ਯੂਨੀਵਰਸਿਟੀ ਦੇ ਅੜੀਅਲ ਰਵੱਈਏ ਖ਼ਿਲਾਫ਼ ਟੈਂਕੀ ’ਤੇ ਚੜ੍ਹੇ ਮੁਲਾਜ਼ਮ

ਫਰੀਦਕੋਟ ’ਚ ਆਪਣੀਆਂ ਮੰਗਾਂ ਲਈ ਟੈਂਕੀ ’ਤੇ ਚੜ੍ਹੇ ਯੂਨੀਵਰਸਿਟੀ ਮੁਲਾਜ਼ਮ।

ਜਸਵੰਤ ਜੱਸ ਫ਼ਰੀਦਕੋਟ, 15 ਜਨਵਰੀ ਬਾਬਾ ਫ਼ਰੀਦ ਹੈਲਥ ਯੂਨੀਵਰਸਿਟੀ ਦੇ ਮੁਲਾਜ਼ਮ ਅੱਜ ਆਪਣੀਆਂ ਮੰਗਾਂ ਮਨਵਾਉਣ ਲਈ ਇੱਥੋਂ ਦੀ ਦਾਣਾ ਮੰਡੀ ਵਿੱਚ ਸਥਿਤ ਮਾਰਕਫੈੱਡ ਦੀ ਟੈਂਕੀ ’ਤੇ ਚੜ੍ਹ ਗਏ। ਇਹ ਮੁਲਾਜ਼ਮ ਆਪਣੀਆਂ ਮੰਗਾਂ ਲਈ ਪਿਛਲੇ 50 ਦਿਨਾਂ ਤੋਂ ਯੂਨੀਵਰਸਿਟੀ ਦੇ ਬਾਹਰ ਧਰਨੇ ’ਤੇ ਬੈਠੇ ਹੋਏ ਹਨ। ਪਰ ਯੂਨੀਵਰਸਿਟੀ ਨੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ। ਯੂਨੀਵਰਸਿਟੀ ਦੇ ਅੜੀਅਲ ਰਵੱਈਏ ਤੋਂ ਪ੍ਰੇਸ਼ਾਨ ਯੂਨੀਵਰਸਿਟੀ ਦੇ ਮੁਲਾਜ਼ਮ ਅੱਜ ਬਾਅਦ ਦੁਪਿਹਰ ਟੈਂਕੀ ਉੱਪਰ ਚੜ੍ਹ ਗਏ ਅਤੇ ਐਲਾਨ ਕੀਤਾ ਕਿ ਮੰਗਾਂ ਪੂਰੀਆਂ ਹੋਣ ਤੱਕ ਉਹ ਹੇਠਾਂ ਨਹੀਂ ਉਤਰਨਗੇ। ਕੜਾਕੇ ਦੀ ਠੰਢ ਦੇ ਬਾਵਜੂਦ ਮੁਲਾਜ਼ਮ ਦੀਪਕ ਕੁਮਾਰ, ਦਵਿੰਦਰ ਸਿੰਘ ਅਤੇ ਮਹੇਸ਼ ਕੁਮਾਰ ਟੈਂਕੀ ਦੇ ਸਿਖ਼ਰ ’ਤੇ ਚੜ੍ਹ ਗਏ ਜਦੋਂਕਿ ਦੋ ਦਰਜਨ ਦੇ ਕਰੀਬ ਮੁਲਾਜ਼ਮ ਯੂਨੀਵਰਸਿਟੀਆਂ ਦੀਆਂ ਪੌੜੀਆਂ ’ਤੇ ਬੈਠੇ ਹਨ। ਯੂਨੀਵਰਸਿਟੀ ਮੁਲਾਜ਼ਮਾਂ ਵੱਲੋਂ ਇਹ ਕਦਮ ਚੁੱਕਣ ਤੋਂ ਬਾਅਦ ਪੁਲੀਸ ਨੇ ਟੈਂਕੀ ਦੇ ਆਸ-ਪਾਸ ਦੇ ਖੇਤਰ ਨੂੰ ਆਪਣੇ ਘੇਰੇ ਵਿੱਚ ਲੈ ਲਿਆ ਹੈ। ਸਾਂਝੀ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂ ਗੁਰਇਕਬਾਲ ਸਿੰਘ ਨੇ ਆਖਿਆ ਕਿ ਯੂਨੀਵਰਸਿਟੀ ਦੇ 235 ਮੁਲਾਜ਼ਮ ਪਿਛਲੇ 12 ਸਾਲਾਂ ਤੋਂ ਯੂਨੀਵਰਸਿਟੀ ’ਚ ਨਿਰਵਿਘਨ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਯੂਨੀਵਰਸਿਟੀ ਮੁਲਾਜ਼ਮਾਂ ਨੂੰ ਪੱਕਾ ਨਹੀਂ ਕਰ ਰਹੀ ਜਦੋਂ ਕਿ ਬਾਅਦ ਵਿੱਚ ਆਏ ਮੁਲਾਜ਼ਮਾਂ ਨੂੰ ਯੂਨੀਵਰਸਿਟੀ ਨੇ ਰੈਗੂਲਰ ਕਰ ਦਿੱਤਾ ਹੈ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਗੱਲਬਾਤ ਲਈ ਚੰਡੀਗੜ੍ਹ ਬੁਲਾਇਆ ਗਿਆ ਸੀ ਅਤੇ ਇਸ ਮੁੱਦੇ ’ਤੇ ਗੱਲ ਕਰਨ ਦੀ ਥਾਂ ਮੁਲਾਜ਼ਮਾਂ ਨੂੰ ਅੰਦੋਲਨ ਵਾਪਸ ਲੈਣ ਲਈ ਧਮਕਾਇਆ ਗਿਆ।

ਸੇਵਾਵਾਂ ਪੱਕੀਆਂ ਕਰਨ ਦਾ ਅਖਤਿਆਰ ਸਰਕਾਰ ਕੋਲ: ਡਾ. ਰਾਜ ਬਹਾਦਰ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਦਾ ਅਧਿਕਾਰ ਪੰਜਾਬ ਸਰਕਾਰ ਕੋਲ ਹੈ। ਇਸ ਸਬੰਧੀ ਪਿਛਲੇ ਦਿਨੀਂ ਉੱਚ ਪੱਧਰੀ ਮੀਟਿੰਗ ਵੀ ਹੋਈ ਸੀ। ਉਨ੍ਹਾਂ ਕਿਹਾ ਕਿ ਉਹ ਅੰਦੋਲਨਕਾਰੀ ਮੁਲਾਜ਼ਮਾਂ ਦੀ ਤਨਖਾਹ ’ਚ 5 ਫ਼ੀਸਦੀ ਵਾਧਾ ਕਰਨ ਲਈ ਤਿਆਰ ਹਨ ਅਤੇ ਇਸ ਵਾਧੇ ਨੂੰ ਯੂਨੀਵਰਸਿਟੀ ਮੈਨੇਜਮੈਂਟ ਬੋਰਡ ਮਨਜ਼ੂਰੀ ਦੇ ਚੁੱਕਾ ਹੈ।

ਸੇਵਾਵਾਂ ਰੈਗੂਲਰ ਕਰਨ ਦਾ ਅਖਤਿਆਰ ਯੂਨੀਵਰਸਿਟੀ ਕੋਲ: ਮੁਲਾਜ਼ਮ ਸੰਘਰਸ਼ੀ ਮੁਲਾਜ਼ਮਾਂ ਨੇ ਕਿਹਾ ਕਿ ਸੇਵਾਵਾਂ ਪੱਕੀਆਂ ਕਰਨਾ ਯੂਨੀਵਰਸਿਟੀ ਦੇ ਹੀ ਅਖਤਿਆਰ ਵਿੱਚ ਹੈ ਅਤੇ ਇਸ ਨਾਲ ਪੰਜਾਬ ਸਰਕਾਰ ਦਾ ਕੋਈ ਵਾਸਤਾ ਨਹੀਂ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਪਹਿਲਾਂ ਹੀ ਪੱਤਰ ਲਿਖ ਕੇ ਯੂਨੀਵਰਸਿਟੀ ਨੂੰ ਕਹਿ ਚੁੱਕੀ ਹੈ ਕਿ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਵਿੱਚ ਪੰਜਾਬ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All