ਮੇਲਾ ਮਾਘੀ: ਅਖੰਡ ਪਾਠ ਨਾਲ ਧਾਰਮਿਕ ਸਮਾਗਮ ਆਰੰਭ

ਗੁਰਸੇਵਕ ਸਿੰਘ ਪ੍ਰੀਤ ਸ੍ਰੀ ਮੁਕਤਸਰ ਸਾਹਿਬ, 12 ਜਨਵਰੀ

ਮਾਘੀ ਮੇਲੇ ਸਬੰਧੀ ਰੌਸ਼ਨੀਆਂ ਨਾਲ ਸਜਾਏ ਸ੍ਰੀ ਦਰਬਾਰ ਸਾਹਿਬ ਮੁਕਤਸਰ ਦਾ ਬਾਹਰੀ ਦ੍ਰਿਸ਼।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਗ਼ਲ ਸਾਮਰਾਜ ਖ਼ਿਲਾਫ਼ ਆਖ਼ਰੀ ਤੇ ਨਿਰਣਾਇਕ ਯੁੱਧ ਕਰਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ ਚਾਲੀ ਸਿੰਘਾਂ ਦੀ ਯਾਦ ਵਿੱਚ ਲੱਗਣ ਵਾਲੇ ਸ਼ਹੀਦੀ ਜੋੜ ਮੇਲੇ ਸਬੰਧੀ ਧਾਰਮਿਕ ਸਮਾਗਮ ਅੱਜ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣ ਨਾਲ ਸ਼ੁਰੂ ਹੋ ਗਏ ਹਨ। ਗੁਰਦੁਆਰਾ ਕਮੇਟੀ ਵੱਲੋਂ ਸ਼ਰਧਾਲੂਆਂ ਦੀ ਆਮਦ ਸਬੰਧੀ ਵਿਆਪਕ ਪ੍ਰਬੰਧ ਕੀਤੇ ਗਏ ਹਨ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਬਲਦੇਵ ਸਿੰਘ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੀ ਸਾਫ ਸਫਾਈ ਤੇ ਖੂਬਸੂਰਤੀ ਦਾ ਖ਼ਾਸ ਖਿਆਲ ਰੱਖਿਆ ਗਿਆ ਹੈ। ਇਸੇ ਤਰ੍ਹਾਂ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜ ਗਏ ਹਨ ਜਿਥੇ ਰਾਗੀ, ਢਾਡੀ ਤੇ ਵਿਦਵਾਨ ਅੱਜ ਤੇ ਭਲਕੇ ਗੁਰੂ ਜੱਸ ਗਾਇਨ ਕਰਨਗੇ। ਇਸੇ ਤਰ੍ਹਾਂ ਗੁਰਦੁਆਰਾ ਟਿੱਬੀ ਸਾਹਿਬ ਕੰਪਲੈਕਸ ਵਿਖੇ ਸਥਿਤ ਤਿੰਨ ਗੁਰਦੁਆਰਿਆਂ ‘ਚ ਵੀ ਧਾਰਮਿਕ ਸਮਾਗਮ ਸ਼ੁਰੂ ਹੋ ਗਏ ਹਨ। ਮੁਕਤਸਰ ਸਥਿਤ ਤਿੰਨ ਨਿਹੰਗ ਛਾਉਣੀਆਂ ’ਚ ਦਸਮ ਗ੍ਰੰਥ ਦਾ ਭਲਕੇ ਪ੍ਰਕਾਸ਼ ਕੀਤਾ ਜਾਵੇਗਾ, ਜਿਸ ਦਾ ਭੋਗ 15 ਜਨਵਰੀ ਨੂੰ ਪਾਇਆ ਜਾਵੇਗਾ। ਉਪਰੰਤ ਹੋਲਾ ਮਹੱਲਾ ਕੱਢਿਆ ਜਾਵੇਗਾ। ਨਿਹੰਗ ਸਿੰਘਾਂ ਨੇ ਯੁੱਧ ਕਲਾ ਦੇ ਜੌਹਰ ਵਿਖਾਉਣ ਲਈ ਮੈਦਾਨ, ਘੋੜੇ ਤੇ ਸ਼ਾਸਤਰ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ। ਖੇਤਰ ਵਿੱਚ ਲੰਗਰ ਵੱਡੀ ਗਿਣਤੀ ਵਿੱਚ ਲੱਗ ਗਏ ਹਨ।

ਪੰਜਾਬ ਸਰਕਾਰ ਨੇ ਵਿਸਾਰੀ ਚਾਲੀ ਮੁਕਤਿਆਂ ਦੀ ਯਾਦਗਾਰ ਨਿੱਜੀ ਪੱਤਰ ਪ੍ਰੇਰਕ ਸ੍ਰੀ ਮੁਕਤਸਰ ਸਾਹਿਬ, 12 ਜਨਵਰੀ ਚਾਲੀ ਮੁਕਤਿਆਂ ਦੀ ਲਾਸਾਨੀ ਸ਼ਹਾਦਤ ਨਾਲ ਸਬੰਧਤ 300 ਸਾਲਾ ਯਾਦਗਾਰੀ ਵਰ੍ਹੇ ਦੌਰਾਨ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੁਕਤਸਰ ਦੇ ਗੁਰਦੁਆਰਾ ਟਿੱਬੀ ਸਾਹਿਬ ਕੰਪਲੈਕਸ ਵਿਖੇ ‘ਚਾਲੀ ਮੁਕਤਿਆਂ ਤੇ ਮਾਈ ਭਾਗੋ ਦੀ ਯਾਦਗਾਰ’ ਬਣਾਉਣ ਦਾ ਐਲਾਨ ਕੀਤਾ ਸੀ। ਇਸ ਯਾਦਗਾਰ ਦਾ ਨੀਂਹ ਪੱਥਰ 2 ਮਈ 2005 ਨੂੰ ਰੱਖਿਆ ਗਿਆ ਸੀ ਪਰ ਸਰਕਾਰ ਨੇ ਆਪਣਾ ਵਾਅਦਾ ਵਿਸਾਰ ਦਿੱਤਾ। ਸਮਾਰਕ ਬਣਨਾ ਤਾਂ ਦੂਰ ਕਰੀਬ 7 ਸਾਲ ਤੱਕ ਇਹ ਨੀਂਹ ਪੱਥਰ ਸੁੰਨਾ ਖੜ੍ਹਾ ਰਿਹਾ ਤੇ ਫਿਰ ਹੌਲੀ ਹੌਲੀ ਇਹ ਢਹਿ ਢੇਰੀ ਹੋ ਗਿਆ। ਹੁਣ ਤਾਂ ਇਸ ਦਾ ਨਾਮੋ-ਨਿਸ਼ਾਨ ਹੀ ਗਾਇਬ ਹੋ ਗਿਆ ਹੈ। ਮਾਈਭਾਗੋ ਤੇ 40 ਮੁਕਤਿਆਂ ਦੀ ਸ਼ਹੀਦੀ ਯਾਦਗਾਰ ਦਾ ਨੀਂਹ ਪੱਥਰ ਰੱਖਦਿਆਂ ਸ੍ਰੀ ਬਾਦਲ ਨੇ ਐਲਾਨ ਕੀਤਾ ਸੀ ਕਿ ਇਸ ਥਾਂ ’ਤੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਲਾਸਾਨੀ, ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲੀ ਸਮਾਰਕ ਕੰਧ ਬਣਾਈ ਜਾਵੇਗੀ, ਜਿਸ ’ਤੇ ਚਾਲੀ ਮੁਕਤਿਆਂ ਤੇ ਮਾਤਾ ਭਾਗ ਕੌਰ ਦੇ ਜੀਵਨ ਨੂੰ ਰੂਪਮਾਨ ਕੀਤਾ ਜਾਵੇਗਾ। ਉਨ੍ਹਾਂ ਆਖਿਆ ਸੀ ਕਿ ਵਿਸ਼ਵ ਭਰ ਵਿੱਚ ਆਪਣੀ ਤਰ੍ਹਾਂ ਦੀ ਇਹ ਪਹਿਲੀ ਤੇ ਅਨੋਖੀ ਯਾਦਗਾਰ ਹੋਵੇਗੀ, ਜਿਸ ’ਤੇ ਕਰੋੜਾਂ ਰੁਪਏ ਖਰਚ ਕੀਤੇ ਜਾਣਗੇ ਤੇ ਲੋਕ ਦੇਸ਼-ਵਿਦੇਸ਼ ਤੋਂ ਇਸ ਨੂੰ ਵੇਖਣ ਲਈ ਆਇਆ ਕਰਨਗੇ। ਉਨ੍ਹਾਂ ਇਕ ਸਾਲ ਦੇ ਅੰਦਰ ਅੰਦਰ ਇਹ ਯਾਦਗਾਰ ਮੁਕੰਮਲ ਹੋਣ ਦਾ ਦਾਅਵਾ ਕੀਤਾ ਸੀ ਪਰ 15 ਸਾਲ ਬਾਅਦ ਵੀ ਇਸ ਸਮਾਰਕ ਦੇ ਨਾਂ ਇਕ ਇੱਟ ਵੀ ਨਹੀਂ ਲਾਈ ਗਈ।

ਮੁਕਤਸਰ ’ਚ ਰੱਖੇ ਯਾਦਗਾਰ ਦੇ ਨੀਂਹ ਪੱਥਰ ਦੀ ਤਸਵੀਰ।

ਇਸ ਸਬੰਧੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੇ ਨਿੱਜੀ ਸਹਾਇਕ ਨੇ ਸ੍ਰੀ ਲੌਂਗੋਵਾਲ ਦੇ ਬੈਠਕ ’ਚ ਰੁੱਝੇ ਦਾ ਹਵਾਲਾ ਦੇ ਕੇ ਗੱਲ ਕਰਵਾਉਣ ਤੋਂ ਨਾਂਹ ਕਰ ਦਿੱਤੀ।

ਇਹ ਬਹੁਤ ਮਾੜੀ ਗੱਲ ਹੈ: ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਤਕਾਲੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਇਹ ਬਹੁਤ ਮਾੜੀ ਗੱਲ ਹੈ ਕਿ ਜੋ ਪ੍ਰਾਜੈਕਟ ਐਲਾਨਿਆ ਗਿਆ ਸੀ, ਉਹ ਸ਼ੁਰੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਇਕ ਪ੍ਰਧਾਨ ਵੱਲੋਂ ਕੋਈ ਐਲਾਨ ਕੀਤਾ ਗਿਆ ਹੈ ਤਾਂ ਉਸ ਨੂੰ ਅਗਲੇ ਪ੍ਰਧਾਨ ਵੱਲੋਂ ਪੂਰਾ ਕੀਤਾ ਜਾਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All