ਮੇਲਾ ਮਾਘੀ: ਕੌਮੀ ਮੰਡੀ ’ਚ ਨੁਕਰੇ ਘੋੜਿਆਂ ਦੀ ਸਰਦਾਰੀ

ਮੁਕਤਸਰ ਦੇ ਮੇਲਾ ਮਾਘੀ ਮੌਕੇ ਮੰਡੀ ਵਿੱਚ ਵਿਕਰੀ ਲਈ ਆਇਆ ਘੋੜਾ।

ਗੁਰਸੇਵਕ ਸਿੰਘ ਪ੍ਰੀਤ ਸ੍ਰੀ ਮੁਕਤਸਰ ਸਾਹਿਬ, 16 ਜਨਵਰੀ ਕੜਾਕੇ ਦੀ ਠੰਢ ਦੇ ਬਾਵਜੂਦ ਮੁਕਤਸਰ ਦੇ ਮੇਲਾ ਮਾਘੀ ਮੌਕੇ ‘ਕੌਮੀ ਘੋੜਾ ਮੰਡੀ’ ਵਿੱਚ ਘੋੜਿਆਂ ਦਾ ਵਪਾਰ ਤੇਜ਼ੀ ਨਾਲ ਚੱਲ ਰਿਹਾ ਹੈ। ਦਸਹਿਰੇ ਅਤੇ ਮੇਲਾ ਮਾਘੀ ਮੌਕੇ ਮੁਕਤਸਰ ਵਿਚ ਕੌਮੀ ਪਸ਼ੂ ਮੰਡੀ ਲੱਗਦੀ ਹੈ। ਮੰਡੀ ਵਿੱਚ ਮੁੰਬਈ, ਦਿੱਲੀ, ਜੈਪੁਰ, ਕਾਠੀਆਵਾੜ ਤੋਂ ਇਲਾਵਾ ਆਂਧਰਾ ਪ੍ਰਦੇਸ਼, ਉਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਤੋਂ ਆਏ ਵਪਾਰੀ ਧੜਾਧੜ ਘੋੜੇ ਖਰੀਦ ਰਹੇ ਹਨ। ਜ਼ਿਆਦਾ ਮੰਗ ਨੁਕਰੇ ਘੋੜੇ ਦੀ ਹੈ ਕਿਉਂਕਿ ਨੁਕਰਾ ਘੋੜਾ ਕਮਾਈ ਦਾ ਸਾਧਨ ਹੈ। ਇਹ ਘੋੜਾ ਦੁੱਧ ਚਿੱਟੇ ਰੰਗ ਦਾ ਹੁੰਦਾ ਹੈ। ਇਹ ਘੋੜੇ ਵਿਆਹਾਂ ਤੇ ਹੋਰ ਜਸ਼ਨ ਦੇ ਮੌਕਿਆਂ ਲਈ ਵਰਤੇ ਜਾਂਦੇ ਹਨ। ਇਹ ਘੋੜੇ ਬੱਘੀਆਂ ਅੱਗੇ ਵੀ ਲਾਏ ਜਾਂਦੇ ਹਨ। ਜਦੋਂ ਕਿ ਮਾਰਵਾੜੀ ਘੋੜੇ ਸ਼ੌਕੀਆ ਪਾਲੇ ਜਾਂਦੇ ਹਨ, ਇਨ੍ਹਾਂ ਘੋੜਿਆਂ ਦੇ ਵਪਾਰੀ ਘੱਟ ਹਨ ਪਰ ਇਨ੍ਹਾਂ ਦਾ ਮੁੱਲ ਮੂੰਹੋਂ ਮੰਗਿਆ ਹੁੰਦਾ ਹੈ। ਘੋੜਿਆਂ ਦੇ ਵਪਾਰੀ ਬਨੀ ਸਿੱਧੂ, ਗੁਰਮੇਲ ਸਿੰਘ ਪਟਵਾਰੀ, ਟੀਨਾ ਸਿੱਧੂ, ਪਰਮਜੀਤ ਸਿੰਘ ਸਰਪੰਚ, ਜਸਵਿੰਦਰ ਮਹਾਂਬੱਧਰ ਹੋਰਾਂ ਨੇ ਦੱਸਿਆ ਕਿ ਨੁਕਰੇ ਘੋੜੇ 5 ਲੱਖ ਰੁਪਏ ਤੱਕ ਦੇ ਆਸਾਨੀ ਨਾਲ ਵਿਕ ਜਾਂਦੇ ਹਨ। ਇਸ ਮੰਡੀ ਵਿੱਚ ਆਲੀਸ਼ਾਨ ਪੰਡਾਲ ਵਿੱਚ ਸਜੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਘੋੜੇ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕਾਰਨ ਬਣੇ ਹੋਏ ਹਨ। ਇਹ ਘੋੜੇ ਸਿਰਫ਼ ਪ੍ਰਦਰਸ਼ਨੀ ਵਾਸਤੇ ਹੀ ਲਿਆਂਦੇ ਗਏ ਹਨ। ਇਸ ਪ੍ਰਦਰਸ਼ਨੀ ਵਿੱਚ ਮਾਰਵਾੜੀ, ਨੁਕਰੇ ਅਤੇ ਅਮਰੀਕਾ ਤੋਂ ਮੰਗਵਾਇਆ ਸਪੈਸ਼ਲ ਘੋੜਾ ਵੀ ਮੌਜੂਦ ਹੈ ਜਿਸ ਦਾ ਕੱਦ ਸਿਰਫ ਤਿੰਨ ਕੁ ਫੁੱਟ ਦਾ ਹੀ ਹੈ। ਮੰਡੀ ਪ੍ਰਬੰਧਕ ਬਿੰਨੀ ਨੇ ਦੱਸਿਆ ਕਿ ਕਰੀਬ ਚਾਰ ਸੌ ਘੋੜੇ ਵਿਕ ਚੁੱਕੇ ਹਨ।

ਛੋਟੇ ਪਸ਼ੂ ਪਾਲਕਾਂ ਦਾ ਹੋ ਰਿਹਾ ਹੈ ਨੁਕਸਾਨ

ਸਿੱਧੂ ਸਟੱਡ ਫਾਰਮ ਦੇ ਪਰਮਜੀਤ ਸਿੰਘ ਬਿੱਲੂ ਸਿੱਧੂ ਨੇ ਕਿਹਾ ਕਿ ਮੰਡੀ ਵਿੱਚ ਵਪਾਰੀ ਕਥਿਤ ਤੌਰ ’ਤੇ ਮਿਲ ਕੇ ਘੋੜਿਆਂ ਦੇ ਮੁੱਲ 50 ਲੱਖ ਤੋਂ ਕਰੋੜ ਰੁਪਏ ਤਕ ਲੈ ਜਾਂਦੇ ਹਨ ਜਦੋਂ ਕਿ ਅਸਲ ਵਿੱਚ ਇਹ ਬਹੁਤ ਘੱਟ ਕੀਮਤ ਦੇ ਹੁੰਦੇ ਹਨ। ਜਦੋਂ ਗੱਲੀਂ ਬਾਤੀਂ ਘੋੜੇ ਦਾ ਮੁੱਲ ਲੱਖਾਂ ਰੁਪਏ ਲੱਗ ਜਾਂਦਾ ਹੈ ਤਾਂ ਦੋ-ਚਾਰ ਲੱਖ ਰੁਪਏ ਵਿੱਚ ਵਿਕਣ ਵਾਲੇ ਘੋੜਿਆਂ ਦੇ ਮਾਲਕ ਵੀ ਲੱਖਾਂ ਰੁਪਏ ਮੰਗਣ ਲੱਗ ਜਾਂਦੇ ਹਨ। ਇਸ ਕਰ ਕੇ ਮੰਡੀ ਵਿਚ ਸਹੀ ਕੀਮਤ ਨਹੀਂ ਲੱਗਦੀ ਤੇ ਵਿਕਰੀ ਰੁਕ ਜਾਂਦੀ ਹੈ। ਇਸ ਨਾਲ ਛੋਟੇ ਪਸ਼ੂ ਪਾਲਕਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All