ਸਿਆਸੀ ਦਖਲ ਕਾਰਨ ਗੜ੍ਹਸ਼ੰਕਰ-ਆਨੰਦਪੁਰ ਸਾਹਿਬ ਸੜਕ ਦਾ ਕੰਮ ਲਟਕਣ ਦਾ ਖਦਸ਼ਾ

ਕਾਹਨਪੁਰ ਖੂਹੀ ਤੋਂ ਆਨੰਦਪੁਰ ਸਾਹਿਬ ਤੱਕ ਖਸਤਾ ਹਾਲ ਸੜਕ।

ਬਲਵਿੰਦਰ ਰੈਤ ਨੂਰਪੁਰ ਬੇਦੀ, 8 ਦਸੰਬਰ ਪੰਜਾਬ ਸਰਕਾਰ ਵੱਲੋਂ ਗੜ੍ਹਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਕਾਹਨਪੁਰ ਖੂਹੀ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਖਾਸਤਾ ਹਾਲਤ ਸੜਕ ਦਾ ਟੋਟਾ ਜਿਸ ਦੀ ਮੁਰੰਮਤ ਲਈ 20.89 ਕਰੋੜ ਰੁਪਏ ਦੀ ਗਰਾਂਟ ਜਾਰੀ ਹੋਈ ਸੀ ਦਾ ਕੰਮ ਸਿਆਸੀ ਦਾਖਲਅੰਦਾਜੀ ਕਾਰਨ ਅੱਧ ਵਿਚਾਲੇ ਲਟਕਣ ਦਾ ਖਦਸ਼ਾ ਹੈ। ਇਸ ਸੜਕ ਦੀ ਮੁਰੰਮਤ ਲਈ ਕਪਤੇ ਟੈਂਡਰ ਸਬੰਧਤ ਵਿਭਾਗ ਵੱਲੋਂ ਰੋਕ ਦਿੱਤੇ ਗਏ ਹਨ। ਜਾਣਕਾਰੀ ਮਿਲੀ ਹੈ ਕਿ ਹੁਣ ਇਸ ਸੜਕ ਦੇ ਨਿਰਮਾਣ ਲਈ ਦੁਬਾਰਾ ਟੈਂਡਰ ਕੀਤੇ ਜਾਣਗੇ। ਇਸ ਦੇ ਨਾਲ ਹੀ ਸੜਕ ਦੀ ਮੁਰੰਮਤ ਦੇ ਕੰਮ ਨੂੰ ਇੱਕ ਵਾਰ ਫਿਰ ਗ੍ਰਹਿਣ ਲੱਗ ਸਕਦਾ ਹੈ। ਜ਼ਿਕਰਯੋਗ ਹੈ ਕਿ ਤਿੰਨ ਹਫਤੇ ਪਹਿਲਾਂ ਇਸ ਸੜਕ ਦੇ ਟੈਂਡਰ ਖੁੱਲ੍ਹੇ ਸਨ। ਲੋਕ ਨਿਰਮਾਣ ਵਿਭਾਗ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਜਲਦੀ ਅਲਾਟਮੈਂਟ ਕਰਕੇ ਦਸੰਬਰ ਦੇ ਪਹਿਲੇ ਹਫਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਪਰ ਇਸ ਵਿਭਾਗ ਦੀ ਅੰਦਰੂਨੀ ਖਿੱਚੋਤਾਣ ਕਾਰਨ ਇਸ ਸੜਕ ਦੀ ਅਲਾਟਮੈਂਟ ’ਚ ਦੇਰੀ ਵੀ ਹੋ ਸਕਦੀ ਹੈ ਤੇ ਇਹ ਵੀ ਪਤਾ ਲੱਗਾ ਹੈ ਕਿ ਟੈਂਡਰ ਦੁਬਾਰਾ ਲਾਏ ਜਾਣਗੇ। ਭਰੋਸੇਯੋਗ ਸੂਤਰਾਂ ਮੁਤਾਬਕ ਸੜਕ ਬਣਾਉਣ ਵਾਲੀ ਇੱਕ ਨਿੱਜੀ ਫਰਮ ਐੱਸਐੱਸ ਬਿਲਡਰ ’ਤੇ ਸਿਆਸੀ ਦਬਾਅ ਪਾ ਕੇ ਅਲਾਟਮੈਂਟ ਰੋਕ ਦਿੱਤੀ ਗਈ ਹੈ। ਇਸ ਕਾਰਨ ਖੇਤਰ ਦੇ ਲੋਕਾਂ ਨੂੰ ਅਜੇ ਹੋਰ ਸੰਤਾਪ ਭੋਗਣਾ ਪੈ ਸਕਦਾ ਹੈ। ਜੇ ਸਿਆਸੀ ਲੋਕ ਇਸੇ ਤਰ੍ਹਾਂ ਦਬਾਅ ਪਾਉਂਦੇ ਰਹੇ ਤਾਂ ਠੇਕੇਦਾਰ ਕੰਮ ਛੱਡ ਸਕਦਾ ਹੈ। ਇਸ ਸਬੰਧੀ ਇਲਾਕਾ ਸੰਘਰਸ਼ ਕਮੇਟੀ ਨੂਰਪੁਰ ਬੇਦੀ ਦੇ ਪ੍ਰਧਾਨ ਗੁਰਨਾਇਬ ਸਿੰਘ ਜੇਤੇਵਾਲ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸੜਕ ਦਾ ਕੰਮ ਇਸ ਹਫਤੇ ਹੀ ਸ਼ੁਰੂ ਕਰੇ ਕਿਉਂਕਿ ਇਸ ਸੜਕ ’ਤੇ ਜਾਣ ਵਾਲੇ ਰਾਹਗੀਰ ਪਹਿਲਾਂ ਹੀ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਜੇ ਸੜਕ ਦਾ ਕੰਮ ਜਲਦੀ ਸ਼ੁਰੂ ਨਾ ਕੀਤਾ ਤਾਂ ਇਲਾਕਾ ਸੰਘਰਸ਼ ਕਮੇਟੀ ਇਸ ਸੜਕ ਤੇ ਨਿਰਮਾਣ ਨੂੰ ਲੈ ਕੇ ਧਰਨਾ ਦੇਵੇਗੀ ਤੇ ਅਧਿਕਾਰੀਆਂ ਦੇ ਦਫਤਰਾਂ ਦਾ ਘਿਰਾਓ ਕਰੇਗੀ।

ਸੜਕ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ: ਤਿਵਾੜੀ ਕਾਹਨਪੁਰ ਖੂਹੀ ਤੋਂ ਸ੍ਰੀ ਆਨੰਦਪੁਰ ਸਾਹਿਬ ਸੜਕ ਬਣਾਉਣ ਲਈ ਭਾਵੇਂ ਕਈ ਵਿਭਾਗੀ ਤੇ ਸਿਆਸੀ ਅੜਚਣਾਂ ਆ ਰਹੀਆਂ ਹਨ। ਇਸ ਦੇ ਬਾਵਜੂਦ ਸ੍ਰੀ ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਉਹ ਸਾਰੀਆਂ ਅੜਚਨਾ ਨੂੰ ਹੱਲ ਕਰਕੇ ਸੜਕ ਦੇ ਨਿਰਮਾਣ ਦਾ ਕੰਮ ਜਲਦੀ ਸ਼ੁਰੂ ਕਰਵਾਉਣਗੇ।

ਅਧਿਕਾਰੀਆਂ ਤੇ ਮੰਤਰੀ ਨਾਲ ਗੱਲ ਕਰਾਂਗਾ: ਸੰਦੋਆ ਸੜਕ ਦੇ ਲਟਕ ਰਹੇ ਕੰਮ ਬਾਰੇ ਹਲਕਾ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਉਨ੍ਹਾਂ ਕੋਲ ਸੜਕ ਦਾ ਕੰਮ ਨਾ ਸ਼ੁਰੂ ਹੋਣ ਦੀ ਕੋਈ ਖਬਰ ਨਹੀਂ ਹੈ। ਜੇ ਕੰਮ ਰੁਕਿਆ ਤਾਂ ਉਹ ਸਬੰਧਤ ਵਿਭਾਗ ਦੇ ਉਚ ਅਧਿਕਾਰੀਆਂ ਤੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਇਸ ਮੁੱਦੇ ’ਤੇ ਗੱਲ ਕਰਨਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All