ਪ੍ਰਧਾਨਗੀ ਲਈ ਅਸ਼ਵਨੀ ਸ਼ਰਮਾ ਵੱਲੋਂ ਕਾਗਜ਼ ਦਾਖ਼ਲ

ਜਲੰਧਰ ’ਚ ਕਾਗਜ਼ ਦਾਖਲ ਕਰਦੇ ਹੋਏ ਅਸ਼ਵਨੀ ਕੁਮਾਰ। -ਫੋਟੋ: ਮਲਕੀਅਤ ਸਿੰਘ

ਪਾਲ ਸਿੰਘ ਨੌਲੀ ਜਲੰਧਰ, 16 ਜਨਵਰੀ ਪੰਜਾਬ ਭਾਜਪਾ ਪ੍ਰਧਾਨ ਦੇ ਅਹੁਦੇ ਲਈ ਪਠਾਨਕੋਟ ਦੇ ਸਾਬਕਾ ਵਿਧਾਇਕ ਅਸ਼ਵਨੀ ਕੁਮਾਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਉਨ੍ਹਾਂ ਦੇ ਮੁਕਾਬਲੇ ਕਿਸੇ ਵੀ ਹੋਰ ਭਾਜਪਾ ਆਗੂ ਨੇ ਕਾਗਜ਼ ਦਾਖਲ ਨਹੀਂ ਕੀਤੇ। ਇਸ ਲਈ ਉਨ੍ਹਾਂ ਦਾ ਪ੍ਰਧਾਨ ਬਣਨਾ ਲਗਪਗ ਤੈਅ ਹੈ। ਸਥਾਨਕ ਸਰਕਟ ਹਾਊਸ ਵਿਚ ਪਾਰਟੀ ਵੱਲੋਂ ਕੀਤੀ ਗਈ ਚੋਣ ਪ੍ਰਕਿਰਿਆ ਦੌਰਾਨ ਅਸ਼ਵਨੀ ਕੁਮਾਰ ਨੇ ਪ੍ਰਧਾਨਗੀ ਵਾਸਤੇ ਦੋ ਸੈੱਟ ਦਾਖਲ ਕੀਤੇ। ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ 17 ਜਨਵਰੀ ਨੂੰ ਉਨ੍ਹਾਂ ਦੀ ਚੋਣ ਦਾ ਰਸਮੀ ਐਲਾਨ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਸ਼ਵਨੀ ਕੁਮਾਰ ਪਹਿਲਾਂ ਵੀ ਪੰਜਾਬ ਭਾਜਪਾ ਦੇ ਪ੍ਰਧਾਨ ਰਹਿ ਚੁੱਕੇ ਹਨ। ਇਸੇ ਦੌਰਾਨ ਪੰਜਾਬ ਦੇ 13 ਲੋਕ ਸਭਾ ਹਲਕਿਆਂ ਲਈ ਪਾਰਟੀ ਦੀ ਕੌਮੀ ਕਾਰਜਕਾਰੀ ਕਮੇਟੀ ਵਾਸਤੇ 13 ਨਾਮਜ਼ਦਗੀਆਂ ਹੀ ਦਾਖਲ ਹੋਈਆਂ ਜਿਨ੍ਹਾਂ ਵਿਚ ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ, ਮਾਸਟਰ ਮੋਹਨ ਲਾਲ, ਸੁਰਜੀਤ ਜਿਆਣੀ, ਮੋਹਨ ਲਾਲ ਗਰਗ, ਤੀਕਸ਼ਣ ਸੂਦ, ਪ੍ਰੇਮ ਗੁਗਲਾਨੀ, ਕੇਵਲ ਕੁਮਾਰ, ਡਾ. ਬਲਦੇਵ ਚਾਵਲਾ, ਉਂਕਾਰ ਸਿੰਘ ਪਾਹਵਾ, ਮਹਿੰਦਰ ਸਿੰਘ ਭਗਤ, ਦਿਲਬਾਗ ਰਾਏ ਅਤੇ ਸਾਬਕਾ ਪੁਲੀਸ ਅਫਸਰ ਇਕਬਾਲ ਸਿੰਘ ਲਾਲਪੁਰਾ ਸ਼ਾਮਲ ਹਨ। ਇਨ੍ਹਾਂ ਆਗੂਆਂ ’ਚੋਂ ਭਾਜਪਾ ਇਕਬਾਲ ਸਿੰਘ ਲਾਲਪੁਰਾ ਨੂੰ ਸਿੱਖ ਚਿਹਰੇ ਵਜੋਂ ਪੇਸ਼ ਕਰ ਰਹੀ ਹੈ ਜਿਨ੍ਹਾਂ ਨੇ ਸਿੱਖ ਧਰਮ ਬਾਰੇ ਕਿਤਾਬਾਂ ਵੀ ਲਿਖੀਆਂ ਹਨ। ਦਿੱਲੀ ਤੋਂ ਐਮਪੀ ਮਹੇਸ਼ ਗਿਰੀ ਨੂੰ ਇਸ ਚੋਣ ਪ੍ਰਕਿਰਿਆ ਵਿਚ ਕੇਂਦਰੀ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਧਾਨ ਰਮਨ ਪੱਬੀ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੇ ਨਵੇਂ ਬਣਨ ਵਾਲੇ ਪ੍ਰਧਾਨ ਆਪਣਾ ਅਹੁਦਾ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਚ 17 ਜਨਵਰੀ ਨੂੰ ਬਾਅਦ ਦੁਪਹਿਰ ਸੰਭਾਲਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All