ਲੁਧਿਆਣਾ ਦੀ ਪਲਾਸਟਿਕ ਫੈਕਟਰੀ ’ਚ ਅੱਗ, ਇੱਕ ਮੌਤ

ਗਗਨਦੀਪ ਅਰੋੜਾ ਲੁਧਿਆਣਾ, 14 ਫਰਵਰੀ ਸ਼ਹਿਰ ਦੇ ਕੰਗਣਵਾਲ ਜੁਗਿਆਨਾ ਰੋਡ ਸਥਿਤ ਗਰਗ ਪਲਾਸਟਿਕ ਫੈਕਟਰੀ ’ਚ ਦੇਰ ਰਾਤ ਨੂੰ ਅੱਗ ਲੱਗ ਗਈ। ਉਸ ਸਮੇਂ ਫੈਕਟਰੀ ’ਚ 10 ਲੋਕ ਕੰਮ ਕਰ ਰਹੇ ਸਨ। ਇਨ੍ਹਾਂ ’ਚੋਂ ਇੱਕ ਨੌਜਵਾਨ ਜਿੰਦਾ ਸੜ ਗਿਆ, ਜਦੋਂ ਕਿ ਇੱਕ ਝੁਲਸ ਗਿਆ। ਅੱਗ ਕਾਰਨ ਆਲੇ-ਦੁਆਲੇ ਭਗਦੜ ਮਚ ਗਈ। ਫਾਇਰ ਬ੍ਰਿਗੇਡ ਦੀ 20 ਟੈਂਡਰਾਂ ਨੇ ਅੱਗ ’ਤੇ ਕਾਬੂ ਪਾਇਆ। ਮਰਨ ਵਾਲੇ ਮਜ਼ਦੂਰ ਦੀ ਪਛਾਣ ਨੀਰਜ ਚੌਧਰੀ ਵਜੋਂ ਹੋਈ ਹੈ, ਜੋ ਬਿਹਾਰ ਦੇ ਜ਼ਿਲ੍ਹਾ ਬਕਸਰ ਦਾ ਰਹਿਣ ਵਾਲਾ ਸੀ। ਜਾਂਚ ਤੋਂ ਬਾਅਦ ਸਾਹਨੇਵਾਲ ਪੁਲੀਸ ਨੇ ਪੋਸਟਮਾਰਟਮ ਲਈ ਨੀਰਜ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਫੈਕਟਰੀ ਵਿੱਚ ਰਾਤ ਨੂੰ ਨਿਤੀਸ਼ ਚੌਧਰੀ, ਅਮਿਤ ਚੌਧਰੀ, ਜਿੰਦਾ ਕੁਮਾਰ, ਪੰਕਜ ਕੁਮਾਰ, ਸੰਦੀਪ ਕੁਮਾਰ, ਰਾਹੁਲ ਕੁਮਾਰ ਆਦਿ ਕੰਮ ਕਰ ਰਹੇ ਸਨ। ਜਦੋਂ ਕਿ ਠੇਕੇਦਾਰ ਅਸ਼ੋਕ ਚੌਧਰੀ, ਪੀਯੂਸ਼, ਨੀਰਜ ਚੌਧਰੀ ਦੇ ਨਾਲ ਸੋਨੂੰ ਉਪਰ ਦੂਜੀ ਮੰਜ਼ਿਲ ’ਤੇ ਸੌਂ ਰਹੇ ਸਨ। ਦੇਰ ਰਾਤ ਨੂੰ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਕੰਮ ਕਰਨ ਵਾਲੇ ਸਾਰੇ ਮਜ਼ਦੂਰ ਬਾਹਰ ਵੱਲ ਭੱਜੇ ਤੇ ਉਨ੍ਹਾਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਰਾਹੁਲ ਕੁਮਾਰ ਉਪਰ ਸੌਂ ਰਹੇ ਮਜ਼ਦੂਰਾਂ ਨੂੰ ਜਗਾਉਣ ਲਈ ਚਲੇ ਗਿਆ। ਰਾਹੁਲ ਆਪਣੀ ਜਾਨ ਬਚਾ ਕੇ ਕਿਸੇ ਤਰ੍ਹਾਂ ਫੈਕਟਰੀ ਦੇ ਸਾਹਮਣੇ ਦੂਸਰੀ ਛੱਤ ’ਤੇ ਚਲੇ ਗਿਆ। ਠੇਕੇਦਾਰ ਅਸ਼ੋਕ ਚੌਧਰੀ ਤੇ ਪ੍ਰਦੀਪ ਨੇ ਵੀ ਅਜਿਹਾ ਹੀ ਕੀਤਾ। ਜਲਦਬਾਜ਼ੀ ’ਚ ਸੋਨੂੰ ਵੀ ਨਿਕਲ ਗਿਆ, ਪਰ ਨੀਰਜ ਦੀ ਨੀਂਦ ਨਹੀਂ ਖੁੱਲ੍ਹੀ। ਕਰੀਬ ਸਾਢੇ ਤਿੰਨ ਘੰਟੇ ਬਾਅਦ ਅੱਗ ਥੋੜ੍ਹੀ ਘੱਟ ਹੋਈ ਤਾਂ ਲਾਸ਼ ਦਾ ਪਤਾ ਲੱਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All