ਮਨਜੀਤ ਧਨੇਰ ਦੇ ਭਰਾ ਦਾ ਦੇਹਾਂਤ

ਆਪਣੇ ਭਰਾ ਦੇ ਸਸਕਾਰ ਵਿੱਚ ਸ਼ਾਮਲ ਹੁੰਦਾ ਹੋਇਆ ਮਨਜੀਤ ਧਨੇਰ।

ਨਵਕਿਰਨ ਸਿੰਘ ਮਹਿਲ ਕਲਾਂ, 10 ਨਵੰਬਰ ਬਹੁ ਚਰਚਿਤ ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਮਨਜੀਤ ਧਨੇਰ ਦੇ ਵੱਡੇ ਭਰਾ ਜਗਜੀਤ ਸਿੰਘ ਧਨੇਰ (67) ਦਾ ਅੱਜ ਸਵੇਰੇ ਛੇ ਵਜੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਪਰੰਤ ਸ਼ਾਮੀ ਵੇਲੇ ਪਿੰਡ ਧਨੇਰ ਦੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ ਮਨਜੀਤ ਧਨੇਰ ਨੂੰ ਵੀ ਪੁਲੀਸ ਸਸਕਾਰ ਵਿੱਚ ਸ਼ਾਮਲ ਕਰਨ ਲਈ ਬਰਨਾਲਾ ਜੇਲ੍ਹ ਤੋਂ ਸ਼ਮਸ਼ਾਨਘਾਟ ਲੈ ਕੇ ਆਈ। ਜਾਣਕਾਰੀ ਅਨੁਸਾਰ ਮਨਜੀਤ ਧਨੇਰ ਵਾਂਗ ਉਸ ਦਾ ਵੱਡਾ ਭਰਾ ਜਗਜੀਤ ਸਿੰਘ ਧਨੇਰ ਵੀ ਭਰ ਜਵਾਨੀ ਵਿੱਚ ਇਨਕਲਾਬੀ ਜਮਹੂਰੀ ਲਹਿਰ ਨਾਲ ਜੁੜ ਗਿਆ ਸੀ ਅਤੇ ਆਪਣੀ ਪੂਰੀ ਜ਼ਿੰਦਗੀ ਸਰਗਰਮ ਵਰਕਰ ਵਜੋਂ ਸੰਘਰਸ਼ਸ਼ੀਲ ਕਾਫਲੇ ਦਾ ਹਿੱਸਾ ਬਣਿਆ ਰਿਹਾ। ਜਗਜੀਤ ਸਿੰਘ ਦੇ ਪੁਰਾਣੇ ਸਾਥੀਆਂ ਨੇ ਦੱਸਿਆ ਕਿ ਉਹ ਆਪਣੀ ਸਮਰੱਥਾ ਅਨੁਸਾਰ ਸ਼ਹੀਦ ਕਿਰਨਜੀਤ ਕੌਰ ਬਲਾਤਕਾਰ/ਕਤਲ ਕਾਂਡ ਖਿਲਾਫ਼ ਚੱਲੇ ਲੰਮੇ ਲੋਕ ਘੋਲ ਦੌਰਾਨ ਵੀ ਅੱਗੇ ਹੋ ਕੇ ਸਰਗਰਮ ਰਿਹਾ। ਇਸ ਮੌਕੇ ਇਨਕਲਾਬੀ ਕੇਂਦਰ ਦੇ ਪ੍ਰਧਾਨ ਨਰੈਣ ਦੱਤ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਵਿੱਤ ਸਕੱਤਰ ਰਾਮ ਸਿੰਘ ਮਟੋਰੜਾ, ਸ਼ਹੀਦ ਕਿਰਨਜੀਤ ਕੌਰ ਦੇ ਪਿਤਾ ਮਾਸਟਰ ਦਰਸ਼ਨ ਸਿੰਘ, ਐਕਸ਼ਨ ਕਮੇਟੀ ਕਨਵੀਨਰ ਗੁਰਵਿੰਦਰ ਕਲਾਲਾ ਸਮੇਤ ਵੱਡੀ ਗਿਣਤੀ ਵਿੱਚ ਇਨਕਲਾਬੀ ਜਮਹੂਰੀ ਸ਼ਖ਼ਸੀਅਤਾਂ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All