ਸਿਹਤ ਮੰਤਰੀ ਵੱਲੋਂ ਬੇਰੁਜ਼ਗਾਰ ਹੈਲਥ ਵਰਕਰਾਂ ਨਾਲ ਮੀਟਿੰਗ

ਖੇਤਰੀ ਪ੍ਰਤੀਨਿਧ ਪਟਿਆਲਾ, 15 ਜਨਵਰੀ ਲੋਹੜੀ ਵਾਲੇ ਦਿਨ ਮੁੱਖ ਮੰਤਰੀ ਦੇ ਮਹਿਲ ਤੱਕ ਦਸਤਕ ਦੇਣ ਮੌਕੇ ਅਧਿਕਾਰੀਆਂ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਦੀ ਅੱਜ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਅਤੇ ਸਿਹਤ ਵਿਭਾਗ ਦੇ ਡਾਇਰੈਕਟਰ ਨਾਲ ਮੀਟਿੰਗ ਕਰਵਾਈ ਗਈ। ਇਸ ਦੌਰਾਨ ਉਨ੍ਹਾਂ ਦੀ ਭਰਤੀ ਸਬੰਧੀ ਇਸ਼ਤਿਹਾਰ ਜਲਦੀ ਜਾਰੀ ਕਰਨ ਦਾ ਭਰੋਸਾ ਦਿਵਾਇਆ ਗਿਆ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵਿਚ ਭਰਤੀ ਦੀ ਮੰਗ ਸਬੰਧੀ ਇਹ ਵਰਕਰ 29 ਦਸੰਬਰ ਤੋਂ ਇੱਥੇ ਪੱਕਾ ਧਰਨਾ ਲਾ ਕੇ ਬੈਠੇ ਹਨ। ਇਸ ਦੌਰਾਨ ਹੀ ਉਨ੍ਹਾਂ ਨੇ 13 ਜਨਵਰੀ ਨੂੰ ਗੁਪਤ ਤਰੀਕੇ ਨਾਲ ਮੋਤੀ ਮਹਿਲ ਪੁੱਜਣ ਦਾ ਐਲਾਨ ਕੀਤਾ ਹੋਇਆ ਸੀ ਪਰ ਇਸ ਤੋਂ ਪਹਿਲਾਂ ਹੀ ਸਥਾਨਕ ਪੁਲੀਸ ਤੇ ਸਿਵਲ ਪ੍ਰਸ਼ਾਸਨ ਨਾਲ ਹੋਈ ਗੱੱਲਬਾਤ ਦੌਰਾਨ ਉਨ੍ਹਾਂ ਦੀ ਜਲਦੀ ਸਿਹਤ ਮੰਤਰੀ ਨਾਲ ਮੁਲਾਕਾਤ ਦਾ ਵਾਅਦਾ ਕੀਤਾ ਗਿਆ। ਇਸੇ ਤਹਿਤ ਹੀ ਅੱਜ ਇਹ ਮੀਟਿੰਗ ਹੋਈ ਹੈ। ਚੰਡੀਗੜ੍ਹ ਵਿਚ ਹੋਈ ਇਸ ਮੀਟਿੰਗ ਮਗਰੋਂ ਪਟਿਆਲਾ ਵਿਚ ਧਰਨੇ ’ਚ ਪਰਤੇ ਜਗਦੀਪ ਸਿੰਘ, ਦਵਿੰਦਰ ਸਿੰਘ ਅਤੇ ਜਸਮੇਲ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਖੁਸ਼ਗਵਾਰ ਮਾਹੌਲ ਵਿਚ ਹੋਈ ਹੈ। ਇਸ ਦੌਰਾਨ ਵਫ਼ਦ ਨੇ ਮੰਤਰੀ ਨੂੰ ਮੰਗ ਪੱਤਰ ਵੀ ਦਿੱਤਾ। ਉਨ੍ਹਾਂ ਕਿਹਾ ਕਿ ਭਰੋਸੇ ਅਨੁਸਾਰ ਜੇ ਕੁਝ ਦਿਨਾਂ ਤੱਕ ਇਸ਼ਤਿਹਾਰ ਜਾਰੀ ਨਾ ਕੀਤਾ ਗਿਆ ਤਾਂ ਉਹ ਮੁੜ ਕੋਈ ਵੱਡਾ ਪ੍ਰੋਗਰਾਮ ਉਲੀਕਣ ਲਈ ਮਜਬੂਰ ਹੋਣਗੇ। ਯੂਨੀਅਨ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਇਸ਼ਤਿਹਾਰ ਜਾਰੀ ਹੋਣ ਤੱਕ ਪਟਿਆਲਾ ਵਿਚਲਾ ਧਰਨਾ ਜਾਰੀ ਰਹੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All