾਵੇ ਤੇ ਗੁੜ ਖਾ ਜਾਵੇ, ਕੋਈ ਰੋਕ-ਟੋਕ ਨਹੀਂ ਸੀ ਹੁੰਦੀ, ਸਗੋਂ ਜੱਟ ਵੇਲਣੇ 'ਤੇ ਲੱਗੀ ਰੌਣਕ ਵੇਖ ਖੁਸ਼ ਹੁੰਦਾ ਸੀ ਤੇ ਹਾਸਾ-ਠੱਠਾ ਵੀ ਆਮ ਚੱਲਦਾ ਸੀ। ਸਵੇਰ ਸਮੇਂ ਤਾਜ਼ੇ ਗੁੜ ਦੀ ਮਹਿਕ ਦੂਰ-ਦੂਰ ਤਕ ਫੈਲ ਕੇ ਰਾਹੀਆਂ ਨੂੰ ਆਪਣੇ ਵੱਲ ਖਿੱਚਦੀ- ਹਵਾ 'ਚੋਂ ਗੁੜ ਦਾ ਸਵਾਦ ਆਉਣ ਲੱਗਦਾ। ਲੋਢੇ ਵੇਲੇ ਪੱਤ ਨੂੰ ਜਦੋਂ ਬਾਹਮਣ ਪੈਣ ਲੱਗਣੇ ਤਾਂ ਉਸ ਵਿਚ ਗਾਜਰਾਂ ਧੋ ਕੇ ਪਾ ਦੇਣੀਆਂ। ਪੱਤ ਤਿਆਰ ਹੋਣ ਤਕ ਗਾਜਰਾਂ ਵੀ ਤਿਆਰ ਹੋ ਜਾਣੀਆਂ। ਉਨ੍ਹਾਂ ਨੂੰ ਕੱਢ ਕੇ ਠੰਢੀਆਂ ਕਰਕੇ ਮਜ਼ੇ ਨਾਲ ਖਾਣੀਆਂ। ਜਦੋਂ ਆਖਰੀ ਪੱਤ ਹੋਣੀ ਤਾਂ ਕੜਾਹੇ ਵਿਚ ਰੰਬਾ ਨਾ ਮਾਰਨਾ ਤਾਂ ਕਿ ਵਿਚ ਥੋੜ੍ਹਾ ਜਿਹਾ ਗੁੜ ਰਹਿ ਜਾਵੇ, ਉਸ ਵਿਚ ਤਿਲ ਤੇ ਮੱਕੀ ਦਾ ਆਟਾ ਪਾ ਕੇ ਭੁੰਨ ਲੈਣਾ। ਫਿਰ ਰੰਬੇ ਨਾਲ ਖਰੋਚ ਕੇ ਥਾਲ ਵਿਚ ਪਾ ਲੈਣਾ। ਇਸ ਨੂੰ ਘਰੋੜਾ ਕਹਿੰਦੇ ਸਨ। ਸਿਆਲ ਦੀ ਰੁੱਤੇ ਰਾਤ ਨੂੰ ਬਿਸਤਰਿਆਂ ਵਿਚ ਬਹਿ ਕੇ ਖਾਣ ਦਾ ਆਨੰਦ ਲੈਣਾ। ਦੇਸੀ ਘਿਓ ਤੇ ਸ਼ੱਕਰ ਦਾ ਖੂਬ ਮੇਲ ਹੁੰਦਾ ਸੀ, ਭਾਵੇਂ ਰੋਟੀ ਨਾਲ, ਭਾਵੇਂ ਚੌਲਾਂ ਨਾਲ ਖਾਣ ਦਾ ਸੁਆਦ ਹੀ ਵੱਖਰਾ ਸੀ। ਮਿੱਠਾ ਸਿਰਕਾ: ਜਦੋਂ ਪੱਤ ਲੱਥਣ ਲਈ ਤਿਆਰ ਹੋ ਜਾਂਦੀ ਸੀ ਤਾਂ ਉਸ ਨੂੰ ਸਿੱਧਾ ਹੀ ਘੜਿਆਂ ਵਿਚ ਪਾ ਕੇ ਉਪਰ ਕੱਪੜਾ ਦੇ ਕੇ ਢੱਕਣ ਬੰਦ ਕਰ ਦੇਈਦਾ ਸੀ। ਮਹੀਨਾ ਭਰ ਉਸੇ ਤਰ੍ਹਾਂ ਪਿਆ ਰਹਿਣ ਪਿੱਛੋਂ ਉਸ ਉਪਰ ਪੇਪੜੀ ਜਿਹੀ ਬੱਝ ਜਾਂਦੀ, ਉਸ ਦੇ ਹੇਠ ਸੰਘਣਾ ਸ਼ੀਰਾ ਤੇ ਉਸ ਦੇ ਹੇਠ ਮਿੱਠਾ ਸਿਰਕਾ ਜੋ ਦਾਣੇਦਾਰ ਖੰਡ ਦੇ ਰੂਪ ਵਿਚ ਖਾਣ ਵਿਚ ਮਜ਼ੇਦਾਰ ਹੁੰਦਾ ਸੀ। ਅੰਬ ਦਾ ਅਚਾਰ, ਸਿਰਕਾ ਤੇ ਘਰ ਦੀ ਲੱਸੀ ਜੱਟਾਂ ਦਾ ਸ਼ਾਹ ਵੇਲੇ ਦਾ ਵਧੀਆ ਭੋਜਨ ਹੁੰਦਾ ਸੀ। ਅੰਗੂਰੀ ਸਿਰਕਾ: ਗੰਨੇ ਦੇ ਰਸ ਨੂੰ ਪੁਣ ਕੇ ਘੜੇ ਵਿਚ ਪਾ ਲੈਣਾ ਤੇ ਧੁੱਪ ਵਿਚ ਰੱਖ ਦੇਣਾ। ਇੱਕੀ ਦਿਨ ਰੋਜ਼ ਇਕ ਵਾਰ ਕੱਪੜੇ ਨਾਲ ਪੁਣਨਾ ਤੇ ਅੰਗੂਰੀ ਸਿਰਕਾ ਤਿਆਰ ਹੋ ਜਾਂਦਾ ਸੀ। ਪਿਆਜ਼ 'ਤੇ ਪਾ ਕੇ ਖਾਓ, ਕਈ ਸਬਜ਼ੀਆਂ ਵਿਚ ਵੀ ਇਸ ਦੀ ਵਰਤੋਂ ਹੁੰਦੀ ਹੈ। ਪਸ਼ੂ ਨੂੰ ਪਿਸ਼ਾਬ ਦਾ ਬੰਨ੍ਹ ਪੈ ਜਾਵੇ ਤਾਂ ਅੰਗੂਰੀ ਸਿਰਕਾ ਦਿੰਦੇ ਹਨ। ਗੁੜ ਸ਼ਗਨ ਵਜੋਂ ਦਿੱਤਾ ਜਾਂਦਾ ਸੀ, ਗੁੜ ਦੀਆਂ ਰਿਉੜੀਆਂ ਲੋਹੜੀ 'ਤੇ ਹਰ ਘਰ ਵਿਚ ਹੁੰਦੀਆਂ ਸਨ। ਬੱਚਿਆਂ ਨੂੰ ਵੀ ਲੋਹੜੀ 'ਤੇ ਗੁੜ ਦਿੱਤਾ ਜਾਂਦਾ ਸੀ। ਥਾਲ: ਪੱਤ ਗੋਤਕੇ ਤਿਆਰ ਹੋ ਜਾਣ ਪਿੱਛੋਂ ਥਾਲਾਂ ਵਿਚ ਘਿਓ ਲਾ ਕੇ ਉਸ ਵਿਚ ਗੁੜ ਪਾ ਦਿੱਤਾ ਜਾਂਦਾ ਸੀ। ਉਸ ਉੱਪਰ ਗਿਰੀ, ਮੇਵਾ, ਸੁੰਢ ਤੇ ਜਵੈਣ ਪਾ ਦੇਣੀ। ਜੰਮਣ ਉਪਰੰਤ ਉਸ ਨੂੰ  ਟੁਕੜੀਆਂ ਵਿਚ ਕੱਟ ਕੇ ਦੂਰ-ਦੁਰੇਡੇ ਰਹਿੰਦੇ ਰਿਸ਼ਤੇਦਾਰਾਂ, ਸੱਜਣਾਂ-ਮਿੱਤਰਾਂ, ਫੌਜੀਆਂ ਨੂੰ ਤੋਹਫ਼ੇ ਵਜੋਂ ਇਹ ਗੁੜ ਦੇਣਾ ਆਮ ਰਿਵਾਜ਼ ਸੀ। ਸਮੇਂ ਦੇ ਬਦਲਦੇ ਰੰਗ ਨਾਲ ਵੇਲਣਿਆਂ 'ਤੇ ਗੁੜ ਕੱਢਣ ਦਾ ਜਿਵੇਂ ਰਿਵਾਜ ਹੀ ਖਤਮ ਹੋ ਗਿਆ। ਲੋਕ ਗੁੜ ਕੱਢ ਕੇ ਵੇਚਣ ਨਾਲੋਂ ਮਿੱਲ 'ਤੇ ਗੰਨਾ ਸੁੱਟਣ ਨੂੰ ਤਰਜੀਹ ਦੇਣ ਲੱਗੇ ਹਨ। ਮਜ਼ਦੂਰਾਂ ਦੀ ਘਾਟ ਕਰਕੇ ਤੇ ਜੱਟਾਂ ਦੇ ਸਿਰੜ ਵਿਚ ਆਈ ਕਮੀ ਕਰਕੇ ਇਹ ਕੰਮ ਪਿੰਡਾਂ ਵਿੱਚੋਂ ਲਗਪਗ ਖਤਮ ਹੀ ਹੋ ਗਿਆ ਹੈ। ਖੰਡ ਪੈਂਤੀ ਰੁਪਏ ਕਿਲੋ ਤੇ ਗੁੜ ਪੰਜਾਹ ਰੁਪਏ, ਸ਼ੱਕਰ ਸੱਠ ਰੁਪਏ ਕਿਲੋ ਵਿਕ ਰਹੀ ਹੈ। ਗੁੜ ਵਪਾਰਕ ਪੱਧਰ 'ਤੇ ਕੁਝ ਵੇਲਣਿਆਂ ਵਾਲੇ (ਉਹ ਵੀ ਬਹੁਤੇ ਜੱਟ ਨਹੀਂ) ਤਿਆਰ ਕਰ ਰਹੇ ਹਨ ਜੋ ਘਰ ਦੇ ਗੁੜ ਵਰਗਾ ਵਧੀਆ ਤੇ ਸੁਆਦ ਵੀ ਨਹੀਂ ਹੁੰਦਾ। ਸ਼ਹਿਰੀ ਤਾਂ ਕਿ ਪਿੰਡਾਂ ਦੇ ਜੱਟ ਵੀ ਹੁੱਬ ਕੇ ਇਹ ਗੁੜ ਮਹਿੰਗੇ ਭਾਅ ਖਰੀਦ ਕੇ ਖਾ ਰਹੇ ਹਨ। ਬੱਚਿਆਂ ਵਾਸਤੇ ਵੇਲਣਾ, ਰਸ, ਗੁੜ, ਸਿਰਕਾ, ਘਰੋੜਾ ਸਭ ਵਿਰਸੇ ਦੀਆਂ ਗੱਲਾਂ ਹੋ ਕੇ ਰਹਿ ਗਈਆਂ ਹਨ। ਜਦੋਂ ਘਰ ਦੇ ਵੇਲਣੇ ਹੁੰਦੇ ਸੀ ਤਾਂ ਟੋਕਰੇ, ਭੜੋਲੇ ਤੇ ਬੋਰੇ ਗੁੜ ਨਾਲ ਭਰੇ ਰਹਿੰਦੇ ਸਨ। ਸਾਰਾ ਸਾਲ ਘਰ ਵਿਚ ਗੁੜ ਦੀ ਖੁੱਲ੍ਹ ਕੇ ਵਰਤੋਂ ਹੁੰਦੀ ਸੀ। ਸਿਆਲ ਵਿਚ ਪਸ਼ੂਆਂ ਨੂੰ ਵੀ ਗੁੜ ਦਿੱਤਾ ਜਾਂਦਾ ਸੀ। ਪਰ ਹੁਣ ਪੰਜਾਹ ਰੁਪਏ ਕਿਲੋ ਵਾਲਾ ਗੁੜ ਤਰਸ-ਤਰਸ ਕੇ ਖਾਣਾ ਪੈਂਦਾ ਹੈ। ਉਹ ਵੀ ਵਧੀਆ ਤੇ ਸੁਆਦੀ ਨਹੀਂ। ਸੋਚਦਾ ਹਾਂ! ਕੀ ਕਦੇ ਉਹ ਸਮੇਂ ਫੇਰ ਆ ਸਕਣਗੇ?

* ਸੰਪਰਕ: 98720-45559

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All