ਮੋਤੀ ਮਹਿਲ ਦੀ ਬਿਜਲੀ ਗੁਲ ਕਰੇਗੀ ‘ਆਪ’

ਹਰਪਾਲ ਸਿੰਘ ਚੀਮਾ

ਬਲਵਿੰਦਰ ਜੰਮੂ ਚੰਡੀਗੜ੍ਹ, 14 ਫਰਵਰੀ ਦਿੱਲੀ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਜਿੱਤਣ ਤੋਂ ਬਾਅਦ ਪੰਜਾਬ ਯੂਨਿਟ ਨੇ ਕੈਪਟਨ ਦੀ ਕਾਂਗਰਸ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਬਜਟ ਸੈਸ਼ਨ ਦੌਰਾਨ ਨਿੱਜੀ ਬਿਜਲੀ ਕੰਪਨੀਆਂ ਨਾਲ ਪਿਛਲੀ ਬਾਦਲ ਸਰਕਾਰ ਵੱਲੋਂ ਕੀਤੇ ਗਲਤ ਬਿਜਲੀ ਖ਼ਰੀਦ ਸਮਝੌਤੇ ਰੱਦ ਨਾ ਕੀਤੇ ਤਾਂ ‘ਆਪ’ ਲੋਕਾਂ ਦੇ ਸਹਿਯੋਗ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਸਥਿਤ ‘ਮੋਤੀ ਮਹਿਲ’ ਦਾ ਬਿਜਲੀ ਕੁਨੈਕਸ਼ਨ ਕੱਟ ਕੇ ਮਹਿਲਾਂ ਦੀ ਬਿਜਲੀ ਗੁੱਲ ਕਰੇਗੀ। ਇਥੇ ‘ਆਪ’ ਵਿਧਾਇਕ ਦਲ ਦੀ ਅੱਜ ਹੋਈ ਮੀਟਿੰਗ ’ਚ ਫ਼ੈਸਲਾ ਕੀਤਾ ਗਿਆ ਕਿ ਜੇ ਕੈਪਟਨ ਸਰਕਾਰ ਨੇ ਲੋਕਾਂ ਨੂੰ ਮਹਿੰਗੀ ਬਿਜਲੀ ਤੋਂ ਰਾਹਤ ਨਾ ਦਿੱਤੀ ਤਾਂ ਮੋਤੀ ਮਹਿਲ ਤੋਂ ਬਾਅਦ ਸਾਰੇ ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਘਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾਣਗੇ। ‘ਆਪ’ ਇਸ ਮੁੱਦੇ ’ਤੇ ਤਿੱਖਾ ਸੰਘਰਸ਼ ਕਰਨ ਦੇ ਰੌਂਅ ’ਚ ਹੈ। ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ’ਚ ਆਪ ਦੀ ਸ਼ਾਨਦਾਰ ਜਿੱਤ ਦਾ ਅਸਰ ਨਾ ਕੇਵਲ ਪੰਜਾਬ ਬਲਕਿ ਦੇਸ਼ ਤੇ ਵਿਦੇਸ਼ ’ਚ ਵੀ ਪਿਆ ਹੈ। ਬੇਅਦਬੀ ਕਾਂਡ ਦੀ ਸ਼ਮੂਲੀਅਤ ਵਾਲੇ ਬਾਦਲਾਂ ਤੋਂ ਲੋਕਾਂ ਦੇ ਨਾਲ-ਨਾਲ ਭਾਜਪਾ ਨੇ ਵੀ ਮੂੰਹ ਫੇਰ ਲਿਆ ਹੈ। ਅਮਨ ਅਰੋੜਾ ਨੇ ਕਿਹਾ ਕਿ ਬਜਟ ਸੈਸ਼ਨ ਮੁੱਖ ਮੰਤਰੀ ਦੇ ਨਾਲ-ਨਾਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਵੀ ‘ਅਗਨ ਪ੍ਰੀਖਿਆ’ ਹੋਵੇਗੀ ਕਿਉਂਕਿ ਉਨ੍ਹਾਂ ਨੇ ਆਪਣੇ ਪਹਿਲੇ ਬਜਟ ਭਾਸ਼ਣ ’ਚ ਪੰਜਾਬ ਦੀ ਆਰਥਿਕਤਾ ਨੂੰ ਲੀਹ ’ਤੇ ਲਿਆਉਣ ਲਈ ਤਿੰਨ ਸਾਲਾਂ ਦੀ ਮੋਹਲਤ ਮੰਗੀ ਸੀ। ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਦੌਰਾਨ ਪਾਰਟੀ ਬਿਜਲੀ ਸਮਝੌਤੇ ਰੱਦ ਕਰਨ, ਆਵਾਰਾ ਪਸ਼ੂਆਂ, ਸ਼ਰਾਬ ਕਾਰਪੋਰੇਸ਼ਨ ਸਮੇਤ ਵੱਖ-ਵੱਖ ਮੁੱਦਿਆਂ ’ਤੇ ਮਤੇ ਅਤੇ ਪ੍ਰਾਈਵੇਟ ਮੈਂਬਰ ਬਿੱਲ ਸਦਨ ’ਚ ਲਿਆ ਰਹੀ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਤੇ ਕਿਸਾਨ ਯੂਨੀਅਨਾਂ ਨੂੰ ਅਪੀਲ ਕੀਤੀ ਕਿ ਉਹ ਆਵਾਰਾ ਪਸ਼ੂਆਂ ਉੱਤੇ ‘ਆਪ’ ਵੱਲੋਂ ਲਿਆਂਦੇ ਜਾ ਰਹੇ ਮਤੇ ਦੀ ਹਮਾਇਤ ਲਈ ਆਪਣੇ ਆਪਣੇ ਹਲਕੇ ਦੇ ਵਿਧਾਇਕਾਂ ’ਤੇ ਦਬਾਅ ਬਣਾਉਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All