ਬੱਸ ਯਾਤਰਾ ਤੋਂ ਭੈਅ ਖਾਣ ਲੱਗੇ ਪੰਜਾਬੀ

ਪਟਿਆਲਾ ਦੇ ਬੱਸ ਸਟੈਂਡ ’ਤੇ ਮੌਜੂਦ ਥੋੜ੍ਹੀਆਂ ਸਵਾਰੀਆਂ।

ਚਰਨਜੀਤ ਭੁੱਲਰ ਚੰਡੀਗੜ੍ਹ, 21 ਮਈ ਪੰਜਾਬ ’ਚ ਲੋਕਾਂ ਦਾ ਬੱਸ ਯਾਤਰਾ ਕਰਨ ਦਾ ਹੌਸਲਾ ਨਹੀਂ ਬੱਝ ਰਿਹਾ। ਇਸੇ ਕਾਰਨ ਬੱਸ ਸਰਵਿਸ ਸ਼ੁਰੂ ਕਰਨ ਦੀ ਸਰਕਾਰੀ ਯੋਜਨਾ ਨੂੰ ਬੂਰ ਨਹੀਂ ਪਿਆ। ਕਰੋਨਾ ਦੇ ਭੈਅ ਨੇ ਪੰਜਾਬੀ ਏਨੇ ਝੰਬ ਦਿੱਤੇ ਹਨ ਕਿ ਬਹੁਤੇ ਬੱਸ ਸਫ਼ਰ ਤੋਂ ਗੁਰੇਜ਼ ਕਰਨ ਲੱਗੇ ਹਨ। ਪੀਆਰਟੀਸੀ ਨੂੰ ਦੋ ਦਿਨਾਂ ’ਚ ਏਨਾ ਮੱਠਾ ਹੁੰਗਾਰਾ ਮਿਲਿਆ ਕਿ ਨਿਰਧਾਰਤ ਟੀਚੇ ਦੇ ਉਲਟ ਪੰਜਾਹ ਫ਼ੀਸਦੀ ਰੂਟਾਂ ’ਤੇ ਬੱਸ ਸਰਵਿਸ ਚਾਲੂ ਹੀ ਨਹੀਂ ਕੀਤੀ ਗਈ। ਵੇਰਵਿਆਂ ਅਨੁਸਾਰ ਪੀਆਰਟੀਸੀ ਨੇ ਪਹਿਲੇ ਦਿਨ 40 ਰੂਟਾਂ ’ਤੇ 83 ਬੱਸਾਂ ਚਲਾਈਆਂ ਸਨ, ਜਿਨ੍ਹਾਂ ਨੂੰ ਸਿਰਫ਼ 2167 ਯਾਤਰੀ ਹੀ ਮਿਲੇ। ਸਭ ਤੋਂ ਵੱਧ ਸਫ਼ਰ ਕਰਨ ਵਾਲੇ ਬਠਿੰਡਾ, ਕਪੂਰਥਲਾ ਅਤੇ ਚੰਡੀਗੜ੍ਹ ਤੋਂ ਸਨ। ਪੰਜਾਬ ਸਰਕਾਰ ਨੇ ਪ੍ਰਾਈਵੇਟ ਬੱਸ ਸਰਵਿਸ ਨੂੰ ਵੀ ਪ੍ਰਵਾਨਗੀ ਦਿੱਤੀ ਸੀ। ਜਦੋਂ ਸਰਕਾਰੀ ਬੱਸਾਂ ਵਿਚ ਯਾਤਰੀ ਨਾ ਲੱਭੇ ਤਾਂ ਪ੍ਰਾਈਵੇਟ ਬੱਸ ਮਾਲਕ ਕਿਸੇ ਰੂਟ ’ਤੇ ਬੱਸ ਚਲਾਉਣ ਦਾ ਜੋਖ਼ਮ ਲੈਣ ਤੋਂ ਭੱਜ ਗਏ। ਹਾਲੇ ਜ਼ਿਲ੍ਹੇ ਤੋਂ ਜ਼ਿਲ੍ਹਾ ਮੁਕਾਮ ’ਤੇ ਹੀ ਬੱਸ ਸੇਵਾ ਚਾਲੂ ਕੀਤੀ ਗਈ ਹੈ। ਪੀਆਰਟੀਸੀ ਤਰਫ਼ੋਂ 80 ਰੂਟਾਂ ਦੀ ਸ਼ਨਾਖ਼ਤ ਕੀਤੀ ਗਈ, ਜਿਨ੍ਹਾਂ ’ਤੇ ਬੱਸਾਂ ਚੱਲਣੀਆਂ ਸਨ। ਜਦੋਂ ਕੋਈ ਹੁੰਗਾਰਾ ਨਾ ਮਿਲਿਆ ਤਾਂ 35 ਤੋਂ 40 ਰੂਟਾਂ ’ਤੇ ਬੱਸਾਂ ਚਲਾਈਆਂ ਹੀ ਨਹੀਂ ਗਈਆਂ। ਸਰਕਾਰ ਨੇ ਹਰ ਬੱਸ ਵਿਚ 50 ਫ਼ੀਸਦੀ ਬੁਕਿੰਗ ਰੱਖਣ ਦੀ ਹਦਾਇਤ ਕੀਤੀ ਹੈ ਤਾਂ ਜੋ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾ ਸਕੇ। ਪੀਆਰਟੀਸੀ ਦੇ ਜਨਰਲ ਮੈਨੇਜਰ (ਅਪਰੇਸ਼ਨ) ਸੁਰਿੰਦਰ ਸਿੰਘ ਨੇ ਦੱਸਿਆ ਕਿ ਛੋਟੇ ਰੂਟਾਂ ’ਤੇ ਬੱਸ ਸੇਵਾ ਸ਼ੁਰੂ ਨਹੀਂ ਕੀਤੀ ਗਈ ਅਤੇ ਜੋ ਬੱਸਾਂ ਰੂਟਾਂ ’ਤੇ ਚੱਲੀਆਂ ਹਨ, ਉਨ੍ਹਾਂ ਲਈ ਵੀ ਪ੍ਰਤੀ ਬੱਸ 15 ਤੋਂ 20 ਸਵਾਰੀਆਂ ਦੀ ਬੁਕਿੰਗ ਹੈ, ਜੋ ਤਸੱਲਬਖਸ਼ ਨਹੀਂ ਹੈ। ਦੂਜੇ ਪਾਸੇ ਪੰਜਾਬ ਰੋਡਵੇਜ਼ ਨੂੰ ਵੀ ਮੱਠਾ ਹੁੰਗਾਰਾ ਹੀ ਮਿਲਿਆ ਹੈ, ਜਿਸ ਕਰਕੇ ਬਹੁਤੇ ਰੂਟਾਂ ’ਤੇ ਬੱਸਾਂ ਚੱਲੀਆਂ ਹੀ ਨਹੀਂ ਹਨ। ਪੰਜਾਬ ਸਰਕਾਰ ਨੇ ਪੇਂਡੂ ਰੂਟਾਂ ’ਤੇ ਹਾਲੇ ਬੱਸ ਸਰਵਿਸ ਸ਼ੁਰੂ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਮਾਲਵਾ ਬੱਸ ਅਪਰੇਟਰ ਯੂਨੀਅਨ ਦੇ ਬੁਲਾਰੇ ਬਲਤੇਜ ਸਿੰਘ ਵਾਂਦਰ ਨੇ ਕਿਹਾ ਕਿ ਕੋਵਿਡ ਕਾਰਨ ਟਰਾਂਸਪੋਰਟ ਸੈਕਟਰ ਨੂੰ ਵੱਡੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਦਾ ਹੁੰਗਾਰਾ ਨਾ ਹੋਣ ਕਰਕੇ ਪ੍ਰਾਈਵੇਟ ਬੱਸਾਂ ਚੱਲੀਆਂ ਨਹੀਂ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਬੱਸ ਮਾਲਕਾਂ ਨੂੰ ਟੈਕਸਾਂ ਵਿਚ ਛੋਟਾਂ ਦਾ ਐਲਾਨ ਕਰੇ ਕਿਉਂਕਿ ਕੋਵਿਡ ਕਾਰਨ ਟਰਾਂਸਪੋਰਟਰ ਵੱਡੀ ਮਾਰ ਹੇਠ ਆ ਗਏ ਹਨ। ਬੱਸ ਅਪਰੇਟਰ ਤੀਰਥ ਸਿੰਘ ਸਿੱਧੂ ਨੇ ਕਿਹਾ ਕਿ ਜਿੰਨੀ ਦੇਰ ਪੇਂਡੂ ਬੱਸ ਸੇਵਾ ਬਹਾਲ ਨਹੀਂ ਕੀਤੀ ਜਾਂਦੀ, ਉਦੋਂ ਤਕ ਬਾਕੀ ਵੱਡੇ ਰੂਟਾਂ ਲਈ ਵੀ ਸਵਾਰੀ ਨਹੀਂ ਜੁੜਨੀ।

ਬੱਸਾਂ ਨੂੰ ਬਹੁਤਾ ਹੁੰਗਾਰਾ ਨਹੀਂ ਮਿਲਿਆ: ਡਾਇਰੈਕਟਰ ਸਟੇਟ ਟਰਾਂਸਪੋਰਟ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਕਿਹਾ ਕਿ ਪਬਲਿਕ ਟਰਾਂਸਪੋਰਟ ਨੂੰ ਆਸ ਅਨੁਸਾਰ ਹੁੰਗਾਰਾ ਨਹੀਂ ਮਿਲਿਆ ਜਦੋਂਕਿ ਸਮਾਜਿਕ ਦੂਰੀ ਅਤੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਯਕੀਨੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜੋ ਰੂਟ ਸ਼ਨਾਖ਼ਤ ਕੀਤੇ ਗਏ ਸਨ, ਉਨ੍ਹਾਂ ’ਤੇ ਸੌ ਫ਼ੀਸਦੀ ਬੱਸ ਸਰਵਿਸ ਸ਼ੁਰੂ ਨਹੀਂ ਕੀਤੀ ਜਾ ਸਕੀ ਹੈ ਕਿਉਂਕਿ ਸਵਾਰੀ ਨਹੀਂ ਮਿਲ ਰਹੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All