ਰਾਜੇ ਦੇ ਮਹਿਲ ਅੱਗੇ ‘ਹੁੱਕਾ ਬਈ ਹੁੱਕਾ, ਇਹ ਘਰ ਭੁੱਖਾ’ ਦੇ ਨਾਅਰੇ

ਬੇਰੁਜ਼ਗਾਰ ਹੈਲਥ ਵਰਕਰਾਂ ਨਾਲ ਗੱਲਬਾਤ ਕਰਦੀ ਹੋਈ ਪੁਲੀਸ ਫੋਰਸ। -ਫੋਟੋ: ਰਾਜੇਸ਼ ਸੱਚਰ

ਸਰਬਜੀਤ ਸਿੰਘ ਭੰਗੂ ਪਟਿਆਲਾ, 13 ਜਨਵਰੀ ਦੋ ਹਫ਼ਤਿਆਂ ਤੋਂ ਇੱਥੇ ਸ਼ਹਿਰ ਵਿਚ ਮੋਰਚਾ ਲਾਈ ਬੈਠੇ ‘ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ’ ਦੇ ਆਗੂਆਂ ਨੇ ਅੱਜ ਯੂਨੀਅਨ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਹੇਠ ਮੁੱੱਖ ਮੰਤਰੀ ਦੇ ਮਹਿਲ ਅੱਗੇ ਜਾ ਕੇ ‘ਹੁੱਕਾ ਬਈ ਹੁੱਕਾ, ਇਹ ਘਰ ਭੁੱਖਾ’ ਨਾਅਰੇ ਲਾਏ। ਭਾਵੇਂ ਸਿਹਤ ਕਾਮਿਆਂ ਦਾ ਗੁਪਤ ਤਰੀਕੇ ਨਾਲ ਮਹਿਲ ’ਚ ਦਸਤਕ ਦੇਣ ਦਾ ਪ੍ਰੋਗਰਾਮ ਸੀ ਪਰ ਐਤਕੀਂ ਵੀ ਪੁਲੀਸ ਉਨ੍ਹਾਂ ਨੂੰ ਪੁਚਕਾਰਨ ਵਿਚ ਕਾਮਯਾਬ ਰਹੀ। ਇਸ ਦੌਰਾਨ ਆਪਸੀ ਸਮਝੌਤੇ ਤਹਿਤ ਖ਼ੁਦ ਪੁਲੀਸ ਵਰਕਰਾਂ ਦੇ ਵਫ਼ਦ ਨੂੰ ਮਹਿਲ ਵਿਚ ਲੈ ਕੇ ਗਈ। ਇਸ ਦੌਰਾਨ ਵਰਕਰਾਂ ਨੇ ਮਹਿਲ ਦੇ ਬਾਹਰ ਹੀ ਨਾਅਰੇ ਲਾ ਕੇ ਭੜਾਸ ਕੱਢੀ। ਜ਼ਿਕਰਯੋਗ ਹੈ ਕਿ ਖਾਲੀ ਪਈਆਂ ਇਕ ਹਜ਼ਾਰ ਅਸਾਮੀਆਂ ’ਤੇ ਭਰਤੀ ਸਬੰਧੀ ਸਰਕਾਰ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਬੇਰੁਜ਼ਗਾਰ ਹੈਲਥ ਵਰਕਰਾਂ ਨੇ ਅੱਜ ਲੋਹੜੀ ਵਾਲੇ ਦਿਨ ਗੁਪਤ ਤਰੀਕੇ ਨਾਲ ਮੋਤੀ ਮਹਿਲ ’ਚ ਦਸਤਕ ਦੇਣ ਦਾ ਐਲਾਨ ਕੀਤਾ ਹੋਇਆ ਸੀ। ਇਸ ਲਈ ਗੁਪਤ ਜਥਾ ਵੀ ਤਿਆਰ ਕੀਤਾ ਗਿਆ ਸੀ, ਜੋ ਅੱਜ ਮਹਿਲ ਦੇ ਨੇੜੇ ਹੀ ਰਿਹਾ। ਇਸੇ ਤਹਿਤ ਅੱਜ ਪੁਲੀਸ ਤਾਇਤਾਨ ਰਹੀ ਤੇ ਪੁਲੀਸ ਨੇ ਮਹਿਲ ਖੇਤਰ ਵਿਚ ਚੌਕਸੀ ਵਧਾਈ ਹੋਈ ਸੀ। ਪੁਲੀਸ ਨੇ ਅੱਜ ਤਿਉਹਾਰ ਵਾਲੇ ਦਿਨ ਕਿਸੇ ਵਿਵਾਦ ’ਚ ਪੈਣ ਦੀ ਥਾਂ ਪਿਆਰ ਨਾਲ ਮਸਲਾ ਹੱਲ ਕਰਨ ਨੂੰ ਤਰਜੀਹ ਦਿੱਤੀ। ਰਾਤ ਤੋਂ ਸਾਧੇ ਗਏ ਰਾਬਤੇ ਤਹਿਤ ਪੁਲੀਸ ਨੇ ਪੈਨਲ ਮੀਟਿੰਗ ਦੇ ਭਰੋਸੇ ਤਹਿਤ ਵਰਕਰਾਂ ਨੂੰ ਪ੍ਰਦਰਸ਼ਨ ਨਾ ਕਰਨ ਲਈ ਰਾਜ਼ੀ ਕਰਦਿਆਂ ਵਰਕਰਾਂ ਦੀ ਮਹਿਲ ’ਚ ਜਾ ਕੇ ਕਿਸੇ ਨੁਮਾਇੰਦੇ ਨਾਲ ਮੁਲਾਕਾਤ ਦੀ ਜ਼ਿੱਦ ਵੀ ਪ੍ਰਵਾਨ ਕਰ ਲਈ। ਇਕ ਹੈਲਥ ਵਰਕਰ ਨੇ ਕਿਹਾ ਕਿ ਇਕ ਪੁਲੀਸ ਅਫ਼ਸਰ ਨੇ ਹਮਦਰਦੀ ਵਜੋਂ ਉਨ੍ਹਾਂ ਨੂੰ ਮਸ਼ਵਰਾ ਦਿੱਤਾ ਕਿ ਮਸਲੇ ਗੱਲਬਾਤ ਰਾਹੀਂ ਹੀ ਨਜਿੱਠੇ ਜਾ ਸਕਦੇ ਹਨ। ਅਧਿਕਾਰੀਆਂ ਵੱਲੋਂ ਸਿਹਤ ਵਿਭਾਗ ਦੇ ਡਾਇਰੈਕਟਰ ਤੇ ਸਕੱਤਰ ਨਾਲ ਮੀਟਿੰਗ ਦੀ ਸਲਾਹ ਤੇ ਫਿਰ ਸਿਵਲ ਅਧਿਕਾਰੀਆਂ ਵੱਲੋਂ ਮੀਟਿੰਗ ਦੇ ਦਿੱਤੇ ਭਰੋਸੇ ਮਗਰੋਂ ਉਹ ਪ੍ਰਦਰਸ਼ਨ ਨਾ ਕਰਨ ਲਈ ਸਹਿਮਤ ਹੋ ਗਏ। ਲੰਮੀ ਗੱਲਬਾਤ ਮਗਰੋਂ ਹੋਏ ਸਮਝੌਤੇ ਤਹਿਤ ਯੂਨੀਅਨ ਦੇ ਵਫ਼ਦ ਨੂੰ ਪੁਲੀਸ ਨੇ ਹੀ ਮੋਤੀ ਮਹਿਲ ’ਚ ਲਿਜਾ ਕੇ ਮੁੱਖ ਮੰਤਰੀ ਦੇ ਓਐੱਸਡੀ ਰਾਜੇਸ਼ ਕੁਮਾਰ ਨਾਲ ਮਿਲਾਇਆ। ਉਨ੍ਹਾਂ ਨੂੰ ਜਦੋਂ ਮਹਿਲ ਵਿਚ ਲਿਜਾਇਆ ਜਾ ਰਿਹਾ ਸੀ ਤਾਂ ਹੈਲਥ ਵਰਕਰ ਆਪਣੀ ਭੜਾਸ ਕੱਢਣ ਤੋਂ ਨਾ ਰਹਿ ਸਕੇ। ਉਨ੍ਹਾਂ ਨੇ ਅੱਜ ‘ਹੁੱਕਾ ਬਈ ਹੁੱਕਾ, ਇਹ ਘਰ ਭੁੱਖਾ’ ਨਾਅਰਾ ਕਈ ਵਾਰ ਲਾਇਆ। ਵਫ਼ਦ ਵਿਚ ਦਵਿੰਦਰ ਸਿੰਘ, ਜਸਮੇਰ ਸਿੰਘ, ਹਰਵਿੰਦਰ ਸਿੰਘ ਤੇ ਸੋਨੀ ਪਾਇਲ ਸ਼ਾਮਲ ਸਨ। ਗੁਪਤ ਜਥੇ ਵਿਚ ਹਰਵਿੰਦਰ ਥੂਹੀ, ਅਮਰੀਕ ਸਿੰਘ, ਪੰਜਾ ਸਿੰਘ, ਤਰਸੇਮ ਸਿੰਘ, ਜਸਕਰਨ ਸਿੰਘ, ਹਰਕੀਰਤ ਸਿੰਘ, ਜਸਪਾਲ ਸਿੰਘ ਘੁੰਮਣ, ਤਰਸੇਮ ਸਿੰਘ ਤੇ ਪੱਪੂ ਬਾਲਿਆਂਵਾਲੀ ਨੂੰ ਸ਼ਾਮਲ ਕੀਤਾ ਗਿਆ ਸੀ। ਯੂਨੀਅਨ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਤਰਲੋਚਨ ਨਾਗਰਾ ਨੇ ਕਿਹਾ ਕਿ ਜੇ ਪੈਨਲ ਮੀਟਿੰਗ ਦੌਰਾਨ ਵੀ ਮਸਲਾ ਹੱਲ ਨਾ ਹੋਇਆ ਤਾਂ ਉਹ ਮੁੜ ਕੋਈ ਪ੍ਰੋਗਰਾਮ ਉਲੀਕਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All