ਮਾਨਸਾ ਵਿੱਚ ਛਿਪਣ ਲੱਗੀਆਂ ਰੰਗਮੰਚ ਦੀਆਂ ਸਰਗਰਮੀਆਂ

ਜੋਗਿੰਦਰ ਸਿੰਘ ਮਾਨ ਮਾਨਸਾ, 8 ਦਸੰਬਰ ਲੋਕ ਲਹਿਰਾਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਮਾਨਸਾ ਜ਼ਿਲ੍ਹੇ ਨੂੰ ਰੰਗਮੰਚੀ ਖਜ਼ਾਨੇ ਵਜੋਂ ਵੀ ਜਾਣਿਆ ਜਾਂਦਾ ਹੈ, ਪਰ ਹੁਣ ਸਮੇਂ ਦੀ ਰਫ਼ਤਾਰ ਨੇ ਐਸਾ ਗੇੜਾ ਖਾਧਾ ਹੈ ਕਿ ਕਈ ਕਾਰਨਾਂ ਕਰਕੇ ਇੱਥੇ ਰੰਗਮੰਚ ਵਾਲੀਆਂ ਸਰਗਰਮੀਆਂ ਸੂਰਜੀ ਚਮਕ ਵਾਂਗ ਛਿਪਣ ਲੱਗੀਆਂ ਹਨ। ਪ੍ਰੋ. ਅਜਮੇਰ ਔਲਖ ਦੇ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖਣ ਤੋਂ ਬਾਅਦ ਨਾਟਕੀ ਪੇਸ਼ਕਾਰੀਆਂ ਦਾ ਇੱਕ ਅਧਿਆਏ (ਚੈਪਟਰ) ਸੰਤੋਖਿਆ ਗਿਆ ਹੈ। ਇਥੋਂ ਦੀਆਂ ਲੋਕ ਲਹਿਰਾਂ ਤੋਂ ਪੰਜਾਬੀ ਲੇਖਕ ਤੇ ਬੁੱਧੀਜੀਵੀ ਹਮੇਸ਼ਾ ਬੇਹੱਦ ਪ੍ਰਭਾਵਿਤ ਰਹੇ ਹਨ। ਮਾਨਸਾ ਦੀਆਂ ਰੰਗਮੰਚੀ ਸਰਗਰਮੀਆਂ ਤਿੰਨ ਮੁੱਖ ਵਰਗਾਂ ਵਿੱਚ ਵੰਡੀਆਂ ਹੋਈਆਂ ਸਾਹਮਣੇ ਆਈਆਂ ਹਨ, ਜੋ ਅੱਜ-ਕੱਲ੍ਹ ਮਹਿੰਗਾ ਸੌਦਾ ਹੋਣ ਕਰਕੇ ਸੁੰਗੜਦੀਆਂ ਜਾ ਰਹੀਆਂ ਹਨ। ਇਥੇ ਰਾਮਲੀਲਾ ਕਲੱਬਾਂ ਦੇ ਰੰਗਮੰਚ ਦੀ ਬੜੀ ਚੜ੍ਹਾਈ ਰਹੀ ਹੈ ਅਤੇ ਖੱਬੇ ਪੱਖੀ ਪਾਰਟੀਆਂ ਦੇ ਡਰਾਮਾ, ਸਕੁਐਡਾਂ ਦੀਆਂ ਸਰਗਰਮੀਆਂ ਦੀ ਦੂਰ-ਦੂਰ ਤੱਕ ਬੱਲੇ-ਬੱਲੇ ਸੀ, ਜੋ ਹੁਣ ਬਿਲਕੁਲ ਬੰਦ ਵਰਗੀਆਂ ਹੀ ਹਨ, ਜਦੋਂ ਕਿ ਸ਼ੌਕੀਆ ਨਾਟਕ ਮੰਡਲੀਆਂ ਵੀ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੇ ਜਾਣ ਤੋਂ ਬਾਅਦ ਚੁੱਪ ਹੋਈਆਂ ਬੈਠੀਆਂ ਹਨ। ਸ਼ੌਕੀਆ ਨਾਟਕ ਮੰਡਲੀਆਂ ਹੀ ਅਸਲ ਵਿੱਚ ਰੰਗਮੰਚ ਦੀਆਂ ਸਹੀ ਵਾਰਸ ਮੰਨੀਆਂ ਜਾਂਦੀਆਂ ਹਨ, ਕਿਉਂਕਿ ਇਨ੍ਹਾਂ ਦੀ ਪ੍ਰਤੀਬੱਧਤਾ ਸਿਰਫ਼ ਰੰਗਮੰਚ ਪ੍ਰਤੀ ਹੀ ਹੁੰਦੀ ਹੈ। ਰੰਗਮੰਚ ਨੂੰ ਸਮਰਪਿਤ ਨਾਟਕ ਮੰਡਲੀਆਂ ਦੀ ਰੰਗਮੰਚੀ ਭੂਮਿਕਾ ਹਮੇਸ਼ਾ ਅਹਿਮ ਹੀ ਰਹੀ ਹੈ। ਪ੍ਰਾਪਤ ਕੀਤੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਮਾਨਸਾ ਵਿੱਚ ਨਿਰੋਲ ਰੰਗਮੰਚੀ ਨਾਟਕ ਮੰਡਲੀਆਂ 1973 ਦੇ ਨੇੜੇ-ਤੇੜੇ ਬਣਨੀਆਂ ਸ਼ੁਰੂ ਹੋਈਆਂ ਅਤੇ ਹੁਣ ਤੱਕ ਮਾਨਸਾ ਵਿੱਚ 29 ਦੇ ਕਰੀਬ ਨਾਟਕ ਮੰਡਲੀਆਂ ਹੋਂਦ ਵਿੱਚ ਆਈਆਂ ਹੋਈਆਂ ਹਨ। ਪੰਜਾਬੀ ਨਾਟਕ ਅਤੇ ਰੰਗਮੰਚ ਦੇ ਖੇਤਰ ਵਿੱਚ ਇੱਕ ਬਹੁਤ ਵੱਡਾ ਨਾਂ ਅਤੇ ਮਾਨਸਾ ਦੇ ਰੰਗਮੰਚ ਦਾ, ਜੋ ਮਾਣ ਹੈ, ਉਹ ਹਨ ਪ੍ਰੋ. ਅਜਮੇਰ ਸਿੰਘ ਔਲਖ। ਇਸ ਸ਼ਹਿਰ ਵਿੱਚ ਪ੍ਰੋ. ਔਲਖ ਨੇ ਓਲਡ ਸੈਂਡਜ਼ ਥੀਏਟਰ ਕਾਇਮ ਕੀਤਾ। ਫਿਰ ਲੋਕ ਕਲਾ ਮੰਚ ਮਾਨਸਾ ਦਾ ਗਠਨ ਕੀਤਾ, ਜੋ ਅੱਜ ਤੱਕ ਪ੍ਰੋਫੈਸਰ ਦੇ ਜਾਣ ਤੋਂ ਬਾਅਦ ਵੀ ਕਾਇਮ ਹੈ। ਪ੍ਰੋ. ਔਲਖ ਦੇ ਲਿਖੇ ਅਤੇ ਨਿਰਦੇਸ਼ਿਤ ਕੀਤੇ ਨਾਟਕ ‘ਅਰਬਦ-ਨਰਬਦ ਧੁੰਦੂਕਾਰਾ’ ਅਤੇ ‘ਬੇਗਾਨੇ ਬੋਹੜ ਦੀ ਛਾਂ’ ਐਨੇ ਜ਼ਿਆਦਾ ਮਕਬੂਲ ਹੋਏ ਕਿ ਸਾਰੇ ਪੰਜਾਬ ਦੇ ਰੰਗਮੰਚ ਹਲਕਿਆਂ ਵਿੱਚ ਇਨ੍ਹਾਂ ਦੀ ਸਭ ਤੋਂ ਵੱਧ ਚਰਚਾ ਚਲਦੀ ਰਹੀ। ‘ਬੇਗਾਨੇ ਬੋਹੜ ਦੀ ਛਾਂ’ ਨੇ ਪ੍ਰੋ. ਔਲਖ ਨੂੰ ਪ੍ਰਮੁੱਖ ਨਾਟਕਕਾਰਾਂ ਦੀ ਕਤਾਰ ਵਿੱਚ ਖੜ੍ਹਾ ਕੀਤਾ। ਬਾਅਦ ਵਿੱਚ ਔਲਖ ਦੇ ਸਾਰੇ ਨਾਟਕਾਂ ਦੀ ਬੜੀ ਧੂਮ ਰਹੀ ਹੈ, ਉਹ ਦੇਸ਼ਾਂ-ਵਿਦੇਸ਼ਾਂ ਸਮੇਤ ਕੌਮੀ ਪੱਧਰ ’ਤੇ ਅਣਗਣਿਤ ਪੇਸ਼ਕਾਰੀਆਂ ਕਰ ਚੁੱਕੇ ਹਨ। ਪ੍ਰੋ. ਔਲਖ ਦੇ ਨਾਲ ਲਗਾਤਾਰ ਜੁੜੇ ਰਹਿਣ ਵਾਲੇ ਉਨ੍ਹਾਂ ਦੇ ਵਿਦਿਆਰਥੀ ਬਲਰਾਜ ਮਾਨ (ਲੋਕਧਾਰਾ ਰੰਗਮੰਚ ਮਾਨਸਾ), ਦਿਲਬਾਗ, ਕੇਵਲ ਅਜਨਬੀ, ਜਸਪਾਲ ਨੇ ਵੀ ਮਾਲਵਾ ਰੰਗਮੰਚ ਮਾਨਸਾ ਦਾ ਗਠਨ ਕਰਕੇ ਕਿਸੇ ਸਮੇਂ ਕਾਇਮ ਸਰਗਰਮੀਆਂ ਵਿੱਢੀਆਂ ਸਨ। ਉਹ ਮਗਰੋਂ ਚੰਡੀਗੜ੍ਹ ਜਾ ਕੇ ਵੀ ਰੰਗਮੰਚ ਨਾਲ ਜੁੜੇ ਰਹੇ। ਮਾਨਸਾ ਤੋਂ ਨਿਕਲਦੇ ਰਸਾਲੇ ‘ਹੋਕਾ’ ਦੇ ਸੰਪਾਦਕ ਨਿਰੰਜਣ ਸਿੰਘ ਪ੍ਰੇਮੀ ਨੇ ਫੱਕਰ ਕਲਾ ਕੇਂਦਰ ਦੀ ਸਥਾਪਨਾ ਕੀਤੀ, ਉਹ ਸੀ.ਪੀ.ਆਈ ਦੇ ਡਰਾਮਾ ਸਕੁਐਡ ਦਾ ਸਰਗਰਮ ਕਲਾਕਾਰ ਸੀ ਅਤੇ ਉਸ ਨੇ ਹੀ ਕਲਾਕਾਰ ਕੁੜੀਆਂ ਨੂੰ ਮੰਚ ’ਤੇ ਲਿਆਉਣ ਦਾ ਉਪਰਾਲਾ ਕੀਤਾ। ਇਸ ਸ਼ਹਿਰ ਵਿੱਚ ਸ੍ਰੀਮਤੀ ਹਰਵਿੰਦਰ ਕੌਰ ਢਿੱਲੋਂ ਅਤੇ ਨਿਰਦੇਸ਼ਕ ਤਿਰਲੋਕ ਢਿੱਲੋਂ ਵਿੱਚ ਬੇਹੱਦ ਸਰਗਰਮ ਰਹੇ ਹਨ। ਪ੍ਰਸਿੱਧ ਪੱਤਰਕਾਰ ਅਤੇ ਲਿਖਾਰੀ ਦਰਸ਼ਨ ਮਿਤਵਾ (ਮਰਹੂਮ) ਰੰਗਮੰਚ ਲਈ ਬੜਾ ਸਰਗਰਮ ਰਿਹਾ, ਘੋਰ ਗਰੀਬੀ ਕਾਰਨ ਸੁਰਜੀਤ ਗਾਮੀ (ਮਰਹੂਮ) ਪਹਿਲਾਂ ਖੱਬੇ ਪੱਖੀ ਨਾਟਕ ਮੰਡਲੀਆਂ ਅਤੇ ਪਿੱਛੋਂ ਹੋਰਨਾਂ ਨਾਟਕ ਮੰਡਲੀਆਂ ਨਾਲ ਜੁੜਿਆ ਰਿਹਾ। ਪ੍ਰੋ. ਔਲਖ ਦੀ ਯਾਦ ਵਿੱਚ ਮਾਨਸਾ ਵਿਖੇ ਨਵੇਂ ਬਣੇ ਪਾਰਕ ਵਿੱਚ ਓਪਨ ਏਅਰ ਥੀਏਟਰ ਬਣਾਇਆ ਗਿਆ, ਜਿਸ ਤੋਂ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੀ ਰੰਗਮੰਚ ਪ੍ਰਤੀ ਸਮਰਪਿਤ ਭਾਵਨਾ ਦਾ ਪਤਾ ਲੱਗਦਾ ਰਹੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All