ਫ਼ੌਜੀ ਕੈਂਪ ਤੋਂ ਅਸਲਾ ਚੋਰੀ ਕਰਨ ਵਾਲਾ ਹਰਪ੍ਰੀਤ ਹਸਪਤਾਲ ’ਚੋਂ ਫ਼ਰਾਰ

ਹਰਪ੍ਰੀਤ ਸਿੰਘ ਦੀ ਫ਼ਾਈਲ ਫੋਟੋ।

ਹਰਪ੍ਰੀਤ ਕੌਰ ਹੁਸ਼ਿਆਰਪੁਰ, 14 ਜਨਵਰੀ ਪਿਛਲੇ ਸਾਲ ਦਸੰਬਰ ਮਹੀਨੇ ਮੱਧ ਪ੍ਰਦੇਸ਼ ਦੇ ਪੰਚਮੜੀ ਫ਼ੌਜੀ ਕੈਂਪ ਤੋਂ ਅਸਲਾ ਚੋਰੀ ਕਰਨ ਵਾਲਾ ਹੁਸ਼ਿਆਰਪੁਰ ਦੇ ਮਿਆਣੀ ਪਿੰਡ ਨਾਲ ਸਬੰਧਤ ਹਰਪ੍ਰੀਤ ਸਿੰਘ ਅੱਜ ਤੜਕੇ ਪੁਲੀਸ ਨੂੰ ਚਕਮਾ ਦੇ ਕੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਤੋਂ ਫ਼ਰਾਰ ਹੋ ਗਿਆ। ਹਰਪ੍ਰੀਤ 31 ਦਸੰਬਰ ਤੋਂ ਹਸਪਤਾਲ ਵਿਚ ਦਾਖ਼ਲ ਸੀ। ਡਾਕਟਰਾਂ ਅਨੁਸਾਰ ਉਸ ਦੀ ਬਾਂਹ ਟੁੱਟ ਗਈ ਸੀ। ਸਵੇਰੇ ਲਗਪਗ 4 ਵਜੇ ਉਹ ਕੈਦੀਆਂ ਦੇ ਵਾਰਡ ਦੇ ਸਾਹਮਣੇ ਬਣੇ ਬਾਥਰੂਮ ਵਿਚ ਗਿਆ ਅਤੇ ਵਾਪਸ ਆਉਂਦਿਆਂ ਹੀ ਸੁਰੱਖਿਆ ਕਰਮਚਾਰੀ ਨੂੰ ਧੱਕਾ ਮਾਰ ਕੇ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜ ਗਏ ਤੇ ਹਰਪ੍ਰੀਤ ਨੂੰ ਲੱਭਣ ਲਈ ਰੇਲਵੇ ਸਟੇਸ਼ਨ, ਬੱਸ ਅੱਡੇ ਅਤੇ ਹੋਰ ਥਾਵਾਂ ’ਤੇ ਪੁਲੀਸ ਪਾਰਟੀਆਂ ਭੇਜੀਆਂ ਗਈਆਂ ਪਰ ਕੁਝ ਹਾਸਲ ਨਾ ਹੋਇਆ। ਜਾਣਕਾਰੀ ਅਨੁਸਾਰ ਕੈਦੀ ਵਾਰਡ ’ਚ ਚਾਰ ਪੁਲੀਸ ਕਰਮਚਾਰੀਆਂ ਦੀ ਡਿਊਟੀ ਸੀ ਪਰ ਉਨ੍ਹਾਂ ਵਿਚੋਂ ਦੋ ਹੀ ਹਾਜ਼ਰ ਸਨ। ਕੈਦੀ ਦੇ ਫ਼ਰਾਰ ਹੋਣ ਮਗਰੋਂ ਜ਼ਿਲ੍ਹੇ ਦੇ ਪੁਲੀਸ ਮੁਖੀ ਗੌਰਵ ਗਰਗ ਨੇ ਚਾਰਾਂ ਨੂੰ ਮੁਅੱਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਕਰਮਚਾਰੀਆਂ ਖ਼ਿਲਾਫ਼ ਹੋਰ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਜਗਤਾਰ ਸਿੰਘ ਉਰਫ਼ ਜੱਗਾ ਨੂੰ ਹੁਸ਼ਿਆਰਪੁਰ ਪੁਲੀਸ ਨੇ 9 ਦਸੰਬਰ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ ਫ਼ੌਜੀ ਕੈਂਪ ’ਚੋਂ ਚੋਰੀ ਹੋਇਆ ਅਸਲਾ ਬਰਾਮਦ ਕੀਤਾ ਸੀ। ਜੱਗਾ ਖਾਲਿਸਤਾਨ ਜ਼ਿੰਦਾਬਾਦ ਫ਼ੋਰਸ ਦੇ ਖਾੜਕੂ ਹਰਭਜਨ ਸਿੰਘ ਦਾ ਪੁੱਤਰ ਹੈ। ਹਰਪ੍ਰੀਤ 2015 ਵਿਚ ਫ਼ੌਜ ’ਚ ਭਰਤੀ ਹੋਇਆ ਸੀ ਅਤੇ ਬੈਂਡ ਮੈਨ ਵਜੋਂ ਡਿਊਟੀ ਨਿਭਾਉਂਦਾ ਸੀ। ਬਾਅਦ ਵਿਚ ਉਹ ਡਿਊਟੀ ਤੋਂ ਗ਼ੈਰਹਾਜ਼ਰ ਹੋ ਗਿਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All