ਬੱਸ-ਕਾਰ ਦੀ ਟੱਕਰ ’ਚ ਨੌਜਵਾਨ ਹਲਾਕ; ਤਿੰਨ ਜ਼ਖ਼ਮੀ

ਸੜਕ ਹਾਦਸੇ ਵਿੱਚ ਨੁਕਸਾਨੀ ਗਈ ਕਾਰ। -ਫੋਟੋ: ਵਿੱਕੀ ਘਾਰੂ

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 13 ਜਨਵਰੀ ਮੁਹਾਲੀ ਵਿੱਚ ਅੱਜ ਹਿਮਾਚਲ ਰੋਡਵੇਜ਼ ਦੀ ਬੱਸ ਤੇ ਕਾਰ ਵਿਚਾਲੇ ਹੋਈ ਟੱਕਰ ’ਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਉਸ ਦੇ ਤਿੰਨ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਭਗਵੰਤ ਸਿੰਗਲਾ (27) ਵਾਸੀ ਤਪਾ ਮੰਡੀ (ਬਰਨਾਲਾ) ਵਜੋਂ ਹੋਈ ਹੈ ਜਦਕਿ ਜ਼ਖ਼ਮੀਆਂ ਵਿੱਚ ਕਾਰ ਚਾਲਕ ਆਂਸਲ ਸਿੰਗਲਾ (28), ਫੈਰਿਸ (20) ਵਾਸੀ ਗੁਰਦਾਸਪੁਰ ਅਤੇ ਆਰੀਅਨ ਸ਼ਰਮਾ (19) ਵਾਸੀ ਚੰਬਾ (ਹਿਮਾਚਲ ਪ੍ਰਦੇਸ਼) ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਭਗਵੰਤ ਸਿੰਗਲਾ ਮੁਹਾਲੀ ਦੀ ਇਕ ਆਈਟੀ ਕੰਪਨੀ ਵਿੱਚ ਨੌਕਰੀ ਕਰਦਾ ਸੀ ਜਦਕਿ ਉਸ ਦੇ ਦੋਸਤ ਵੀ ਸ਼ਹਿਰ ਦੀ ਆਈਟੀ ਕੰਪਨੀ ਵਿੱਚ ਨੌਕਰੀ ਕਰਦੇ ਹਨ ਅਤੇ ਨਾਲ ਨਾਲ ਪੜ੍ਹਾਈ ਵੀ ਕਰ ਰਹੇ ਹਨ। ਜ਼ਖ਼ਮੀ ਨੌਜਵਾਨ ਸੈਕਟਰ-63 ਵਿੱਚ ਦੋ ਵੱਖ ਵੱਖ ਫਲੈਟਾਂ ਵਿੱਚ ਰਹਿੰਦੇ ਹਨ ਅਤੇ ਸੜਕ ਹਾਦਸੇ ਵਿੱਚ ਹਲਾਕ ਹੋਇਆ ਭਗਵੰਤ ਵੀ ਇਨ੍ਹਾਂ ਨਾਲ ਹੀ ਰਹਿੰਦਾ ਸੀ। ਪੁਲੀਸ ਦੇ ਦੱਸਣ ਅਨੁਸਾਰ ਲੰਘੀ ਰਾਤ ਕਰੀਬ 12 ਵਜੇ ਇਹ ਚਾਰੇ ਨੌਜਵਾਨ ਇਕ ਕਾਰ ਵਿੱਚ ਸਵਾਰ ਸੀ। ਕਾਰ ਨੂੰ ਆਂਸਲ ਸਿੰਗਲਾ ਚਲਾ ਰਿਹਾ ਸੀ ਅਤੇ ਭਗਵੰਤ ਸਿੰਗਲਾ ਅੱਗੇ ਨਾਲ ਵਾਲੀ ਸੀਟ ’ਤੇ ਬੈਠਾ ਸੀ। ਕਾਰ ਜਿਵੇਂ ਹੀ ਏਅਰਪੋਰਟ ਸੜਕ ’ਤੇ ਚੜ੍ਹਨ ਲੱਗੀ ਤਾਂ ਇਸ ਦੌਰਾਨ ਦਿੱਲੀ ਤੋਂ ਚੰਬਾ ਜਾ ਰਹੀ ਹਿਮਾਚਲ ਰੋਡਵੇਜ਼ ਦੀ ਬੱਸ ਨੇ ਕਾਰ ਨੂੰ ਸਾਈਡ ਤੋਂ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਡਰਾਈਵਰ ਨਾਲ ਅਗਲੀ ਸੀਟ ’ਤੇ ਬੈਠੇ ਭਗਵੰਤ ਸਿੰਗਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਬਾਕੀ ਤਿੰਨ ਦੋਸਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਨ੍ਹਾਂ ਸਾਰਿਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਬੱਸ ਵਿੱਚ ਵੀ ਕਰੀਬ 45 ਸਵਾਰੀਆਂ ਦੱਸੀਆਂ ਗਈਆਂ ਹਨ ਜਿਨ੍ਹਾਂ ’ਚੋਂ ਕਈ ਸਵਾਰੀਆਂ ਨੂੰ ਵੀ ਸੱਟਾਂ ਲੱਗੀਆਂ ਹਨ। ਇਸ ਸਬੰਧੀ ਪੁਲੀਸ ਨੇ ਜ਼ਖ਼ਮੀ ਆਰੀਅਨ ਸ਼ਰਮਾ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਬੱਸ ਚਾਲਕ ਰਾਜੀਵ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲੀਸ ਨੇ ਬੱਸ ਚਾਲਕ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All