ਮੇਲਾ ਮਾਘੀ: ਖ਼ਰਾਬ ਮੌਸਮ ਦੇ ਬਾਵਜੂਦ ਲੱਖਾਂ ਸ਼ਰਧਾਲੂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਪੁੱਜੇ

ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਪੁੱਜੇ ਸ਼ਰਧਾਲੂ।

ਗੁਰਸੇਵਕ ਸਿੰਘ ਪ੍ਰੀਤ ਸ੍ਰੀ ਮੁਕਤਸਰ ਸਾਹਿਬ, 14 ਜਨਵਰੀ ਦੋ ਦਿਨਾਂ ਦੌਰਾਨ ਮੁਕਤਸਰ ’ਚ 26.2 ਐੱਮ.ਐੱਮ. ਬਾਰਸ਼ ਹੋਣ ਅਤੇ ਖ਼ਰਾਬ ਮੌਸਮ ਦੇ ਬਾਵਜੂਦ ਅੱਜ 40 ਮੁਕਤਿਆਂ ਨੂੰ ਸ਼ਰਧਾ ਸੁਮਨ ਭੇਟ ਕਰਨ ਲਈ ਲੱਖਾਂ ਸ਼ਰਧਾਲੂ ਮੁਕਤਸਰ ਪੁੱਜੇ ਅਤੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਦੇ ਸਰੋਵਰ ਵਿਚ ਇਸ਼ਨਾਨ ਕੀਤਾ। ਲੋਹੜੀ ਵਾਲੀ ਰਾਤ 12 ਵਜੇ ਤੋਂ ਇਸ਼ਨਾਨ ਸ਼ੁਰੂ ਹੋ ਗਿਆ ਸੀ ਤੇ ਅੱਜ ਸਾਰਾ ਦਿਨ ਸੰਗਤਾਂ ਦੀ ਆਮਦ ਬਣੀ ਰਹੀ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਬਲਦੇਵ ਸਿੰਘ ਨੇ ਦੱਸਿਆ ਕਿ ਮੌਸਮ ਦੀ ਖ਼ਰਾਬੀ ਦੇ ਬਾਵਜੂਦ ਸ਼ਰਧਾਲੂਆਂ ਦੀ ਆਮਦ ’ਚ ਕੋਈ ਕਮੀ ਨਹੀਂ ਆਈ। ਦਰਬਾਰ ਸਾਹਿਬ ਵਿਖੇ ਪ੍ਰਦਰਸ਼ਨੀ ਵੀ ਲਾਈ ਗਈ ਹੈ। ਸਕਾਊਟਸ ਦੇ ਕੈਡਿਟ ਜੋੜਿਆਂ ਦੀ ਸੇਵਾ ਕਰ ਰਹੇ ਹਨ। ਵੱਡੀ ਗਿਣਤੀ ‘ਚ ਲੋਕ ਪੈਦਲ, ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ ਉੱਪਰ ਆਏ ਪਰ ਇਸ ਦੌਰਾਨ ਪ੍ਰਸ਼ਾਸਨ ਨੇ ਢਿੱਲੇ ਪ੍ਰਬੰਧਾਂ ਨੇ ਸ਼ਰਧਾਲੂਆਂ ਨੂੰ ਭਾਰੀ ਬਿਪਤਾ ਵਿਚ ਪਾਈ ਰੱਖਿਆ। ਗੁਰਦੁਆਰੇ ਦੇ ਆਸੇ-ਪਾਸੇ ਦੀਆਂ ਸਾਰੀਆਂ ਸੜਕਾਂ ’ਤੇ ਗੰਦਾ ਪਾਣੀ ਭਰਿਆ ਹੋਇਆ ਸੀ। ਸੜਕਾਂ ’ਤੇ ਰੌਸ਼ਨੀ ਦੀ ਘਾਟ ਸੀ। ਸ਼ਹਿਰੋਂ ਬਾਹਰਵਾਰ ਬਣਾਈਆਂ ਪਾਰਕਿੰਗਾਂ ਵਿਚ ਗੱਡੀਆਂ ਖੜ੍ਹਾਉਣ ਦਾ ਕੋਈ ਠੀਕ ਪ੍ਰਬੰਧ ਨਹੀਂ ਸੀ। ਪ੍ਰਸ਼ਾਸਨ ਵੱਲੋਂ ਪਾਰਕਿੰਗਾਂ ਤੋਂ ਲਿਆਉਣ ਲਈ ਵੈਨਾਂ ਭੇਜਣ ਦਾ ਦਾਅਵਾ ਕੀਤਾ ਗਿਆ ਸੀ ਪਰ ਕੋਈ ਵੈਨ ਵਿਖਾਈ ਨਹੀਂ ਦਿੱਤੀ। ਆਰਜ਼ੀ ਪਿਸ਼ਾਬਘਰਾਂ ਦੀ ਹਾਲਤ ਮਾੜੀ ਸੀ। ਆਵਾਜਾਈ ਦਾ ਪ੍ਰਬੰਧ ਇੰਨਾ ਮਾੜਾ ਸੀ ਕਿ ਘੰਟਿਆਂ ਬੱਧੀ ਆਵਾਜਾਈ ਠੱਪ ਰਹੀ। ਬਾਈਪਾਸ ਉੱਪਰ ਵੀ ਜਾਮ ਲੱਗੇ ਰਹੇ। ਕਾਂਗਰਸੀ ਆਗੂ ਬਿੱਲੂ ਸਿੱਧੂ ਨੇ ਦੱਸਿਆ ਕਿ ਕੋਟਕਪੂਰਾ ਰੋਡ ਉੱਪਰ ਸ਼ਹਿਰ ਦੇ ਰਹਿਣ ਵਾਲਿਆਂ ਤੇ ਕਾਰਡ ਹੋਲਡਰਾਂ ਨੂੰ ਸ਼ਹਿਰ ਵਿਚ ਵੜਨ ਨਹੀਂ ਦਿੱਤਾ ਗਿਆ, ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਭੀੜ ‘ਚ ਫਸੇ ਬਜ਼ੁਰਗਾਂ, ਬੱਚਿਆਂ ਤੇ ਔਰਤਾਂ ਦੀ ਹਾਲਤ ਮਾੜੀ ਸੀ।

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਮਾਘੀ ਮੇਲਾ

ਤਲਵੰਡੀ ਸਾਬੋ (ਪੱਤਰ ਪ੍ਰੇਰਕ): ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮਾਘੀ ਮੇਲਾ ਸ਼ਰਧਾ ਨਾਲ ਮਨਾਇਆ ਗਿਆ। ਅੱਜ ਸਵੇਰੇ ਤਖ਼ਤ ਸਾਹਿਬ ਦੇ ਗੁਰਦੁਆਰਾ ਮਾਤਾ ਸਾਹਿਬ ਕੌਰ ਸੁੰਦਰ ਕੌਰ ਸਮੇਤ ਹੋਰਨਾਂ ਗੁਰਦੁਆਰਿਆਂ ਵਿਚ ਮਾਘ ਮਹੀਨੇ ਦੀ ਸੰਗਰਾਂਦ ਦੇ ਭੋਗ ਪਾਏ ਗਏ ਤੇ ਅਰਦਾਸ ਕੀਤੀ ਗਈ। ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਗੁਰਜੰਟ ਸਿੰਘ, ਗੁਰਦੁਆਰਾ ਸੰਤ ਸੇਵਕ ਬੁੰਗਾ ਮਸਤੂਆਣਾ ਸਾਹਿਬ ਦੇ ਚੇਅਰਮੈਨ ਬਾਬਾ ਛੋਟਾ ਸਿੰਘ ਅਤੇ ਬਾਬਾ ਕਾਕਾ ਸਿੰਘ ਨੇ ਸੰਗਤ ਨੂੰ ਮਾਘੀ ਦੀ ਵਧਾਈ ਦਿੱਤੀ। ਗੁਰਦੁਆਰਿਆਂ ਅੰਦਰ ਸਾਰਾ ਦਿਨ ਜਿੱਥੇ ਕਥਾ-ਕੀਰਤਨ ਤੇ ਗੁਰਬਾਣੀ ਵਖਿਆਨ ਹੁੰਦਾ ਰਿਹਾ, ਉੱਥੇ ਹੀ ਧਾਰਮਿਕ ਸਮਾਗਮਾਂ ਵਿਚ ਢਾਡੀਆਂ ਅਤੇ ਕਵੀਸ਼ਰਾਂ ਨੇ ਸਿੱਖ ਇਤਿਹਾਸ ਨਾਲ ਸਬੰਧਤ ਵਾਰਾਂ ਪੇਸ਼ ਕੀਤੀਆਂ। ਮੇਲੇ ਵਿਚ ਸ਼ਰਧਾਵਾਨਾਂ ਨੇ ਸੰਗਤ ਲਈ ਤਰ੍ਹਾਂ-ਤਰ੍ਹਾਂ ਦੇ ਲੰਗਰ ਲਾਏ ਹੋਏ ਸਨ।ਮੇਲੇ ਵਿਚ ਪੁੱਜੀ ਸੰਗਤ ਨੇ ਸਰੋਵਰਾਂ ਵਿਚ ਇਸ਼ਨਾਨ ਕੀਤਾ। ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਗੁਰਦੁਆਰਾ ਬਾਬਾ ਬੀਰ ਸਿੰਘ ਧੀਰ ਸਿੰਘ ਵਿਖੇ ਅੰਮ੍ਰਿਤ ਸੰਚਾਰ ਕੀਤਾ ਗਿਆ। ਇਸ ਦੌਰਾਨ ਸੈਂਕੜੇ ਪ੍ਰਾਣੀ ਖੰਡੇ ਬਾਟੇ ਦਾ ਪਾਹੁਲ ਛਕ ਕੇ ਗੁਰੂ ਵਾਲੇ ਬਣੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All