ਪ੍ਰਕਾਸ਼ ਪੁਰਬ: ਵਾਸ਼ਿੰਗਟਨ ’ਚ ਬਣੇਗੀ ਖਾਲਸਾ ਯੂਨੀਵਰਸਿਟੀ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 15 ਸਤੰਬਰ

ਖਾਲਸਾ ਯੂਨੀਵਰਸਿਟੀ ਦੀ ਸਥਾਪਨਾ ’ਤੇ ਅਰਦਾਸ ਸਮਾਗਮ ਦਾ ਦ੍ਰਿਸ਼।

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਮਰੀਕਾ ਦੇ ਵਾਸ਼ਿੰਗਟਨ ਸਥਿਤ ਬੈਲੀਗਮ ਸ਼ਹਿਰ ਵਿਚ ਖਾਲਸਾ ਯੂਨੀਵਰਸਿਟੀ ਸਥਾਪਤ ਕੀਤੀ ਜਾ ਰਹੀ ਹੈ ਜਿਸ ਵਾਸਤੇ ਸਿੱਖ ਸ਼ਰਧਾਲੂ ਵਲੋਂ 130 ਏਕੜ ਜ਼ਮੀਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਕਰਵਾ ਦਿੱਤੀ ਗਈ ਹੈ। ਇਸ ਸਬੰਧੀ ਅਰਦਾਸ ਸਮਾਗਮ ਵੀ ਕਰਵਾਇਆ ਗਿਆ। ਇਹ ਖੁਲਾਸਾ ਅਮਰੀਕਾ ਦੌਰੇ ਤੋਂ ਪਰਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੈਲੀਗਮ ਵਿਚ ਖਾਲਸਾ ਯੂਨੀਵਰਸਿਟੀ ਸਥਾਪਨਾ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਸਿੱਖ ਸ਼ਰਧਾਲੂ ਮਨਜੀਤ ਸਿੰਘ ਵਲੋਂ 130 ਏਕੜ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਂ ਕੀਤੀ ਗਈ ਹੈ। ਯੂਨੀਵਰਸਿਟੀ ਵਿਚ ਸਿੱਖ ਧਰਮ, ਗੁਰਮਤਿ ਸੰਗੀਤ, ਸਿੱਖ ਫਲਸਫਾ, ਕਦਰਾਂ ਕੀਮਤਾਂ ਨੂੰ ਵਿਦਿਆਰਥੀਆਂ ਤਕ ਪਹੁੰਚਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਥੇ ਪਹਿਲਾਂ ਹੀ ਖਾਲਸਾ ਅਕੈਡਮੀ ਚਲ ਰਹੀ ਸੀ ਅਤੇ ਹੁਣ ਕਮਿਊਨਿਟੀ ਕਾਲਜ ਦੀ ਜ਼ਮੀਨ ਵੀ ਸਿੱਖ ਭਾਈਚਾਰੇ ਨੇ ਖਰੀਦ ਲਈ ਹੈ ਜਿਸ ਵਿਚ ਯੂਨੀਵਰਸਿਟੀ ਦਾ ਦਫਤਰ ਸਥਾਪਤ ਕਰ ਦਿੱਤਾ ਗਿਆ ਹੈ। ਸਿੱਖ ਧਰਮਾ ਇੰਟਰਨੈਸ਼ਨਲ ਅਮਰੀਕਾ ਵਲੋਂ ਪ੍ਰਕਾਸ਼ ਪੁਰਬ ਸਬੰਧੀ ਕੀਤੇ ਜਾ ਰਹੇ ਵਿਸ਼ੇਸ਼ ਕਾਰਜਾਂ ਬਾਰੇ ਡਾ. ਰੂਪ ਸਿੰਘ ਨੇ ਦੱਸਿਆ ਕਿ ਇਸ ਸੰਸਥਾ ਵਲੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪੁਜੀ ਸਾਹਿਬ ਦਾ ਅਨੁਵਾਦ 20 ਵੱਖ ਵੱਖ ਮੁਲਕਾਂ ਦੀਆਂ ਭਾਸ਼ਾਵਾਂ ਵਿਚ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚ ਚੀਨੀ, ਡੱਚ, ਸਪੇਨਿਸ਼, ਜਰਮਨੀ, ਫਰੈਂਚ ਆਦਿ ਸ਼ਾਮਲ ਹਨ। ਇਸ ਦਾ ਕੰਮ ਸੰਸਥਾ ਦੇ ਸੰਸਥਾਪਕ ਸਵਰਗੀ ਭਾਈ ਹਰਭਜਨ ਸਿੰਘ ਜੋਗੀ ਦੀ ਪਤਨੀ ਡਾ. ਇੰਦਰਜੀਤ ਕੌਰ, ਬੀਬੀ ਗੁਰਅੰਮ੍ਰਿਤ ਕੌਰ ਆਦਿ ਦੀ ਨਿਗਰਾਨੀ ਹੇਠ ਚਲ ਰਿਹਾ ਹੈ। ਅੱਠ ਨਵੰਬਰ ਨੂੰ ਅੰਮ੍ਰਿਤਸਰ ਵਿਚ ਕਰਵਾਏ ਜਾਣ ਵਾਲੇ ਅੰਤਰ ਧਰਮ ਸੰਮੇਲਨ ਦੌਰਾਨ ਇਹ ਅਨੁਵਾਦ ਸੰਗਤ ਨੂੰ ਸਮਰਪਿਤ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All