ਪਾਸਪੋਰਟ ਘੁਟਾਲਾ: 330 ਪਰਵਾਸੀ ਵਤਨ ਵਾਪਸੀ ਨੂੰ ਤਰਸੇ

ਮਹਿੰਦਰ ਸਿੰਘ ਰੱਤੀਆਂ ਮੋਗਾ, 1 ਦਸੰਬਰ ਗਿਆਰਾਂ ਸਾਲ ਪੁਰਾਣਾ ਮੋਗਾ ਪਾਸਪੋਰਟ ਘੁਟਾਲਾ 330 ਪਰਵਾਸੀ ਪੰਜਾਬੀਆਂ ਦਾ ਪਿੱਛਾ ਨਹੀਂ ਛੱਡ ਰਿਹਾ। ਗ੍ਰਿਫ਼ਤਾਰੀ ਦੇ ਡਰੋਂ ਸੈਂਕੜੇ ਪਰਵਾਸੀ ਪੰਜਾਬੀ ਵਤਨ ਵਾਪਸ ਨਹੀਂ ਆ ਰਹੇ ਤੇ ਐੱਲਓਸੀ ਜਾਰੀ ਹੋਣ ਕਾਰਨ ਉਨ੍ਹਾਂ ਨੂੰ ਹਵਾਈ ਅੱਡੇ ਉੱਤੇ ਹੀ ਹਿਰਾਸਤ ਵਿਚ ਲੈ ਲਿਆ ਜਾਂਦਾ ਹੈ। ਇਹ ਘੁਟਾਲਾ ਵਿਭਾਗ ਦੇ ਕਈ ਅਧਿਕਾਰੀਆਂ ਲਈ ਸੋਨੇ ਦੀ ਮੁਰਗੀ ਬਣਿਆ ਰਿਹਾ। ਇੱਥੇ ਥਾਣਾ ਸਿਟੀ ਵਿਚ 12 ਜੁਲਾਈ, 2008 ਨੂੰ ਇਕ ਭੇਤੀ ਪੁਲੀਸ ਮੁਲਾਜ਼ਮ ਦੀ ਸ਼ਿਕਾਇਤ ਉੱਤੇ ਪਾਸਪੋਰਟ ਘੁਟਾਲੇ ਦਾ ਕੇਸ ਦਰਜ ਕੀਤਾ ਗਿਆ ਸੀ। ਪੌਣੇ ਦੋ ਵਰ੍ਹੇ ਪਹਿਲਾਂ 21 ਫਰਵਰੀ, 2018 ਨੂੰ ਸੀਜੇਐੱਮ ਦੀ ਅਦਾਲਤ ਨੇ ਫ਼ਰਜ਼ੀ ਨਾਵਾਂ ਅਤੇ ਦਸਤਾਵੇਜ਼ਾਂ ਉੱਤੇ ਪਾਸਪੋਰਟ ਹਾਸਲ ਕਰਨ ਵਾਲੇ 44 ਪਰਵਾਸੀ ਪੰਜਾਬੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਅਤੇ ਪਰਵਾਸੀ ਪੰਜਾਬੀ ਸ਼ਮਸ਼ੇਰ ਸਿੰਘ ਸਣੇ ਕਰੀਬ 12 ਮੁਲਜ਼ਮਾਂ ਨੂੰ ਭਗੌੜੇ ਕਰਾਰ ਦਿੱਤਾ ਸੀ। ਅਦਾਲਤ ਮਹਿਲਾ ਟਰੈਵਲ ਏਜੰਸੀ ਸੰਚਾਲਕ ਸਮੇਤ 14 ਸੰਚਾਲਕਾਂ, ਪੰਜ ਏਜੰਟਾਂ, ਤਿੰਨ ਪੁਲੀਸ ਮੁਲਾਜ਼ਮਾਂ, ਚੰਡੀਗੜ੍ਹ ਖੇਤਰੀ ਪਾਸਪੋਰਟ ਦਫ਼ਤਰ ਦੇ ਸੁਪਰਡੈਂਟ, ਜਨਮ ਮੌਤ ਸ਼ਾਖਾ ਦੇ ਕਲਰਕ ਤੇ ਪੋਸਟਮੈਨ ਸਮੇਤ 25 ਜਣਿਆਂ ਨੂੰ ਦੋਸ਼ੀ ਕਰਾਰ ਦਿੰਦਿਆਂ ਤਿੰਨ ਸਾਲਾਂ ਦੀ ਕੈਦ ਸੁਣਾ ਚੁੱਕੀ ਹੈ। ਇਹ ਮੁਲਜ਼ਮ ਅਦਾਲਤ ਵੱਲੋਂ ਮੁਕੱਰਰ ਜੁਰਮਾਨਾ ਰਾਸ਼ੀ ਭਰਨ ਮਗਰੋਂ ਜ਼ਮਾਨਤ ਉੱਤੇ ਹਨ ਅਤੇ ਉਨ੍ਹਾਂ ਦੀ ਹੇਠਲੀ ਅਦਾਲਤ ਦੇ ਹੁਕਮ ਖ਼ਿਲਾਫ਼ ਜ਼ਿਲ੍ਹਾ ਅਦਾਲਤ ’ਚ ਅਪੀਲ ਦਾਇਰ ਕੀਤੀ ਹੋਈ ਹੈ। ਇਸ ਪਾਸਪੋਰਟ ਘੁਟਾਲੇ ਵਿਚ ਫ਼ਰਜ਼ੀ ਨਾਵਾਂ ਤੇ ਜਾਅਲੀ ਦਸਤਾਵੇਜ਼ਾਂ ਸਬੰਧੀ ਪੁਲੀਸ ਰਿਕਾਰਡ ਹਾਲੇ ਵੀ 58 ਔਰਤਾਂ ਸਣੇ 330 ਪਰਵਾਸੀ ਪੰਜਾਬੀਆਂ ਦਾ ਪਿੱਛਾ ਨਹੀਂ ਛੱਡ ਰਿਹਾ। ਗ੍ਰਿਫ਼ਤਾਰੀ ਦੇ ਡਰੋਂ ਸੈਂਕੜੇ ਪਰਵਾਸੀ ਪੰਜਾਬੀ ਵਤਨ ਵਾਪਸ ਨਹੀਂ ਆ ਰਹੇ। ਸਥਾਨਕ ਜ਼ਿਲ੍ਹਾ ਅਦਾਲਤ ਨੇ ਬੀਤੀ 23 ਨਵੰਬਰ ਨੂੰ ਪਰਵਾਸੀ ਪੰਜਾਬੀ ਸ਼ਮਸ਼ੇਰ ਸਿੰਘ ਦੀ ਵਿਦੇਸ਼ ਤੋਂ ਭੇਜੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਮੂਲ ਰੂਪ ਵਿਚ ਪਿੰਡ ਬਾਹਮਣੀਆਂ (ਸ਼ਾਹਕੋਟ) ਦਾ ਸ਼ਮਸ਼ੇਰ ਸਿੰਘ ਵਿਦੇਸ਼ੀ ਨਾਗਰਿਕਤਾ ਵੀ ਹਾਸਲ ਕਰ ਚੁੱਕਾ ਹੈ। ਉਸ ਨੂੰ ਕਈ ਸਾਲ ਪਹਿਲਾਂ ਫ਼ਰਜ਼ੀ ਦਸਤਾਵੇਜ਼ਾਂ ਨਾਲ ਬਣਾਏ ਭਾਰਤੀ ਪਾਸਪੋਰਟ ਉੱਤੇ ਸਫ਼ਰ ਕਰਦਿਆਂ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਕੁਝ ਪੇਸ਼ੀਆਂ ਭੁਗਤਣ ਮਗਰੋਂ ਅਦਾਲਤ ਤੋਂ ਆਗਿਆ ਲੈ ਕੇ ਵਿਦੇਸ਼ ਪਰਤ ਗਿਆ ਸੀ ਪਰ ਵਾਪਸ ਨਹੀਂ ਆਇਆ। ਇੱਥੇ ਦੱਸਣਯੋਗ ਹੈ ਕਿ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਚੰਡੀਗੜ੍ਹ ਪਾਸਪੋਰਟ ਦਫ਼ਤਰ ਤੋਂ ਜ਼ਿਲ੍ਹੇ ਨਾਲ ਸਬੰਧਤ 2002 ਤੋਂ 2008 ਤੱਕ 795 ਪਾਸਪੋਰਟ ਅਰਜ਼ੀਆਂ ਦੀ ਜਾਂਚ ਦੌਰਾਨ ਕਰੀਬ 395 ਪਾਸਪੋਰਟ, ਫ਼ਰਜ਼ੀ ਦਸਤਾਵੇਜ਼ਾਂ ਤੋਂ ਇਲਾਵਾ ਜਾਅਲੀ ਨਾਮ-ਪਤੇ ’ਤੇ ਜਾਰੀ ਹੋਣ ਦੀ ਪੁਸ਼ਟੀ ਹੋਈ ਸੀ। ਇਸ ਵਿਚ ਡਾਕੀਏ ਦੀ ਮਿਲੀਭੁਗਤ ਨਾਲ ਪਾਸਪੋਰਟ ਦੀ ਡਲਿਵਰੀ ਹੋਣ ਦੀ ਪੁਸ਼ਟੀ ਹੋਈ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All