ਸਾਬਕਾ ਮੰਤਰੀ ਸ਼ਬਾਜਪੁਰੀ ਨੂੰ ਸ਼ਰਧਾਂਜਲੀਆਂ ਭੇਟ

ਸ਼ਰਧਾਂਜਲੀ ਸਮਾਗਮ ਮੌਕੇ ਹਾਜ਼ਰ ਕਾਂਗਰਸੀ ਆਗੂ ਤੇ ਹੋਰ।

ਸਿਮਰਤਪਾਲ ਸਿੰਘ ਬੇਦੀ ਸ੍ਰੀ ਗੋਇੰਦਵਾਲ ਸਾਹਿਬ, 12 ਜਨਵਰੀ ਸਾਬਕਾ ਮੰਤਰੀ ਸੁਖਦੇਵ ਸਿੰਘ ਸ਼ਬਾਜਪੁਰੀ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬੋਹੜੀ ਸਾਹਿਬ, ਗੋਇੰਦਵਾਲ ਸਾਹਿਬ ਵਿੱਚ ਕਰਵਾਇਆ ਗਿਆ। ਅੰਤਿਮ ਅਰਦਾਸ ਵਿੱਚ ਸ਼ਾਮਲ ਕਾਂਗਰਸ ਦੀ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ, ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਭੁਪਿੰਦਰ ਸਿੰਘ ਖਵਾਸਪੁਰ, ਹਲਕਾ ਬਾਬਾ ਬਕਾਲਾ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਇੰਦਰਜੀਤ ਸਿੰਘ ਬਾਸਰਕੇ ਅਤੇ ਅਕਾਲੀ ਦਲ ਵੱਲੋਂ ਕੁਲਦੀਪ ਸਿੰਘ ਔਲਖ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਹੁੰਚੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਮਰਹੂਮ ਸੁਖਦੇਵ ਸਿੰਘ ਸ਼ਬਾਜਪੁਰੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ਮੌਕੇ ਬੀਬੀ ਭੱਠਲ ਨੇ ਮਰਹੂਮ ਆਗੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸੁਖਦੇਵ ਸਿੰਘ ਸ਼ਬਾਜਪੁਰੀ ਕਾਂਗਰਸ ਪਾਰਟੀ ਦੇ ਟਕਸਾਲੀ ਆਗੂ ਸਨ ਜਿਨ੍ਹਾਂ ਨੇ ਲੰਬਾ ਸਮਾਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਸਾਡੇ ਨਾਲ ਮਿਲ-ਜੁਲ ਕੇ ਕੰਮ ਕੀਤਾ। ਸ਼ਰਧਾਂਜਲੀ ਸਮਾਗਮ ਮੌਕੇ ਜਿੱਥੇ ਗਿਣੇ ਚੁਣੇ ਕਾਂਗਰਸੀ ਆਗੂਆਂ ਨੇ ਹਾਜ਼ਰੀ ਭਰ ਕੇ ਮਰਹੂਮ ਸੁਖਦੇਵ ਸਿੰਘ ਸ਼ਬਾਜਪੁਰੀ ਸ਼ਰਧਾਂਜਲੀ ਭੇਟ ਕੀਤੀ ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਸਬੰਧਤ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਹੋਰ ਵੱਡੇ ਕਾਂਗਰਸੀ ਆਗੂ ਸ਼ਰਧਾਂਜਲੀ ਸਮਾਗਮ ’ਚੋਂ ਗ਼ੈਰਹਾਜ਼ਰ ਰਹੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All