ਸੀਏਏ ਦੇ ਸਮਰਥਨ ਵਿਚ ਚੇਤਨਾ ਮਾਰਚ

ਰਾਸ਼ਟਰੀ ਏਕਤਾ ਮੰਚ ਦੀ ਅਗਵਾਈ ਹੇਠ ਸੀਏਏ ਦੇ ਸਮਰਥਨ ’ਚ ਚੇਤਨਾ ਮਾਰਚ ਕੱਢਦੇ ਹੋਏ ਵਰਕਰ।

ਗੁਰਦੀਪ ਸਿੰਘ ਲਾਲੀ ਸੰਗਰੂਰ, 16 ਜਨਵਰੀ ਕੇਂਦਰ ਸਰਕਾਰ ਵੱਲੋਂ ਦੇਸ਼ ਵਿਚ ਲਾਗੂ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਰਾਸ਼ਟਰੀ ਏਕਤਾ ਮੰਚ ਦੀ ਅਗਵਾਈ ਹੇਠ ਸ਼ਹਿਰ ਵਿਚ ਚੇਤਨਾ ਮਾਰਚ ਕੱਢਿਆ ਗਿਆ, ਜਿਸ ਵਿਚ ਆਰਐੱਸਐੱਸ ਅਤੇ ਭਾਜਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ। ਚੇਤਨਾ ਮਾਰਚ ਵਿਚ ਵਿੱਦਿਆ ਭਾਰਤੀ ਸਿੱਖਿਆ ਸੰਸਥਾਨ ਦੇ ਖੇਤਰੀ ਸੰਗਠਨ ਮੰਤਰੀ ਵਿਜੇ ਨੱਢਾ ਸ਼ਾਮਲ ਹੋਏ। ਸਥਾਨਕ ਮਾਤਾ ਨੈਣਾ ਦੇਵੀ ਮੰਦਰ ਕੰਪਲੈਕਸ ਤੋਂ ਸ਼ੁਰੂ ਹੋਇਆ ਚੇਤਨਾ ਮਾਰਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਵਾਪਸ ਮੰਦਰ ਕੰਪਲੈਕਸ ਪੁੱਜ ਕੇ ਖਤਮ ਹੋਇਆ। ਇਸ ਮੌਕੇ ਵਿਜੇ ਨੱਢਾ ਨੇ ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰਨ ’ਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਸਹੀ ਦਿਸ਼ਾ ਵਿਚ ਅੱਗੇ ਵਧ ਰਹੀ ਹੈ, ਜਿਸ ਕਾਰਨ ਦੇਸ਼ ਵਿਚ ਸੀਏਏ ਨੂੰ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਏਏ 1950 ਵਿਚ ਹੀ ਲਾਗੂ ਹੋ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਲੋਕ ਅਗਿਆਨਤਾ ਕਾਰਨ ਸੀਏਏ ਦਾ ਵਿਰੋਧ ਕਰ ਰਹੇ ਹਨ। ਕੁਝ ਸਿਆਸੀ ਪਾਰਟੀਆਂ ਵੋਟਾਂ ਦੀ ਰਾਜਨੀਤੀ ਕਰ ਕੇ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ। ਸ੍ਰੀ ਨੱਢਾ ਨੇ ਕਿਹਾ ਕਿ ਪਿਛਲੇ 20 ਦਿਨਾਂ ਤੋਂ ਦੇਸ਼ ਭਰ ਵਿਚ ਮੰਚ ਵੱਲੋਂ ਸੀਏਏ ਦੇ ਸਮਰਥਨ ਵਿਚ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੀਏਏ ਸਾਰੇ ਰਾਜਾਂ ਨੂੰ ਲਾਗੂ ਕਰਨਾ ਹੀ ਹੋਵੇਗਾ। ਚੇਤਨਾ ਮਾਰਚ ਵਿਚ ਐਡਵੋਕੇਟ ਰਾਜਪਾਲ ਸਿੰਗਲਾ, ਨਰਿੰਦਰ ਕੁਮਾਰ, ਸਰਜੀਵਨ ਜਿੰਦਲ, ਰਣਦੀਪ ਦਿਉਲ, ਅੰਮ੍ਰਿਤ ਲਾਲ ਗੋਇਲ, ਅਨਿਲ ਕੁਮਾਰ ਗਰਗ, ਰਾਕੇਸ਼ ਕੁਮਾਰ ਆਦਿ ਸ਼ਾਮਲ ਸਨ।

ਮਾਰਚ ਦਾ ਯੂਥ ਕਾਂਗਰਸ ਵੱਲੋਂ ਵਿਰੋਧ

ਸੀਏਏ, ਐੱਨਆਰਸੀ ਅਤੇ ਐੱਨਪੀਆਰ ਦੇ ਹੱਕ ਵਿਚ ਅੱਜ ਆਰਐੱਸਐੱਸ, ਭਾਜਪਾ ਆਦਿ ਵੱਲੋਂ ਸ਼ਹਿਰ ਵਿਚ ਕੱਢੇ ਗਏ ਮਾਰਚ ਦਾ ਯੂਥ ਕਾਂਗਰਸ ਨੇ ਡਟਵਾਂ ਵਿਰੋਧ ਕੀਤਾ ਹੈ। ਵਿਧਾਨ ਸਭਾ ਯੂਥ ਕਾਂਗਰਸ ਸੰਗਰੂਰ ਦੇ ਪ੍ਰਧਾਨ ਸਾਜਨ ਕਾਂਗੜਾ ਦੀ ਅਗਵਾਈ ਹੇਠ ਯੂਥ ਕਾਂਗਰਸੀਆਂ ਨੇ ਸਥਾਨਕ ਸਲੱਮ ਖੇਤਰ ਵਿਚ ਦਲਿਤਾਂ ਨੂੰ ਇਨ੍ਹਾਂ ਕਾਲੇ ਕਾਨੂੰਨਾਂ ਦਾ ਖੁੱਲ੍ਹ ਕੇ ਵਿਰੋਧ ਕਰਨ ਲਈ ਲਾਮਬੰਦ ਕੀਤਾ। ਇਸ ਮੌਕੇ ਯੂਥ ਕਾਂਗਰਸੀਆਂ ਨੇ ਕੇਂਦਰ ਸਰਕਾਰ ਅਤੇ ਆਰਐੱਸਐੱਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਾਜਨ ਕਾਂਗੜਾ ਨੇ ਕਿਹਾ ਕਿ ਲੋਕਾਂ ਦੇ ਵਿਰੋਧ ਦੇ ਬਾਵਜੂਦ ਆਰਐੱਸਐੱਸ ਅਤੇ ਭਾਜਪਾ ਇਨ੍ਹਾਂ ਕਾਨੂੰਨਾਂ ਨੂੰ ਜਬਰਨ ਲਾਗੂ ਕਰ ਕੇ ਦੇਸ਼ ਦਾ ਮਹੌਲ ਖ਼ਰਾਬ ਕਰਨਾ ਚਾਹੁੰਦੀਆ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All