ਮਾਲ ਪਟਵਾਰੀਆਂ ਵੱਲੋਂ ਮੰਗਾਂ ਮਨਵਾਉਣ ਲਈ ਧਰਨਾ

ਡਾ. ਹਿਮਾਂਸ਼ੂ ਸੂਦ ਫ਼ਤਹਿਗੜ੍ਹ ਸਾਹਿਬ 11 ਅਕਤੂਬਰ ਦਿ ਮਾਲ ਪਟਵਾਰ ਯੂਨੀਅਨ ਦੀ ਜ਼ਿਲ੍ਹਾ ਇਕਾਈ ਵੱਲੋਂ ਪਟਵਾਰੀਆਂ ਅਤੇ ਸੇਵਾ ਮੁਕਤ ਪਟਵਾਰੀ/ਕਾਨੂੰਗੋਆਂ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਦੁਪਹਿਰ 11 ਵਜੇ ਤੋਂ 2 ਵਜੇ ਤੱਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਰੋਸ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਹੋਇਆ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਤੇ ਮੁਲਾਜ਼ਮ ਵਿਰੋਧੀ ਹੋਣ ਦਾ ਦੋਸ਼ ਲਾਉਂਦੇ ਹੋਏ ਸਖ਼ਤ ਆਲੋਚਨਾ ਕੀਤੀ। ਜ਼ਿਲ੍ਹਾ ਜਨਰਲ ਸਕੱਤਰ ਪ੍ਰਿੰਸਜੀਤ ਸਿੰਘ ਨੇ ਦੱਸਿਆ ਕਿ ਇਸ ਧਰਨੇ ਤੋਂ ਪਹਿਲਾਂ ਪਟਵਾਰ ਯੂਨੀਅਨ ਵੱਲੋਂ ਤਹਿਸੀਲ ਪੱਧਰ ਉੱਪਰ ਦੇ ਧਰਨੇ ਦਿੱਤੇ ਗਏ ਤੇ ਅੱਜ ਪੰਜਾਬ ਭਰ ਵਿਚ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਧਰਨੇ ਦਿੱਤੇ ਜਾ ਰਹੇ ਹਨ। ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੂਬਾ ਕਮੇਟੀ ਮੁਤਾਬਕ ਜ਼ਿਮਨੀ ਚੋਣਾਂ ਵਾਲੇ ਹਲਕਿਆਂ ਵਿਚ ਸਰਕਾਰ ਖ਼ਿਲਾਫ਼ ਰੋਸ ਰੈਲੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 12 ਅਕਤੂਬਰ ਨੂੰ ਜਲਾਲਾਬਾਦ ਦੀ ਰੈਲੀ ਵਿਚ ਜ਼ਿਲ੍ਹਾ ਬਠਿੰਡਾ, ਮਾਨਸਾ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਮੁਕਤਸਰ ਅਤੇ ਫ਼ਰੀਦਕੋਟ, 15 ਨੂੰ ਫਗਵਾੜਾ ਦੀ ਰੈਲੀ ਵਿਚ ਤਰਨਤਾਰਨ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ ਅਤੇ ਰੋਪੜ, 17 ਨੂੰ ਮੁਕੇਰੀਆਂ ਦੀ ਰੈਲੀ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਹੁਸ਼ਿਆਰਪੁਰ ਅਤੇ 19 ਅਕਤੂਬਰ ਨੂੰ ਮੁੱਲਾਂਪੁਰ ਦਾਖਾ ਦੀ ਰੈਲੀ ਵਿਚ ਜ਼ਿਲ੍ਹਾ ਲੁਧਿਆਣਾ, ਮੁਹਾਲੀ, ਫ਼ਤਹਿਗੜ੍ਹ ਸਾਹਿਬ, ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮੋਗਾ ਦੇ ਪਟਵਾਰੀ ਭਾਗ ਲੈਣਗੇ। ਉਨ੍ਹਾਂ ਮੰਗ ਕੀਤੀ ਕਿ ਸੇਵਾ ਮੁਕਤ ਪਟਵਾਰੀ/ਕਾਨੂੰਗੋਆਂ ਨੂੰ ਮੁੜ ਭਰਤੀ ਕਰਨ ਵਾਲਾ ਪੱਤਰ ਰੱਦ ਕਰਕੇ ਪਟਵਾਰੀਆਂ ਦੀ ਨਵੀਂ ਭਰਤੀ ਕੀਤੀ ਜਾਵੇ, 1996 ਤੋਂ ਬਾਅਦ ਸੀਨੀਅਰ ਸਕੇਲ ਖ਼ਤਮ ਕਰਕੇ ਇਕਸਾਰ ਤਨਖ਼ਾਹ ਕੀਤੀ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All