ਮੈਕਸ ਮਾਮਲਾ: ਵਿੱਤ ਤੇ ਸਿਹਤ ਵਿਭਾਗ ਦਰਮਿਆਨ ਰੇੜਕਾ ਜਾਰੀ

ਦਵਿੰਦਰ ਪਾਲ ਚੰਡੀਗੜ੍ਹ, 15 ਜਨਵਰੀ ਮੈਕਸ ਹਸਪਤਾਲ ਤੋਂ ਮਿਲਦੇ ਪੈਸੇ ਦੀ ਵਰਤੋਂ ਸਬੰਧੀ ਪੰਜਾਬ ਦੇ ਵਿੱਤ ਅਤੇ ਸਿਹਤ ਵਿਭਾਗ ਦਰਮਿਆਨ ਖਿੱਚੋਤਾਣ ਚੱਲ ਰਹੀ ਹੈ। ਸੂਤਰਾਂ ਅਨੁਸਾਰ ਵਿੱਤ ਵਿਭਾਗ ਵੱਲੋਂ ਇਹ ਪੈਸਾ ਸਰਕਾਰੀ ਖ਼ਜ਼ਾਨੇ ਵਿਚ ਲਿਆ ਕੇ ਇਸ ਦੀ ਵਰਤੋਂ ਕਰਨ ਲਈ ਕਿਹਾ ਜਾ ਰਿਹਾ ਹੈ ਜਦੋਂਕਿ ਸਿਹਤ ਵਿਭਾਗ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਪ੍ਰਮੁੱਖ ਸਕੱਤਰ ਸਿਹਤ ਦੀ ਅਗਵਾਈ ਹੇਠ ਬਣੀ ਕਮੇਟੀ ਵੱਲੋਂ ਹੀ ਪੈਸਾ ਖਰਚ ਕਰਨ ਦੀ ਗੱਲ ਕਹੀ ਜਾ ਰਹੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੈਸੇ ਦੀ ਵਰਤੋਂ ਦਾ ਵਿਵਾਦ ਖ਼ਤਮ ਨਾ ਹੋਣ ਕਰਕੇ ਖੁੰਦਕ ਵਜੋਂ ਵਿੱਤ ਵਿਭਾਗ ਨੇ ਸਿਵਲ ਸਰਜਨ ਮੁਹਾਲੀ ਦੇ ਅਮਲੇ ਦੀਆਂ ਤਨਖਾਹਾਂ ਰੋਕ ਲਈਆਂ ਹਨ। ਇਸ ਦਫ਼ਤਰ ਦਾ ਅਮਲਾ ਜਿਸ ਵਿਚ ਡਾਕਟਰ ਤੇ ਹੋਰ ਕਰਮਚਾਰੀ ਸ਼ਾਮਲ ਹਨ, ਨੂੰ ਅਕਤੂਬਰ ਮਹੀਨੇ ਤੋਂ ਤਨਖਾਹਾਂ ਨਹੀਂ ਮਿਲੀਆਂ। ਅਧਿਕਾਰੀਆਂ ਦਾ ਦੱਸਣਾ ਹੈ ਕਿ ਪੰਜਾਬ ਸਰਕਾਰ ਦੇ ਸਮਝੌਤੇ ਤਹਿਤ ਬਠਿੰਡਾ ਅਤੇ ਮੁਹਾਲੀ ਵਿਚ ਸਰਕਾਰੀ ਜ਼ਮੀਨ ’ਤੇ ਮੈਕਸ ਹਸਪਤਾਲ ਸਥਾਪਤ ਹੋਣ ਤੋਂ ਬਾਅਦ ਇਸ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਸਰਕਾਰ ਨੂੰ ਸਾਲਾਨਾ 4 ਕਰੋੜ ਰੁਪਏ ਦੇ ਕਰੀਬ ਦਾ ਮਾਲੀਆ ਦਿੱਤਾ ਜਾਂਦਾ ਹੈ। ਇਹ ਮਾਲੀਆ ਸਿਵਲ ਸਰਜਨ ਮੁਹਾਲੀ ਦੇ ਖਾਤੇ ਵਿਚ ਆਉਂਦਾ ਸੀ ਤੇ ਸਿਵਲ ਸਰਜਨ ਨੂੰ ਹੀ ਇਹ ਪੈਸਾ ਸਿਹਤ ਵਿਭਾਗ ਦੇ ਕੰਮਾਂ ਲਈ ਖ਼ਰਚਣ ਦਾ ਅਧਿਕਾਰ ਸੀ। ਸੂਬੇ ਵਿਚ ਕਾਂਗਰਸ ਸਰਕਾਰ ਦੇ ਹੋਂਦ ’ਚ ਆਉਣ ਤੋਂ ਬਾਅਦ ਇਸ ਪੈਸੇ ਦੀ ਵਰਤੋਂ ਸਬੰਧੀ ਨਵੇਂ ਸਿਰੇ ਤੋਂ ਚਰਚਾ ਹੋਈ ਤਾਂ ਸਿਵਲ ਸਰਜਨ ਤੋਂ ਅਧਿਕਾਰ ਵਾਪਸ ਲੈ ਲਏ ਗਏ। ਸੂਤਰਾਂ ਦਾ ਦੱਸਣਾ ਹੈ ਕਿ ਅਗਸਤ 2019 ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਮੈਕਸ ਹਸਪਤਾਲ ਤੋਂ ਮਿਲਦੇ ਪੈਸੇ ਨੂੰ ਪੰਜਾਬ ਸਿਹਤ ਨਿਗਮ ਦੇ ਖਾਤੇ ਵਿਚ ਰੱਖਿਆ ਜਾਵੇਗਾ। ਇਸ ਪੈਸੇ ਦੀ ਵਰਤੋਂ ਲਈ ਪ੍ਰਮੁੱਖ ਸਕੱਤਰ ਸਿਹਤ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਗਿਆ ਸੀ ਤੇ ਕਮੇਟੀ ਵੱਲੋਂ ਹੀ ਫ਼ੈਸਲਾ ਲਿਆ ਜਾਣਾ ਸੀ ਕਿ ਪੈਸੇ ਦੀ ਵਰਤੋਂ ਕਦੋਂ ਤੇ ਕਿਵੇਂ ਜਾਂ ਕਿਸ ਉਦੇਸ਼ ਲਈ ਕੀਤੀ ਜਾਣੀ ਹੈ। ਸੀਨੀਅਰ ਅਧਿਕਾਰੀਆਂ ਦਾ ਦੱਸਣਾ ਹੈ ਕਿ ਵਿੱਤ ਵਿਭਾਗ ਨੇ ਮੈਕਸ ਤੋਂ ਮਿਲਦੇ ਪੈਸੇ ਦੀ ਵਰਤੋਂ ਸਿੱਧੇ ਵਿਭਾਗ ਵੱਲੋਂ ਕਰਨ ’ਤੇ ਇਤਰਾਜ਼ ਜਤਾਇਆ।

ਮੁੱਖ ਮੰਤਰੀ ਦੇ ਦਖ਼ਲ ਮਗਰੋਂ ਵੀ ਪਰਨਾਲਾ ਉੱਥੇ ਦਾ ਉੱਥੇ ਸੂਤਰਾਂ ਅਨੁਸਾਰ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਪੱਧਰ ’ਤੇ ਵਿਚਾਰਿਆ ਗਿਆ ਹੈ। ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦੇ ਦਖ਼ਲ ਤੋਂ ਬਾਅਦ ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਪੈਸੇ ਵੀ ਵਰਤੋਂ ਦਾ ਰੱਫੜ ਖ਼ਤਮ ਕਰਨ ਦਾ ਭਰੋਸਾ ਵੀ ਦਿਵਾਇਆ ਪਰ ਪਰਨਾਲਾ ਉੱਥੇ ਦਾ ਉੱਥੇ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All