ਰੰਗਮੰਚ ਨੂੰ ਨਵੀਂ ਦਿਸ਼ਾ ਤੇ ਦਸ਼ਾ ਦੇਣ ਲਈ ਯਤਨਸ਼ੀਲ ‘ਸਾਰਥਕ ਰੰਗਮੰਚ ਪਟਿਆਲਾ’

ਲੱਖਾ ਲਹਿਰੀ ਰੰਗਮੰਚ ਦੀ ਦੁਨੀਆਂ ’ਚ ਨਜ਼ਰ ਆ ਰਹੇ ਹਨ।

ਰਵੇਲ ਸਿੰਘ ਭਿੰਡਰ ਪਟਿਆਲਾ, 8 ਦਸੰਬਰ ਸਾਰਥਕ ਰੰਗਮੰਚ ਪਟਿਆਲਾ ਦਾ ਅੱਜ ਪੰਜਾਬੀ ਦੇ ਰੰਗਮੰਚ ਵਿਹੜੇ ’ਚ ਅਹਿਮ ਨਾਂ ਹੈ। ਪੰਜਾਬੀ ਰੰਗਮੰਚ ਨੂੰ ਸਾਰਥਕ ਰੰਗਮੰਚ ਨਵੀਂ ਦਿਸ਼ਾ ਤੇ ਦਸ਼ਾ ਦੇਣ ਲਈ ਯਤਨਸ਼ੀਲ ਹੈ। ਪੰਜਾਬ ਦੇ ਰੰਗਮੰਚ ਦੀ ਦੁਨੀਆਂ ’ਚੋਂ ਨਿਵੇਕਲੀਆਂ ਪੈੜਾਂ ਪਾ ਰਹੇ ਇਸ ਮੰਚ ਦੀ ਸਥਾਪਨਾ ਲੱਖਾ ਲਹਿਰੀ ਨੇ ਬਤੌਰ ਨਿਰਦੇਸ਼ਕ 2003 ਵਿਚ ਕੀਤੀ ਸੀ। ਇਸ ਤੋਂ ਪਹਿਲਾਂ ਲੱਖਾ ਲਹਿਰੀ ਮੁੰਬਈ ਦੇ ਰੰਗਮੰਚ ’ਚੋਂ ਵੀ ਅਹਿਮ ਤਜਰਬਾ ਹਾਸਲ ਕਰ ਚੁੱਕਾ ਸੀ। ਲੱਖਾ ਲਹਿਰੀ ਦੀ ਮਿਹਨਤ ਤੇ ਘਾਲਣਾ ਦੀ ਬਦੌਲਤ ਅੱਜ ਇਹ ਮੰਚ ‘ਰੰਗਮੰਚ’ ਖੇਤਰ ’ਚ ਬੁਲੰਦੀਆਂ ਨੂੰ ਛੂਹ ਰਿਹਾ ਹੈ।ਸਾਰਥਕ ਰੰਗਮੰਚ ਨੇ ਪੰਜਾਬੀ ਰੰਗਮੰਚ ’ਚ ਭਾਵੇਂ ਕਈ ਪੱਧਰਾਂ ’ਤੇ ਨਵਾਂ ਜੋਸ਼ ਤੇ ਉਮੰਗ ਭਰੀ ਹੈ, ਪਰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਹੀ ਨੋਰਾ ਰਿਚਰਡਜ਼ ਨੈਸ਼ਨਲ ਥੀਏਟਰ ਫੈਸਟੀਵਲ ਕਰਵਾਉਣਾ ਇਸ ਨਾਟ ਗਰੁੱਪ ਦੀ ਵੱਡੀ ਉਪਲੱਬਧੀ ਮੰਨੀ ਜਾ ਰਹੀ ਹੈ। ਐਤਕੀਂ ਵੀ ਇਹ ਛੇਵਾਂ ਫੈਸਟੀਵਲ ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ, ਉੱਤਰ ਖੇਤਰੀ ਸੱਭਿਆਚਾਰਕ ਕੇਂਦਰ, ਪਟਿਆਲਾ ਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਪੰਜਾਬੀ ਅਕਾਦਮੀ, ਦਿੱਲੀ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਲਾ ਭਵਨ ’ਚ ਕਰਵਾਇਆ ਗਿਆ, ਜਿਹੜਾ ਲੰਘੀ ਸ਼ਾਮ ਸਮਾਪਤ ਹੋਇਆ ਹੈ। ਹਫ਼ਤਾ ਭਰ ਚੱਲੇ ਇਸ ਫੈਸਟੀਵਲ ’ਚ ਰੋਜ਼ ਸ਼ਾਮ ਨੂੰ ਨਾਟ ਕਲਾ ਪ੍ਰੇਮੀਆਂ ਦੀ ਵੱਡੀ ਭੀੜ ਜੁਟਦੀ ਰਹੀ ਹੈ। ਇਸ ਤੋਂ ਜਾਪਦਾ ਹੈ ਕਿ ਸਾਰਥਕ ਰੰਗਮੰਚ ਦੇ ਸਿਰਤੋੜ ਯਤਨਾਂ ਸਦਕਾ ਪੰਜਾਬ ਵਿਚ ਥੀਏਟਰ ਮੁਹਿੰਮ ਇੱਕ ਵਾਰ ਫਿਰ ਪੈਰ ਜਮਾਉਣ ਲੱਗੀ ਹੈ। ਖ਼ਾਸ ਕਰ ਵਿਦਿਆਰਥੀ ਵਰਗ ਤੇ ਨਵੇਂ ਕਲਾਕਾਰਾਂ ਲਈ ਇਹ ਮੰਚ ਇੱਕ ਰਾਹ ਦਸੇਰਾ ਬਣਨ ਲੱਗਾ ਹੈ। ਉਂਜ ਇਸ ਮੰਚ ਦੇ ਗਰੁੱਪ ’ਚ ਹਰ ਪ੍ਰਕਾਰ ਦਾ ਕਲਾਕਾਰ ਸ਼ਾਮਲ ਹੈ। ਕਈ ਨਾਟਕਾਂ ਦੀ ਪੇਸ਼ਕਾਰੀ ਵੇਲੇ ਤਾਂ ਮੰਚ ਵੱਲੋਂ ਤਿੰਨ ਦਰਜਨ ਤੋਂ ਵੱਧ ਕਲਕਾਰਾਂ ਨੂੰ ਮੰਚ ਪ੍ਰਦਾਨ ਕੀਤਾ ਜਾਂਦਾ ਹੈ। ਪੰਜਾਬੀ ਦੇ ਪਹਿਲੇ ਨਾਵਲ ‘ਸੁੰਦਰੀ’ ਦੀ ਨਾਟ ਪੇਸ਼ਕਾਰੀ ਸਣੇ ਕਈ ਹੋਰ ਨਾਟਕਾਂ ਦੌਰਾਨ ਬਹੁਤ ਸਾਰੇ ਕਲਾਕਾਰਾਂ ਨੂੰ ਮੰਚ ਥੀਏਟਰ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰ ਰਿਹਾ ਹੈ। ਸਾਰਥਕ ਰੰਗਮੰਚ ਇੱਕ ਗਰੁੱਪ ਵਜੋਂ ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਪੰਜਾਬ ਹੀ ਨਹੀਂ ਬਲਕਿ ਹਰਿਆਣਾ ਤੇ ਰਾਜਧਾਨੀ ਦਿੱਲੀ ’ਚ ਵੀ ਆਪਣੀ ਕਲਾ ਦਾ ਲੋਹਾ ਮੰਨਵਾ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All