ਗ਼ਦਰੀ ਬਾਬਿਆਂ ਦਾ ਇਤਿਹਾਸ ਸਕੂਲਾਂ ’ਚ ਪੜ੍ਹਾਉਣ ਦੀ ਮੰਗ

ਨਿੱਜੀ ਪੱਤਰ ਪ੍ਰੇਰਕ ਜਲੰਧਰ, 15 ਜਨਵਰੀ ਗ਼ਦਰ ਮੈਮੋਰੀਅਲ ਸੁਸਾਇਟੀ ਕੈਨੇਡਾ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਦੇ ਆਗੂਆਂ ਨੇ ਭਾਰਤ ਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਦੇਸ਼ ਦੇ ਸਕੂਲਾਂ ਵਿਚ ਗ਼ਦਰੀ ਯੋਧਿਆਂ ਦਾ ਇਤਿਹਾਸ ਪੜ੍ਹਾਇਆ ਜਾਵੇ। ਗ਼ਦਰ ਮੈਮੋਰੀਅਲ ਸੁਸਾਇਟੀ ਕੈਨੇਡਾ ਦੇ ਆਗੂ ਡਾ. ਗੁਰਵਿੰਦਰ ਸਿੰਘ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਦੇ ਮੁੱਖ ਸੇਵਾਦਾਰ ਭਾਈ ਬਲਵੀਰ ਸਿੰਘ ਨਿੱਝਰ ਨੇ ਕਿਹਾ ਕਿ ਗ਼ਦਰੀ ਬਾਬਿਆਂ ਦੇ ਇਤਿਹਾਸ ਨੂੰ ਸੰਭਾਲਣ ਦਾ ਉਪਰਾਲਾ ਸੰਗਤ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕੇਂਦਰੀ ਸਿੱਖ ਅਜਾਇਬਘਰ ਵਿਚ ਬਾਬਾ ਸੋਹਣ ਸਿੰਘ ਭਕਨਾ ਦੀ ਤਸਵੀਰ ਲਾਉਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਆਗੂਆਂ ਨੇ ਦੱਸਿਆ ਕਿ ਗ਼ਦਰ ਲਹਿਰ ਦੇ ਯੋਧਿਆਂ ਦੀਆਂ ਸ਼ਹੀਦੀਆਂ ਨੂੰ ਕੈਨੇਡਾ ਦੀ ਸਰਕਾਰ ਵੱਲੋਂ ਬਹੁਤ ਮਾਣ ਦਿੱਤਾ ਜਾਂਦਾ ਹੈ। ਸਰੀ ਦੇ ਗੁਰਦੁਆਰੇ ਵਿਚ ਵਿਸ਼ਾਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਤਿਆਰ ਕੀਤੀ ਜਾ ਰਹੀ ਹੈ, ਜਿਸ ਵਿਚ ਗ਼ਦਰੀ ਸਿੱਖ ਬਾਬਿਆਂ ਦਾ ਇਤਿਹਾਸ ਤੇ ਯਾਦਗਾਰਾਂ ਸਾਂਭੀਆਂ ਜਾਣਗੀਆਂ। ਹੋਰ ਸਿੱਖ ਇਤਿਹਾਸ ਦੇ ਨਾਇਕਾਂ ਦੀਆਂ ਤਸਵੀਰਾਂ ਵੀ ਮਿਊਜ਼ੀਅਮ ਦਾ ਸ਼ਿੰਗਾਰ ਬਣਨਗੀਆਂ। ਬੁੱਧੀਜੀਵੀਆਂ ਦੀ ਕਾਨਫਰੰਸ ਲਈ ਆਡੀਟੋਰੀਅਮ ਸਥਾਪਤ ਕੀਤਾ ਜਾ ਰਿਹਾ ਹੈ। ਇਸ ਮੌਕੇ ਸਿੱਖ ਚਿੰਤਕ ਮਹਿੰਦਰ ਸਿੰਘ ਮਹਿਸਮਪੁਰ ਅਤੇ ਪ੍ਰੋ. ਬਲਵਿੰਦਰਪਾਲ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਨੇ ਮੰਗ ਕੀਤੀ ਕਿ ਦੇਸ਼ ਭਗਤਾਂ ਤੇ ਗ਼ਦਰੀ ਬਾਬਿਆਂ ਦਾ ਇਤਿਹਾਸ ਸਕੂਲਾਂ ਦੇ ਸਿਲੇਬਸ ਵਿਚ ਸ਼ਾਮਲ ਕੀਤਾ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All