ਸੋਸ਼ਲ ਮੀਡੀਏ ’ਤੇ ਵਾਇਰਲ ਆਡੀਓ ਨੇ ਡਾਕਟਰ ਨੂੰ ਵਖ਼ਤ ਪਾਇਆ

ਟ੍ਰਿਬਿਊਨ ਨਿਊਜ਼ ਸਰਵਿਸ ਕੋਟਕਪੂਰਾ, 24 ਮਾਰਚ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਆਡੀਓ ਨੇ ਅੱਜ ਪੂਰਾ ਦਿਨ ਡਾਕਟਰ ਨੂੰ ਵਖ਼ਤ ਪਾਈ ਰੱਖਿਆ। ਇਸ ਆਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਡਾਕਟਰ ਨੂੰ ਕਰੋਨਾਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਡਾਕਟਰ ਦਾ ਹਸਪਤਾਲ ਸੀਲ ਕਰ ਦਿੱਤਾ ਗਿਆ ਹੈ। ਇਸ ਵਿਚ ਇਹ ਵੀ ਦੱਸਿਆ ਗਿਆ ਕਿ ਹਸਪਤਾਲ ਦਾ ਸਾਰਾ ਸਟਾਫ ਫਰਾਰ ਹੋ ਚੁੱਕਿਆ ਹੈ। ਇਸ ਆਡੀਓ ਨਾਲ ਇਕੱਲੇ ਕੋਟਕਪੂਰੇ ਅੰਦਰ ਹੀ ਨਹੀਂ ਸਗੋਂ ਪੰਜਾਬ ਵਿੱਚ ਚਰਚਾ ਛਿੜ ਗਈ ਹੈ। ਇਸ ਤੋਂ ਬਾਅਦ ਉਕਤ ਹਸਪਤਾਲ ਦੇ ਡਾਕਟਰ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਵੀਡੀਓ ਪੋਸਟ ਕਰਕੇ ਇਸ ਆਡੀਓ ਨੂੰ ਝੂਠਾ ਦੱਸਦਿਆਂ ਸਥਿਤੀ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਪੱਤਰਕਾਰਾਂ ਨੇ ਇਸ ਡਾਕਟਰ ਦੇ ਸਥਾਨਕ ਜੈਤੋ ਰੋਡ ’ਤੇ ਸਥਿਤ ਬੱਚਿਆਂ ਦੇ ਹਸਪਤਾਲ ਵਿਚ ਪਹੁੰਚ ਕੇ ਆਡੀਓ ਦੀ ਸਚਾਈ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਅਜਿਹੀ ਕੋਈ ਗੱਲ ਨਹੀਂ। ਹਸਪਤਾਲ ’ਚ ਬੱਚਿਆਂ ਦੇ ਮਾਹਿਰ ਡਾਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਹਸਪਤਾਲ ਦੇ ਸੰਚਾਲਕ ਡਾ. ਰਵੀ ਬਾਂਸਲ ਬਿਲਕੁਲ ਤੰਦਰੁਸਤ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਕੁੱਝ ਦਿਨ ਪਹਿਲਾਂ ਡਾਕਟਰ ਤੇ ਉਨ੍ਹਾਂ ਦੀ ਧੀ ਵਿਦੇਸ਼ ਤੋਂ ਪਰਤੇ ਹਨ ਜੋ ਸਿਹਤ ਵਿਭਾਗ ਦੀ ਸਲਾਹ ਤਹਿਤ ਇਕਾਂਤ ਵਿੱਚ ਰਹਿ ਰਹੇ ਹਨ। ਡਾ. ਰਵੀ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਪੁਲੀਸ ਤੇ ਸਿਹਤ ਵਿਭਾਗ ਫ਼ਰੀਦਕੋਟ ਨੂੰ ਲਿਖਤੀ ਸ਼ਿਕਾਇਤ ਭੇਜ ਕਰਕੇ ਝੂਠੀ ਵੀਡੀਓ ਬਾਰੇ ਕਾਰਵਾਈ ਦੀ ਮੰਗ ਕੀਤੀ ਹੈ। ਐੱਸ.ਐੱਸ.ਪੀ.ਮਨਜੀਤ ਸਿੰਘ ਢੇਸੀ ਨੇ ਆਖਿਆ ਕਿ ਇਹ ਆਡੀਓ ਪ੍ਰਸ਼ਾਸਨ ਤੱਕ ਵੀ ਪਹੁੰਚਿਆ ਹੈ ਜਿਸ ਦੀ ਜਾਂਚ ਕੀਤੀ ਜਾਵੇਗੀ। ਸਿਹਤ ਵਿਭਾਗ ਵੱਲੋਂ ਡਾਕਟਰ ਦੀ ਜਾਂਚ ਤੇ ਪੁਲੀਸ ਵਿਭਾਗ ਵੱਲੋਂ ਆਡੀਓ ਵਾਇਰਲ ਹੋਣ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All