ਪੰਜਾਬ ਦੀਆਂ ਜ਼ਮੀਨਾਂ ਬੰਜਰ ਹੋਣ ਲੱਗੀਆਂ

ਪਿੰਡ ਬਾਜੇਕੇ ’ਚ ਖੇਤ ਦਾ ਨਿਰੀਖਣ ਕਰਦੇ ਹੋਏ ਅਧਿਕਾਰੀ।

ਮਹਿੰਦਰ ਸਿੰਘ ਰੱਤੀਆਂ ਮੋਗਾ, 14 ਫਰਵਰੀ ਪੰਜਾਬ ਦੀਆਂ ਜ਼ਮੀਨਾਂ ਬੰਜਰ ਹੋਣ ਲੱਗੀਆਂ ਹਨ ਤੇ 2.30 ਲੱਖ ਹੈਕਟੇਅਰ ਰਕਬੇ ’ਚ ਖਾਰਾਪਣ ਆਉਣ ਦੀ ਖੇਤੀਬਾੜੀ ਵਿਭਾਗ ਨੇ ਪੁਸ਼ਟੀ ਕਰ ਦਿੱਤੀ ਹੈ। ਵਿਭਾਗ ਨੇ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਜ਼ਮੀਨ ਦੀ ਸਿਹਤ ’ਚ ਸੁਧਾਰ ਲਿਆਉਣ ਲਈ ਮੁਹਿੰਮ ਵਿੱਢ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ ਸਾਲ 2015 ਵਿੱਚ ਸੋਇਲ ਹੈਲਥ ਕਾਰਡ ਯੋਜਨਾ ਸ਼ੁਰੂ ਕੀਤੀ ਗਈ ਸੀ। ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਪੰਜਾਬ ਵਿੱਚ 24.30 ਲੱਖ ਭੂਮੀ ਸਿਹਤ ਕਾਰਡ ਕਿਸਾਨਾਂ ਨੂੰ ਜਾਰੀ ਕੀਤੇ ਜਾ ਚੁੱਕੇ ਹਨ। ਸੂਬੇ ’ਚ 2.30 ਲੱਖ ਹੈਕਟੇਅਰ ਰਕਬੇ ’ਚ ਜ਼ਮੀਨ ਦਾ ਪੀਐੱਚ (ਖਾਰਾਪਣ) 8.5 ਤੋਂ ਜ਼ਿਆਦਾ ਹੈ ਭਾਵ ਯੂਰੀਆ ਖਾਦਾਂ ਦੀ ਵੱਧ ਵਰਤੋਂ ਕਰਨ ਨਾਲ ਇਹ ਜ਼ਮੀਨਾਂ ਖਾਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜ਼ਮੀਨਾਂ ਦੇ ਸੁਧਾਰ ਹਿੱਤ ਜਿਪਸਮ ਅਤੇ ਹਰੀ ਖਾਦ ਦੀ ਵਰਤੋਂ ਕਰਨਾ ਜ਼ਰੂਰੀ ਹੈ ਤੇ ਅਗਾਮੀ ਸਾਉਣੀ ਸੀਜ਼ਨ ਵਿੱਚ ਜਿਪਸਮ ਅਤੇ ਹਰੀ ਖਾਦ ਬੀਜ ਲਈ 50 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਨੇ ਕਿਹਾ ਕਿ ਕੰਢੀ ਖੇਤਰ ਵਿੱਚ ਚੰਗੀ ਮਿੱਟੀ ਹੈ ਜਦੋਂਕਿ ਦੱਖਣ-ਪੱਛਮੀ ਪੰਜਾਬ ਦੀ ਮਿੱਟੀ ਖ਼ਰਾਬ ਹੈ ਜਿਸ ਦਾ ਕਾਰਨ ਪਾਣੀ ਦਾ ਗੰਦਾ ਹੋਣਾ ਹੈ। ਖਾਰਾ ਪਾਣੀ ਮਿੱਟੀ ਦੀ ਸਿਹਤ ਖਰਾਬ ਹੋਣ ਦਾ ਵੱਡਾ ਕਾਰਨ ਹੈ। ਖੇਤੀ ਮਾਹਰ ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਰਸਾਇਣਾਂ ਦੀ ਲਗਾਤਾਰ ਵਰਤੋਂ ਕਾਰਨ ਧਰਤੀ ’ਤੇ ਕੈਮੀਕਲ ਦਾ ਬੋਝ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਖੇਤ ਦੀ ਮਿੱਟੀ ਦਾ ਵੱਡੇ ਪੱਧਰ ਉੱਤੇ ਨੁਕਸਾਨ ਹੁੰਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All