ਲੰਬੀ ਉਡੀਕ ਮਗਰੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ 5-5 ਲੱਖ ਦੇ ਚੈੱਕ ਭੇਟ

ਪਿੰਡ ਗਲੋਟੀ ਵਿਖੇ ਸ਼ਹੀਦ ਪਰਿਵਾਰ ਨੂੰ ਚੈੱਕ ਭੇਟ ਕਰਦੇ ਐੱਸਡੀਐੱਮ ਧਰਮਕੋਟ ਨਰਿੰਦਰ ਸਿੰਘ ਧਾਵੀਵਾਲ ਤੇ ਹੋਰ।

ਨਿੱਜੀ ਪੱਤਰ ਪ੍ਰੇਰਕ ਮੋਗਾ, 14 ਫ਼ਰਵਰੀ ਜੰਮੂ-ਕਸ਼ਮੀਰ ਵਿੱਚ ਪਿਛਲੇ ਵਰ੍ਹੇ ਸੀਆਰਪੀਐੱਫ ਦੇ ਸ਼ਹੀਦ ਜਵਾਨਾਂ ਨੂੰ ਰਾਜ ਸਰਕਾਰ ਵੱਲੋਂ 12 ਲੱਖ ਰੁਪਏ ਐਲਾਨੀ ਰਾਸ਼ੀ ’ਚੋਂ 5 ਲੱਖ ਰੁਪਏ ਨਹੀਂ ਦਿੱਤੇ ਗਏ ਸਨ ਤੇ ਪੀੜਤ ਪਰਿਵਾਰਾਂ ਵੱਲੋਂ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀਆਂ ਛਪੀਆਂ ਖਬਰਾਂ ਨੇ ਸਰਕਾਰ ਦੀ ਨੀਂਦ ਖੋਲ੍ਹ ਦਿੱਤੀ ਹੈ। ਇਸ ਤੋਂ ਬਾਅਦ ਸ਼ਹੀਦ ਜਵਾਨਾਂ ਦੀ ਬਰਸੀ ਮੌਕੇ ਅੱਜ 5 ਲੱਖ ਰੁਪਏ ਦੀ ਮਾਲੀ ਮਦਦ ਦੇ ਚੈੱਕ ਪੀੜਤ ਪਰਿਵਾਰਾਂ ਨੂੰ ਸੌਂਪੇ ਗਏ। ਪਿੰਡ ਗਲੋਟੀ (ਕੋਟ ਈਸੇ ਖਾਂ) ਦੇ ਸ਼ਹੀਦ ਜੈਮਲ ਸਿੰਘ ਦੀ ਪਹਿਲੀ ਬਰਸੀ ਨਗਰ ਵਾਸੀਆਂ ਵੱਲੋਂ ਕੋਟ ਈਸੇ ਖਾਂ ਦੇ ਗੁਰਦੁਆਰਾ ਕਲਗੀਧਰ ਮਸੀਤਾਂ ਰੋਡ ਵਿਖੇ ਮਨਾਈ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ, ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੇਜਰ ਯਸ਼ਪਾਲ ਸਿੰਘ (ਰਿਟਾ.) ਨੇ ਸ਼ਿਰਕਤ ਕੀਤੀ। ਇਸ ਮੌਕੇ ਸ਼ਹੀਦ ਦੀ ਪਤਨੀ ਸੁਖਜੀਤ ਕੌਰ ਨੂੰ ਪੰਜਾਬ ਸਰਕਾਰ ਵੱਲੋਂ ਮਿਲਣ ਵਾਲੀ ਮਕਾਨ/ਪਲਾਟ ਬਦਲੇ 5 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ ਵੱਲੋਂ ਦਿੱਤਾ ਗਿਆ। ਇਸ ਤੋਂ ਇਲਾਵਾ ਪੰਜਾਬ ਮੰਤਰੀ ਮੰਡਲ, ਐਮਐਲਏ ਅਤੇ ਆਈਏਐਸ ਅਫਸਰ ਐਸੋਸੀਏਸ਼ਨ ਵੱਲੋਂ ਇੱਕ ਦਿਨ ਦੀ ਤਨਖਾਹ ’ਚੋਂ ਇਕੱਤਰ ਹੋਈ ਦਾਨ ਰਾਸ਼ੀ 43,750 ਰੁਪਏ ਵੀ ਪਰਿਵਾਰ ਨੂੰ ਭੇਟ ਕੀਤੀ ਗਈ। ਹੁਣ ਤੱਕ ਤਨਖਾਹ ’ਚੋਂ ਪਰਿਵਾਰ ਨੂੰ 14,41,144 ਰੁਪਏ ਮਿਲ ਚੁੱਕੇ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਿਵਾਰ ਦੇ ਮੈਂਬਰ ਨੂੰ ਦਿੱਤੀ ਜਾਣ ਵਾਲੀ ਨੌਕਰੀ ਸ਼ਹੀਦ ਦੀ ਪਤਨੀ ਨੇ ਆਪਣੇ ਪੁੱਤਰ ਗੁਰਪ੍ਰਕਾਸ਼ ਸਿੰਘ ਧਾਲੀਵਾਲ ਲਈ ਰਾਖਵੀਂ ਰਖਵਾ ਲਈ ਹੈ ਜੋ ਉਸ ਦੇ ਅਠਾਰਾਂ ਸਾਲ ਦੀ ਉਮਰ ਪੂਰੀ ਹੋਣ ’ਤੇ ਦਿੱਤੀ ਜਾਵੇਗੀ। ਤਰਨ ਤਾਰਨ (ਪੱਤਰ ਪ੍ਰੇਰਕ): ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਇਲਾਕੇ ਦੇ ਪਿੰਡ ਗੰਡੀਵਿੰਡ ਧੱਤਲ ਦੇ ਸੁਖਜਿੰਦਰ ਸਿੰਘ ਦੀ ਪਹਿਲੀ ਬਰਸੀ ਮੌਕੇ ਅੱਜ ਸਮਾਜ ਦੇ ਵੱਖ ਵੱਖ ਵਰਗਾਂ ਵਲੋਂ ਸ਼ਹੀਦ ਦੀ ਕੁਰਬਾਨੀ ਨੂੰ ਸ਼ਰਧਾ ਨਾਲ ਸਿਜਦਾ ਕੀਤਾ ਗਿਆ| ਸੀਆਰਪੀਐੱਫ ਦੇ ਸ਼ਹੀਦ ਜਵਾਨ ਸੁਖਵਿੰਦਰ ਸਿੰਘ ਦੇ ਜੱਦੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੁਰਿੰਦਰ ਸਿੰਘ ਵੱਲੋਂ ਸ਼ਹੀਦ ਦੀ ਧਰਮ ਪਤਨੀ ਸਰਬਜੀਤ ਕੌਰ ਨੂੰ ਪੰਜਾਬ ਸਰਕਾਰ ਵਲੋਂ 5 ਲੱਖ ਰੁਪਏ ਦੀ ਹੋਰ ਸਹਾਇਤਾ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ 7 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼ਹੀਦ ਦੀ ਧਰਮ ਪਤਨੀ ਨੂੰ ਉਸ ਦੀ ਵਿੱਦਿਅਕ ਯੋਗਤਾ ਮੁਤਾਬਕ ਸਰਕਾਰੀ ਨੌਕਰੀ ਵੀ ਜਲਦੀ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਸੀਆਰਪੀਐੱਫ ਦੇ ਜਲੰਧਰ ਤੋਂ ਡੀਐੱਸਪੀ ਅੰਕੁਸ਼ ਕੁਮਾਰ, ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਸਿਆਸੀ ਸਲਾਹਕਾਰ ਨਵਰੀਤ ਸਿੰਘ ਜੱਲੇਵਾਲ, ਆਮ ਆਦਮੀ ਪਾਰਟੀ ਦੇ ਆਗੂ ਮਨਜਿੰਦਰ ਸਿੰਘ ਸਿੱਧੂ, ਪਿੰਡ ਦੇ ਸਰਪੰਚ ਅਮਰਜੀਤ ਸਿੰਘ ਸਮੇਤ ਹੋਰਨਾਂ ਨੇ ਸ਼ਰਧਾਂਜਲੀਆਂ ਦਿੱਤੀਆਂ। ਸਟੇਜ ਦਾ ਸੰਚਾਲਨ ਮੁਲਾਜ਼ਮ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਕੀਤਾ| ਇਸ ਮੌਕੇ ਸ਼ਹੀਦ ਦੇ ਪਿਤਾ ਗੁਰਮੇਜ ਸਿੰਘ, ਮਾਤਾ ਹਰਭਜਨ ਕੌਰ ਅਤੇ ਪਿੰਡ ਵਾਸੀ ਹਾਜ਼ਰ ਸਨ| ਬੁਲਾਰਿਆਂ ਕਿਹਾ ਕਿ ਸ਼ਹੀਦ ਸੁਖਜਿੰਦਰ ਸਿੰਘ ਦੀ ਸ਼ਹਾਦਤ ਨੂੰ ਦੇਸ਼ ਵਾਸੀ ਨੂੰ ਹਮੇਸ਼ਾ ਯਾਦ ਰੱਖਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All