ਸੁਖਪਾਲ ਖਹਿਰਾ ਪੱਖੀ ‘ਆਪ’ ਵਿਧਾਇਕਾਂ ਦੀ ਸੁਰ ਬਦਲੀ

ਹਰਪਾਲ ਸਿੰਘ ਚੀਮਾ

ਚਰਨਜੀਤ ਭੁੱਲਰ ਬਠਿੰਡਾ, 11 ਫਰਵਰੀ ਪੰਜਾਬ ਏਕਤਾ ਪਾਰਟੀ ਨਾਲ ਜੁੜੇ ‘ਆਪ’ ਦੇ ਵਿਧਾਇਕਾਂ ਦੇ ਦਿੱਲੀ ਚੋਣਾਂ ਮਗਰੋਂ ਹੁਣ ਸੁਰ ਬਦਲੇ ਜਾਪਦੇ ਹਨ। ਸੁਖਪਾਲ ਖਹਿਰਾ ਨਾਲ ਜੁੜੇ ਵਿਧਾਇਕਾਂ ਨੂੰ ਇਸ ਗੱਲੋਂ ਖੁਸ਼ੀ ਹੈ ਕਿ ਦਿੱਲੀ ਚੋਣਾਂ ਵਿੱਚ ਕੰਮਾਂ ਦਾ ਮੁੱਲ ਪਿਆ ਹੈ ਅਤੇ ਫਿਰਕੂ ਤਾਕਤਾਂ ਨੂੰ ਲੋਕਾਂ ਨੇ ਨਕਾਰਿਆ ਹੈ। ਚੋਣਾਂ ’ਚ ਵੱਡੀ ਜਿੱਤ ਮਗਰੋਂ ਪੰਜਾਬ ’ਚ ਨਵੇਂ ਸਮੀਕਰਨ ਬਣਦੇ ਲੱਗਦੇ ਹਨ। ਸੰਭਵ ਹੈ ਕਿ ‘ਆਪ’ ਲੀਡਰਸ਼ਿਪ ’ਚ ਜੋ ਪੰਜਾਬ ’ਚ ਖਿਲਾਰਾ ਪਿਆ ਹੋਇਆ ਹੈ, ਉਹ ਮੁੜ ਇਕੱਠਾ ਹੋ ਜਾਵੇ। ‘ਆਪ’ ਵਾਲੰਟੀਅਰ ਵੀ ਇੱਛੁਕ ਹਨ ਕਿ ਸਭ ਆਗੂ ਇੱਕਜੁੱਟ ਹੋਣ। ਪਾਰਟੀ ਤੋਂ ਦੂਰ ਹੋਏ ‘ਆਪ’ ਵਿਧਾਇਕਾਂ ਦੀ ਮੰਗ ਹੈ ਕਿ ਅਰਵਿੰਦ ਕੇਜਰੀਵਾਲ ਹੁਣ ਖੁਦ ਪੰਜਾਬ ’ਚ ਦਖ਼ਲ ਦੇਣ।

ਪਿਰਮਲ ਸਿੰਘ ਧੌਲਾ

ਹਲਕਾ ਮੌੜ ’ਤੇ ‘ਆਪ’ ਵਿਧਾਇਕ ਜਗਦੇਵ ਸਿੰਘ ਕਮਾਲੂ ਆਖਦੇ ਹਨ ਕਿ ਜੇਕਰ ‘ਆਪ’ ਲੀਡਰਸ਼ਿਪ ਮਾਣ ਸਤਿਕਾਰ ਨਾਲ ਬੁਲਾਏਗੀ ਤਾਂ ਉਹ ਨਾਲ ਚੱਲਣ ਨੂੰ ਤਿਆਰ ਹਨ। ਵਖਰੇਵੇਂ ਦੂਰ ਕਰਨੇ ਹੁਣ ਸਮੇਂ ਦੀ ਲੋੜ ਹੈ ਅਤੇ ਇੱਕਮੁੱਠਤਾ ਹੋਵੇ ਤਾਂ ਇਹ ਚੰਗੀ ਸ਼ੁਰੂਆਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸਿਆਸੀ ਪਿੜ ਜਿੱਤਣਾ ਆਪਸੀ ਏਕੇ ਨਾਲ ਹੀ ਸੰਭਵ ਹੈ। ਉਹ ਕਦੇ ਵੀ ਏਕੇ ਦੀ ਗੱਲ ਤੋਂ ਇਨਕਾਰੀ ਨਹੀਂ ਹੋਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਚੋਣਾਂ ਵਿੱਚ ‘ਆਪ’ ਵੱਲੋਂ ਕੀਤੇ ਕੰਮਾਂ ਦੀ ਜਿੱਤ ਹੋਈ ਹੈ ਅਤੇ ਲੋਕਾਂ ਨੇ ਵਿਕਾਸ ਨੂੰ ਮਾਨਤਾ ਦੇ ਕੇ ਪਾਰਟੀ ਦੀ ਨੀਤੀ ’ਤੇ ਮੋਹਰ ਲਾਈ ਹੈ। ਪੰਜਾਬ ਵਿਚ ਸਰਮਾਏਦਾਰ ਜੁੰਡਲੀ ਭਾਰੂ ਹੈ, ਜਿਸ ਨੂੰ ਮਾਤ ਦੇਣ ਲਈ ਏਕਤਾ ਜ਼ਰੂਰੀ ਹੈ। ਹਲਕਾ ਭਦੌੜ ਤੋਂ ‘ਆਪ’ ਵਿਧਾਇਕ ਪਿਰਮਲ ਸਿੰਘ ਧੌਲਾ ਦਾ ਕਹਿਣਾ ਸੀ ਕਿ ਦਿੱਲੀ ਚੋਣਾਂ ਵਿੱਚ ‘ਆਪ’ ਸਰਕਾਰ ਦੇ ਕੰਮਾਂ ਨੂੰ ਫਤਵਾ ਮਿਲਿਆ ਹੈ ਅਤੇ ਫਿਰਕਾਪ੍ਰਸਤੀ ਦੀ ਹਾਰ ਹੋਈ ਹੈ। ਵਿਧਾਇਕ ਨੇ ਕਿਹਾ ਕਿ ਕੁਝ ਸਮਾਂ ਤਾਂ ਇਨ੍ਹਾਂ ਚੋਣਾਂ ਦਾ ਅਸਰ ਪੰਜਾਬ ਵਿੱਚ ਵੀ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਦਿਆਂ ਅਤੇ ਜ਼ਮੀਨੀ ਹਕੀਕਤ ਨੂੰ ਸਮਝੇ ਜਾਣ ਦੀ ਲੋੜ ਹੈ ਅਤੇ ਅਜਿਹੀ ਲੀਡਰਸ਼ਿਪ ਦੇਣ ਦੀ ਲੋੜ ਹੈ, ਜੋ ਲੋਕਾਂ ਦੇ ਭਰੋਸੇ ਤੇ ਖਰੀ ਉਤਰ ਸਕੇ। ਪਿਰਮਲ ਧੌਲਾ ਨੇ ਕਿਹਾ ਕਿ ਪੰਜਾਬ ਹਿਤੈਸ਼ੀ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਜੇਕਰ ਲੋਕ ਭਰੋਸਾ ਜਿੱਤਣ ਵਿਚ ਪਾਰਟੀ ਕਾਮਯਾਬ ਹੁੰਦੀ ਹੈ ਤਾਂ ਪੰਜਾਬ ਵਿੱਚ ਮਾਹੌਲ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਹੁਣ ਪੰਜਾਬ ’ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਦਾਖਲ ਦੇ ਕੇ ਪੰਜਾਬ ਦੀ ਲੀਡਰਸ਼ਿਪ ਵਿਚਲੇ ਖਿਲਾਰੇ ਨੂੰ ਇਕੱਠਾ ਕਰਨਾ ਚਾਹੀਦਾ ਹੈ।

ਜਗਦੇਵ ਸਿੰਘ ਕਮਾਲੂ

ਪਿਰਮਲ ਧੌਲਾ ਨੇ ਕਿਹਾ ਕਿ ਉਦੋਂ ਅਰਵਿੰਦ ਕੇਜਰੀਵਾਲ ਨੇ ਧਿਆਨ ਨਹੀਂ ਦਿੱਤਾ, ਜਿਸ ਕਰਕੇ ਪੰਜਾਬ ਵਿਚ ਨੁਕਸਾਨ ਹੋਇਆ। ਪੰਜਾਬ ਵਿੱਚ ਪਾਰਟੀ ਦੀ ਵਿਚਾਰਧਾਰਾ ਨੂੰ ਬਹਾਲ ਕੀਤੇ ਜਾਣ ਦੀ ਲੋੜ ਹੈ। ਰਾਏਕੋਟ ਤੋਂ ‘ਆਪ’ ਵਿਧਾਇਕ ਜਗਤਾਰ ਸਿੰਘ ਜੱਗਾ ਨਾਲ ਸੰਪਰਕ ਕੀਤਾ ਪ੍ਰੰਤੂ ਉਨ੍ਹਾਂ ਦੇ ਸਹਾਇਕ ਨੇ ਫੋਨ ਹੀ ਬੰਦ ਕਰ ਲਿਆ। ਪਤਾ ਲੱਗਾ ਹੈ ਕਿ ਵੱਖਰਾ ਪੈਂਤੜਾ ਲੈਣ ਵਾਲੇ ਹੋਰ ਵਿਧਾਇਕਾਂ ਨੇ ਵੀ ਸੋਸ਼ਲ ਮੀਡੀਆ ’ਤੇ ਵੀ ਆਪਣੀ ਨਰਮ ਸੁਰ ਰੱਖੀ ਹੈ। ਦਿੱਲੀ ਚੋਣਾਂ ਦੀ ਜਿੱਤ ਨੇ ਪੰਜਾਬ ਦੇ ‘ਆਪ’ ਵਿਧਾਇਕਾਂ ਨੂੰ ਵੀ ਤਾਕਤ ਬਖ਼ਸ਼ੀ ਹੈ ਜਿਨ੍ਹਾਂ ਨੇ ਅੱਜ ਆਪੋ ਆਪਣੇ ਹਲਕਿਆਂ ਵਿਚ ਲੱਡੂ ਵੰਡੇ ਹਨ। ਮੰਡੀ ਕਲਾਂ ਵਿਚ ਅੱਜ ‘ਆਪ’ ਆਗੂ ਨਿਰਮਲ ਸਿੰਘ ਨਾਜ਼ ਨੇ ਲੱਡੂ ਵੰਡੇ ਹਨ।

ਸਭਨਾਂ ਦੇ ਸ਼ਿਕਵੇ ਦੂਰ ਕਰਾਂਗੇ: ਚੀਮਾ ਵਿਰੋਧੀ ਧਿਰ ਦੇ ਨੇਤਾ ਅਤੇ ‘ਆਪ’ ਵਿਧਾਇਕ ਹਰਪਾਲ ਸਿੰਘ ਚੀਮਾ ਦਾ ਕਹਿਣਾ ਸੀ ਕਿ ਜਿਨ੍ਹਾਂ ਵਿਧਾਇਕਾਂ ਦੇ ਕੋਈ ਮਨ-ਮੁਟਾਵ ਸਨ, ਹੁਣ ਉਨ੍ਹਾਂ ਨੂੰ ਦੂਰ ਕਰਨ ’ਤੇ ਧਿਆਨ ਦਿੱਤਾ ਜਾਵੇਗਾ ਕਿਉਂਕਿ ਉਹ ਵੀ ਸਾਡੇ ਭਰਾ ਹਨ। ਉਨ੍ਹਾਂ ਕਿਹਾ ਕਿ ਸਭਨਾਂ ਨੂੰ ਨਾਲ ਜੋੜਿਆ ਜਾਵੇਗਾ ਅਤੇ ਮਿਲ ਬੈਠ ਕੇ ਗਿਲੇ ਸ਼ਿਕਵੇ ਦੂਰ ਕਰ ਲਏ ਜਾਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All