ਗ਼ਦਰੀ ਬਾਬਾ ਜਲਾਲਦੀਵਾਲ ਦੀ ਯਾਦ ਵਿਚ ਮੇਲਾ ਤੇ ਕੈਂਪ

ਪੱਤਰ ਪ੍ਰੇਰਕ ਰਾਏਕੋਟ,29 ਦਸੰਬਰ ਦੇਸ਼ ਭਗਤ ਗਦਰੀ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਦੀ 44ਵੀਂ ਬਰਸੀ ਦੇ ਮੌਕੇ ਅੱਜ ਪਿੰਡ ਜਲਾਲਦੀਵਾਲ ਵਿਖੇ ‘ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ’ ਵੱਲੋਂ ‘ਮੇਲਾ ਗਦਰੀ ਬਾਬਿਆਂ ਦਾ’ ਕਰਵਾਇਆ ਗਿਆ। ਇਸ ਮੌਕੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਫਾਊਂਡੇਸ਼ਨ ਵਲੋਂ ਅੱਖਾਂ ਤੇ ਦੰਦਾਂ ਦੀ ਜਾਂਚ ਅਤੇ ਖੂਨ ਦਾਨ ਦੇ ਕੈਂਪ ਲਗਾਏ ਗਏ। ਇਸ ਮੌਕੇ 300 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਅਤੇ ਦੰਦਾਂ ਦੀ ਜਾਂਚ ਲੁਧਿਆਣਾ ਦੇ ਸੀ.ਐਮ.ਸੀ. ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਕੀਤੀ, ਜਿਸ ਦੌਰਾਨ 20 ਵਿਅਕਤੀਆਂ ਦੇ ਅੱਖਾਂ ’ਚ ਮੁਫਤ ਲੈਂਜ਼ ਪਾਏ ਗਏ। ਖੂਨ ਦਾਨ ਕੈਂਪ ’ਚ ਮੁਟਿਆਰਾਂ ਨੇ ਸਭ ਤੋਂ ਵੱਧ ਉਤਸ਼ਾਹ ਦਿਖਾਇਆ ਅਤੇ ਸਵੈਇੱਛਾ ਨਾਲ ਖੂਨ ਦਾਨ ਕੀਤਾ। ਕੈਂਪ ਵਿਚ ਇਕ ਸੌ ਗਿਆਰਾਂ ਯੂਨਿਟ ਖੂਨ ਦਾਨ ਕੀਤਾ ਗਿਆ। ਮੇਲੇ ’ਚ ਪੁੱਜੇ ਚਰਨ ਸਿੰਘ ਵਿਰਦੀ ਸਕੱਤਰ ਪੰਜਾਬ ਸੀ.ਪੀ.ਐਮ., ਕਾ.  ਜਗਰੂਪ ਸਿੰਘ ਕੌਮੀ ਮੈਂਬਰ ਸੀ.ਪੀ.ਆਈ., ਕਾ. ਕਰਤਾਰ ਸਿੰਘ ਬੁਆਣੀ ਜ਼ਿਲ੍ਹਾ ਸਕੱਤਰ ਸੀ.ਪੀ.ਆਈ. ਸੁਖਵਿੰਦਰ ਸਿੰਘ ਸੇਖੋਂ ਜ਼ਿਲ੍ਹਾ ਸਕੱਤਰ, ਮਲਕੀਤ ਸਿੰਘ ਵਜੀਦਕੇ ਜਮਹੂਰੀ ਕਿਸਾਨ ਸਭਾ, ਗੁਰਦੀਪ ਮੋਤੀ ਪ੍ਰਧਾਨ ਪੰਜਾਬ ਰੋਡਵੇਜ਼ ਏਟਕ ਅਤੇ ਗੁਰਚੇਤ ਚਿੱਤਰਕਾਰ ਆਗੂਆਂ ਨੇ ਬਾਬਾ ਦੁੱਲਾ ਸਿੰਘ ਦੇ ਜੀਵਨ ਸਬੰਧੀ ਜਾਣਕਾਰੀ  ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਕੌਮ ਦੀ ਸੇਵਾ ਨੂੰ ਅਰਪਿੱਤ ਕਰ ਦਿੱਤੀ ਅਤੇ ਨਿਰਸਵਾਰਥ ਦੇਸ਼ ਦੀ ਸੇਵਾ ਕੀਤੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਅੱਜ ਦੇ ਨੇਤਾ ਲਾਲਚ ਨੂੰ ਮੁੱਖ ਰਖਦੇ ਹੋਏ ਦੇਸ਼ ਦੀ ਜਨਤਾ, ਮਜ਼ਦੂਰਾਂ, ਕਿਸਾਨਾਂ, ਛੋਟੇ ਕਾਰੋਬਾਰੀਆਂ ਅਤੇ ਮਿਹਨਤਕਸ਼ਾਂ ਨੂੰ ਵਿਸਾਰ ਕੇ ਸਾਮਰਾਜੀਆਂ ਦੇ ਪਿਛਲੱਗ ਬਣ ਕੇ ਆਪਣੀਆਂ ਤਿਜੋਰੀਆਂ ਭਰਨ ਲੱਗੇ ਹੋਏ ਹਨ।  ਇਸ ਮੌਕੇ ਚੇਤਨਾ ਕਲਾ ਕੇਂਦਰ ਬਰਨਾਲਾ ਦੇ ਉÎੱਘੇ ਨਾਟਕਕਾਰ ਹਰਵਿੰਦਰ ਦੀਵਾਨਾ ਦੀ ਟੀਮ ਨੇ ਇਨਕਲਾਬੀ ਨਾਟਕ ਖੇਡੇ ਤੇ ਕੋਰੀਓਗ੍ਰਾਫੀ ਪੇਸ਼ ਕੀਤੀ।  ਫਾਊਂਡੇਸ਼ਨ ਦੇ ਡਾਇਰੈਕਟਰ ਅਤੇ ਨੌਜਵਾਨ ਆਗੂ ਡਾ. ਹਰਮਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਦੇਸ਼ ਦਾ ਨੌਜਵਾਨ ਵਰਗ ਸੁਚੇਤ ਹੋ ਰਿਹਾ ਹੈ ਅਤੇ ਲੋੜ ਹੈ ਉਸ ਨੂੰ ਸਹੀ ਸੇਧ ਦੇਣ ਦੀ। ਉਨ੍ਹਾਂ ਆਪਣੇ ਪਿੰਡ ’ਚ ਨੌਜਵਾਨਾਂ ਵਲੋਂ ਕੀਤੇ ਸਮਾਜ ਭਲਾਈ ਦੇ ਕਾਰਜਾਂ ਦਾ ਹਵਾਲਾ ਦਿੰਦੇ ਹੋਏ ਇਸ ਤੋਂ ਪ੍ਰੇਰਣਾ ਲੈਣ ਦੀ ਗੱਲ ਕਹੀ। ਕਾ. ਸੁਰਿੰਦਰ ਸਿੰਘ ਨੇ ਫਾਊਂਡੇਸ਼ਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All