ਰਿਹਾਣਾ ਜੱਟਾਂ ਮੈਗਾ ਫੂਡ ਪਾਰਕ ਮਾਰਚ ਮਹੀਨੇ ਸ਼ੁਰੂ ਹੋਣ ਦੀ ਆਸ

ਜਸਬੀਰ ਸਿੰਘ ਚਾਨਾ ਫਗਵਾੜਾ, 15 ਜਨਵਰੀ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਅੱਜ ਸੁਖਜੀਤ ਮੈਗਾ ਫੂਡ ਪਾਰਕ ਰਿਹਾਣਾ ਜੱਟਾਂ ਦਾ ਦੌਰਾ ਕਰ ਕੇ ਕੰਮਕਾਜ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਮੈਗਾ ਫੂਡ ਪਾਰਕ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਮੈਗਾ ਫੂਡ ਪਾਰਕ ਦੇ ਕੋਲਡ ਸਟੋਰ, ਮੱਕੀ ਪ੍ਰਾਸੈਸਿੰਗ ਪਲਾਟ ਅਤੇ ਹੋਰਨਾਂ ਯੂਨਿਟਾਂ ਦਾ ਨਿਰੀਖਣ ਕਰ ਕੇ ਤਸੱਲੀ ਦਾ ਪ੍ਰਗਟਾਵਾ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੂਬੇ ’ਚ ਸਨਅਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ, ਜਿਸ ਸਦਕਾ ਦੁਆਬਾ ਖੇਤਰ ਜਲਦ ਸੂਬੇ ਦਾ ਮੱਕੀ ਪ੍ਰਾਸੈਸਿੰਗ ਹੱਬ ਬਣਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੇ ਮਾਰਚ ਤੱਕ ਸਾਲਾਨਾ ਦੋ ਲੱਖ ਟਨ ਤੋਂ ਵੱਧ ਮੱਕੀ ਨੂੰ ਪ੍ਰਾਸੈੱਸ ਕਰਨ ਦੀ ਸਮਰੱਥਾ ਵਾਲਾ ‘ਸੁਖਜੀਤ ਮੈਗਾ ਫੂਡ ਪਾਰਕ’ ਸ਼ੁਰੂ ਹੋ ਜਾਵੇਗਾ। ਮੈਗਾ ਫ਼ੂਡ ਪਾਰਕ ਦੇ ਡਾਇਰੈਕਟਰ ਭਵਦੀਪ ਸਰਦਾਨਾ ਨੇ ਦੱਸਿਆ ਕਿ 55 ਏਕੜ ਰਕਬੇ ’ਚ ਤਿਆਰ ਹੋਣ ਜਾ ਰਹੇ ਇਸ ਪਾਰਕ ਦਾ ਉਦੇਸ਼ ਮੱਕੀ ਦੀ ਮੰਗ ਪੈਦਾ ਕਰਨਾ ਹੈ। ਇਸ ਨਾਲ ਜਿੱਥੇ ਸੂਬੇ ’ਚ ਕਣਕ-ਝੋਨੇ ਦੇ ਫ਼ਸਲੀ ਚੱਕਰ ਨੂੰ ਤੋੜਨ ’ਚ ਸਹਾਇਤਾ ਮਿਲੇਗੀ, ਉੱਥੇ ਹੀ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸਾਵਾਂ ਵੀ ਕੀਤਾ ਜਾ ਸਕੇਗਾ। ਇਹ ਪਾਰਕ 60 ਹਜ਼ਾਰ ਟਨ ਦੀ ਸਟੋਰੇਜ ਸਮਰੱਥਾ ਰੱਖਣ ਵਾਲੀ ‘ਸਟੇਟ ਆਫ਼ ਆਰਟ ਕੋਲਡ ਚੇਨ’ ਬਣੇਗੀ, ਜਿੱਥੇ ਕਿਸਾਨਾਂ ਦੀ ਪੈਦਾਵਾਰ ਨੂੰ ਸੁਰੱਖਿਅਤ ਰੱਖਣ ਅਤੇ ਸਟੋਰ ਕਰਨ ਲਈ ਅਤਿ-ਆਧੁਨਿਕ ਤਿੰਨ ਕੋਲਡ ਚੇਨ ਅਤੇ ਤਿੰਨ ਸਾਇਲੋ ਤਿਆਰ ਕੀਤੇ ਜਾ ਰਹੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਐੱਸ. ਪੀ. ਆਂਗਰਾ, ਵਧੀਕ ਡਿਪਟੀ ਕਮਿਸ਼ਨਰ ਗੁਰਮੀਤ ਸਿੰਘ ਮੁਲਤਾਨੀ, ਐੱਸ.ਡੀ.ਐੱਮ ਗੁਰਵਿੰਦਰ ਸਿੰਘ ਜੌਹਲ, ਡੀ.ਡੀ.ਪੀ.ਓ. ਹਰਜਿੰਦਰ ਸਿੰਘ ਸੰਧੂ, ਬੀ.ਡੀ.ਪੀ.ਓ. ਅਮਰਜੀਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਕੰਵਲਜੀਤ ਸਿੰਘ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All