ਪਰਵਾਸੀ ਮਜ਼ਦੂਰ ਨੂੰ ਨੂੜਣ ਦੀ ਵੀਡੀਓ ਵਾਇਰਲ ਹੋਣ ’ਤੇ ਦੋ ਖ਼ਿਲਾਫ਼ ਕੇਸ

ਗੁਰਸੇਵਕ ਸਿੰਘ ਪ੍ਰੀਤ ਸ੍ਰੀ ਮੁਕਤਸਰ ਸਾਹਿਬ, 20 ਨਵੰਬਰ

ਮੁਕਤਸਰ ਦੀ ਸਬਜ਼ੀ ਮੰਡੀ ’ਚ ਰੱਸੀ ਨਾਲ ਬੰਨ੍ਹੇ ਮਜ਼ਦੂਰ ਦੀ ਵਾਇਰਲ ਹੋਈ ਵੀਡੀਓ ਦਾ ਦ੍ਰਿਸ਼।

ਮੁਕਤਸਰ ਦੀ ਸਬਜ਼ੀ ਮੰਡੀ ਵਿੱਚ ਇਕ ਪਰਵਾਸੀ ਮਜ਼ਦੂਰ ਨੂੰ ਕੁਝ ਲੋਕਾਂ ਨੇ ਰੱਸੀਆਂ ਨਾਲ ਨੂੜ ਕੇ ਆਪਣੇ ਨਾਲ ਲਿਜਾਣ ਲਈ ਟਰਾਲੀ ਵਿੱਚ ਸੁੱਟ ਲਿਆ ਤੇ ਲੋਕਾਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ। ਇਸ ਦੌਰਾਨ ਕਿਸੇ ਨੇ ਇਸ ਘਟਨਾਕ੍ਰਮ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਹਰਕਤ ਵਿੱਚ ਆਈ ਪੁਲੀਸ ਨੇ ਪਿੰਡ ਕੋਟਲੀ ਦੇਵਨ ਦੇ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੀੜਤ ਰਾਮ ਕੁਮਾਰ ਰਾਮੂ ਪਰਵਾਸੀ ਮਜ਼ਦੂਰ ਹੈ। ਉਹ ਪਹਿਲਾਂ ਮੁਲਜ਼ਮਾਂ ਕੋਲ ਕੰਮ ਕਰਦਾ ਸੀ। ਉਸ ਨੇ ਦੱਸਿਆ ਕਿ ਮੁਲਜ਼ਮ ਜੋ ਖੇਤੀਬਾੜੀ ਕਰਦੇ ਹਨ, ਉਸ ਕੋਲੋਂ ਜਬਰੀ ਨਾਜਾਇਜ਼ ਸ਼ਰਾਬ ਕਢਵਾਉਂਦੇ ਸਨ, ਜਿਸ ਕਰ ਕੇ ਉਹ ਉਨ੍ਹਾਂ ਦਾ ਕੰਮ ਛੱਡ ਕੇ ਆਪਣੇ ਘਰ ਚਲਾ ਗਿਆ। ਪਰ ਬਾਅਦ ਵਿੱਚ ਮੁਲਜ਼ਮਾਂ ਨੇ ਉਸ ਵੱਲ 25 ਹਜ਼ਾਰ ਦਾ ਕਰਜ਼ਾ ਕੱਢ ਦਿੱਤਾ ਤੇ ਉਸ ਦਾ ਘਰੇਲੂ ਸਾਮਾਨ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ’ਤੇ ਰਾਮੂ ਸ਼ਹਿਰ ਵਿੱਚ ਆ ਕੇ ਮਜ਼ਦੂਰੀ ਕਰਨ ਲੱਗ ਪਿਆ। ਘਟਨਾ ਵਾਲੇ ਦਿਨ ਉਹ ਸਬਜ਼ੀ ਮੰਡੀ ਵਿੱਚ ਮਜ਼ਦੂਰੀ ਕਰ ਰਿਹਾ ਸੀ। ਇਸ ਦੌਰਾਨ ਗੁਰਪਾਲ ਸਿੰਘ ਉਰਫ ਪਾਲਾ ਅਤੇ ਬੱਬੀ ਵਾਸੀ ਪਿੰਡ ਕੋਟਲੀ ਦੇਵਨ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਰੱਸੀਆਂ ਨਾਲ ਬੰਨ੍ਹ ਕੇ ਟਰਾਲੀ ਵਿੱਚ ਸੁੱਟ ਲਿਆ। ਰੌਲਾ ਪੈਣ ’ਤੇ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਰਾਮੂ ਨੂੰ ਉਨ੍ਹਾਂ ਦੇ ਕਬਜ਼ੇ ਵਿਚੋਂ ਛੁਡਵਾ ਲਿਆ। ਥਾਣਾ ਸਿਟੀ ਦੇ ਮੁਖੀ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਿਆ ਤਾਂ ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਐਡਵੋਕੇਟ ਕਰਨਬੀਰ ਇੰਦੌਰਾ ਨੇ ਕਿਹਾ ਕਿ ਪੀੜਤ ਮਜ਼ਦੂਰ ਵੱਲੋਂ ਅਜੇ ਤੱਕ ਆਪਣਾ ਅਨੁਸੂਚਿਤ ਜਾਤੀ ਸਰਟੀਫਿਕੇਟ ਨਹੀਂ ਦਿਖਾਇਆ ਗਿਆ। ਜਦੋਂ ਉਹ ਸਰਟੀਫਿਕੇਟ ਪੇਸ਼ ਕਰੇਗਾ ਤਾਂ ਕਮਿਸ਼ਨ ਐੱਸਸੀ ਐਕਟ ਤਹਿਤ ਬਣਦੀ ਕਾਰਵਾਈ ਕਰਨ ਲਈ ਪੁਲੀਸ ਨੂੰ ਹਦਾਇਤ ਕਰੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਫੈਡਰਲ ਢਾਂਚੇ ਨੂੰ ਲਗਾਤਾਰ ਲੱਗ ਰਹੀ ਢਾਹ

ਫੈਡਰਲ ਢਾਂਚੇ ਨੂੰ ਲਗਾਤਾਰ ਲੱਗ ਰਹੀ ਢਾਹ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All