ਪ੍ਰਕਾਸ਼ ਪੁਰਬ: ਪਾਕਿਸਤਾਨ ਰਵਾਨਾ ਹੋਏ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ

ਪਾਕਿਸਤਾਨ ਰਵਾਨਾ ਹੁੰਦਾ ਹੋਇਆ ਸਿੱਖ ਜਥਾ।

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 21 ਜੁਲਾਈ ਹਰਿਆਣਾ ਦੀਆਂ ਸਿੱਖ ਜਥੇਬੰਦੀਆਂ ਦੇ ਕੁਝ ਨੁਮਾਇੰਦੇ ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਮਗਰੋਂ ਪਾਕਿਸਤਾਨ ਰਵਾਨਾ ਹੋਏ ਹਨ, ਜੋ ਉਥੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਮਿੱਟੀ ਅਤੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਸਰੋਵਰ ਤੋਂ ਜਲ ਲੈ ਕੇ ਆਉਣਗੇ, ਜਿਸ ਨਾਲ ਵੱਖ-ਵੱਖ ਥਾਵਾਂ ’ਤੇ 550 ਬੂਟੇ ਲਾਏ ਜਾਣਗੇ। ਇਨ੍ਹਾਂ ਸਿੱਖ ਨੁਮਾਇੰਦਿਆਂ ਨੂੰ ਇਥੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਖਜਿੰਦਰ ਸਿੰਘ ਨੇ ਸਿਰੋਪਾਓ ਦੇ ਕੇ ਇਸ ਮੁਹਿੰਮ ਲਈ ਰਵਾਨਾ ਕੀਤਾ। ਇਨ੍ਹਾਂ ਵਿਚ ਸ਼ਾਮਲ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਕੁੱਲ ਨੌਂ ਮੈਂਬਰ ਹਨ ਅਤੇ ਉਨ੍ਹਾਂ ਨੇ ਆਪਣੀ ਯਾਤਰਾ ਕਰਨਾਲ ਸਥਿਤ ਗੁਰਦੁਆਰਾ ਮੰਜੀ ਸਾਹਿਬ ਪਹਿਲੀ ਪਾਤਸ਼ਾਹੀ ਤੋਂ ਆਰੰਭ ਕੀਤੀ ਹੈ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਮੁਹਿੰਮ ਤਹਿਤ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਮਿੱਟੀ ਅਤੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਸਰੋਵਰ ਦਾ ਪਵਿੱਤਰ ਜਲ ਲੈ ਕੇ ਆਉਣਗੇ, ਜਿਸ ਦੀ ਮਦਦ ਨਾਲ ਇਥੇ ਵੱਖ-ਵੱਖ ਥਾਵਾਂ ’ਤੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਬੂਟੇ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸੇ ਯਾਤਰਾ ਦੇ ਪੜਾਅ ਹੇਠ ਸਤੰਬਰ ਮਹੀਨੇ ਵਿਚ ਲੇਹ ਲੱਦਾਖ ਅਤੇ ਜੰਮੂ ਕਸ਼ਮੀਰ ਜਾਣਗੇ, ਜਿਥੇ ਗੁਰੂ ਸਾਹਿਬ ਨਾਲ ਸਬੰਧਤ ਅਸਥਾਨਾਂ ਦੀ ਯਾਤਰਾ ਕਰਨਗੇ ਅਤੇ ਉਥੇ ਵੀ ਬੂਟੇ ਲਾਏ ਜਾਣਗੇ। ਅਕਤੂਬਰ ਮਹੀਨੇ ਵਿਚ ਨੇਪਾਲ, ਬੰਗਲਾਦੇਸ਼ ਆਦਿ ਮੁਲਕਾਂ ਵਿਚ ਜਾਣਗੇ ਅਤੇ ਉਥੇ ਵੀ ਗੁਰੂ ਸਾਹਿਬ ਨਾਲ ਸਬੰਧਤ ਅਸਥਾਨਾਂ ਦੀ ਯਾਤਰਾ ਕਰਨਗੇ ਤੇ ਬੂਟੇ ਲਾਉਣਗੇ। ਇਸੇ ਮੁਹਿੰਮ ਤਹਿਤ ਸੁਲਤਾਨਪੁਰ ਲੋਧੀ ਅਤੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਵਿਖੇ ਵੀ ਬੂਟੇ ਲਾਏ ਜਾਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All