ਨੌਜਵਾਨ ਪੀੜ੍ਹੀ ਨਾਲ ਨਵੀਂ ਅੰਗੜਾਈ ਲੈ ਰਿਹੈ ਚੰਡੀਗੜ੍ਹ ਦਾ ਰੰਗਮੰਚ

ਆਤਿਸ਼ ਗੁਪਤਾ ਚੰਡੀਗੜ੍ਹ, 8 ਦਸੰਬਰ ਸਮੇਂ ਦੇ ਨਾਲ-ਨਾਲ ਸਿਟੀ ਬਿਊਟੀਫੁਲ ’ਚ ਰੰਗਮੰਚ ਨਵੀਂ ਅੰਗੜਾਈ ਲੈ ਰਿਹਾ ਹੈ। ਦੋ ਕੁ ਦਹਾਕੇ ਪਹਿਲਾਂ ਚੰਡੀਗੜ੍ਹ ਦੇ ਰੰਗਮੰਚ ਦੇ ਹਾਲਾਤ ਬਹੁਤੇ ਚੰਗੇ ਨਹੀਂ ਸਨ ਪਰ ਹੁਣ ਉਹ ਚਿੰਤਾ ਦੀਆਂ ਲਕੀਰਾਂ ਮਿਟ ਚੁੱਕੀਆਂ ਹਨ। ਕਲਾਕਾਰਾਂ ਵੱਲੋਂ ਕੀਤੀ ਮਿਹਨਤ ਸਦਕਾ ਹੀ ਅੱਜ ਚੰਡੀਗੜ੍ਹ ਦਾ ਰੰਗਮੰਚ ਨਵਾਂ ਰੂਪ ਧਾਰ ਚੁੱਕਿਆ ਹੈ। ਅੱਜ ਦੇ ਸਮੇਂ ਚੰਡੀਗੜ੍ਹ ਸ਼ਹਿਰ ’ਚ ਨਾਟਕ ਮੰਚਨ ਦੌਰਾਨ ਦਰਸ਼ਕਾਂ ਦੇ ਪੈਰ ਰੱਖਣ ਨੂੰ ਥਾਂ ਨਹੀਂ ਹੁੰਦੀ, ਉੱਥੇ ਹੀ ਦੇਸ਼ ਭਰ ਤੋਂ ਲੋਕ ਆਪਣਾ ਹੁਨਰ ਲੈ ਕੇ ਚੰਡੀਗੜ੍ਹ ਪਹੁੰਚ ਰਹੇ ਹਨ। ਸ਼ੌਕ ਵਜੋਂ ਕੀਤੇ ਜਾਣ ਵਾਲੇ ਰੰਗਮੰਚ ’ਚ ਅੱਜ ਉਭਰਦੇ ਰੰਗ ਕਰਮੀਆਂ ਨੂੰ ਆਪਣਾ ਸੁਨਹਿਰਾ ਭਵਿੱਖ ਦਿਖਾਈ ਦੇ ਰਿਹਾ ਹੈ। ਕੋਈ ਸਮਾਂ ਸੀ ਕਿ ਥੀਏਟਰ ’ਚ ਮੱਧ ਉਮਰ ਦੇ ਲੋਕਾਂ ਦੀ ਗਿਣਤੀ ਜ਼ਿਆਦਾ ਹੁੰਦੀ ਸੀ ਪਰ ਵਰਤਮਾਨ ਸਮੇਂ ਨੌਜਵਾਨ ਪੀੜ੍ਹੀ ਬਹੁਤ ਹੀ ਉਤਸ਼ਾਹ ਨਾਲ ਥੀਏਟਰ ’ਚ ਹਿੱਸਾ ਲੈ ਰਹੀ ਹੈ। ਇਹ ਹੀ ਨਹੀਂ ਲੜਕੀਆਂ ਵੱਲੋਂ ਵੀ ਥੀਏਟਰ ’ਚ ਬਹੁਤ ਰੁਚੀ ਦਿਖਾਈ ਜਾ ਰਹੀ ਹੈ। ਇਸ ਦੇ ਬਾਵਜੂਦ ਹਾਲੇ ਵੀ ਕਲਾਕਾਰਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੰਡੀਗੜ੍ਹ ਸ਼ਹਿਰ ਨੂੰ ਰੰਗਮੰਚ ਦੇ ਖੇਤਰ ’ਚ ਨਵੀਂ ਦਿਸ਼ਾ ਦੇਣ ਵਿੱਚ ‘ਅਭਿਨੇਤ ਗਰੁੱਪ’ ਦੀ ਵੱਡੀ ਭੂਮਿਕਾ ਰਹੀ ਹੈ। ਇਸ ਨੇ ਬਾਲੀਵੁੱਡ ਅਤੇ ਪਾਲੀਵੁੱਡ ਨੂੰ ਵੱਡੀ ਗਿਣਤੀ ’ਚ ਕਲਾਕਾਰ ਦਿੱਤੇ ਹਨ। ਸਾਲ 1974 ’ਚ ਸਥਾਪਿਤ ਕੀਤੇ ‘ਅਭਿਨੇਤ ਗਰੁੱਪ’ ਦੇ ਵਿਜੈ ਕਪੂਰ ਨੇ ਦੱਸਿਆ ਕਿ ਇਹ ਗਰੁੱਪ ਸਾਮਾਜਿਕ ਮੁੱਦਿਆਂ ’ਤੇ ਆਧਾਰਿਤ ਨਾਟਕਾਂ ਦੀ ਪੇਸ਼ਕਾਰੀ ਕਰਦਾ ਆ ਰਿਹਾ ਹੈ। ਇਸ ਨਾਲ 60 ਤੋਂ ਵੱਧ ਕਲਾਕਾਰ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸਮੇਂ ਦੇ ਨਾਲੋ-ਨਾਲ ਥੀਏਟਰ ’ਚ ਵੀ ਕਾਫ਼ੀ ਬਦਲਾਅ ਆ ਗਿਆ ਹੈ। ਕਿਸੇ ਸਮੇਂ ਥੀਏਟਰ ਨੂੰ ਲੋਕਾਂ ਵੱਲੋਂ ਆਪਣੇ ਸ਼ੌਕ ਲਈ ਕੀਤਾ ਜਾਂਦਾ ਸੀ ਪਰ ਅੱਜ ਨੌਜਵਾਨ ਪੀੜ੍ਹੀ ਵੱਲੋਂ ਥੀਏਟਰ ’ਚ ਆਪਣਾ ਭਵਿੱਖ ਸੰਵਾਰਨ ਬਾਰੇ ਵੀ ਸੋਚਿਆ ਜਾ ਰਿਹਾ ਹੈ। ਸਾਲ 1988 ’ਚ ਸਥਾਪਿਤ ਕੀਤੇ ਗਏ ‘ਥੀਏਟਰ ਫਾਰ ਥੀਏਟਰ’ ਦੇ ਸੁਦੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਭ ਤੋਂ ਪਹਿਲਾਂ ਸੱਭਿਆਚਾਰ ਥੀਏਟਰ ਫੈਸਟੀਵਲ ਸਾਲ 2003 ’ਚ ਸ਼ੁਰੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਗਰੁੱਪ ਨੇ ਹੁਣ ਤੱਕ 6 ਹਜ਼ਾਰ ਤੋਂ ਵੱਧ ਨਾਟਕਾਂ ਦੀ ਪੇਸ਼ਕਾਰੀ ਕੀਤੀ ਹੈ। ਸਾਲ 1995 ’ਚ ਸਥਾਪਿਤ ਕੀਤੇ ਗਏ ‘ਅਦਾਕਾਰ ਮੰਚ ਮੁਹਾਲੀ’ ਦੇ ਡਾ. ਸਾਹਿਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਰਤਮਾਨ ਸਮੇਂ ਦੇ ਹਾਲਾਤਾਂ ਨੂੰ ਲੈ ਕੇ ਨਾਟਕਾਂ ਦੀ ਪੇਸ਼ਕਾਰੀ ਕੀਤੀ ਜਾ ਰਹੀ ਹੈ ਤਾਂ ਜੋ ਸਮਾਜ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਨੌਜਵਾਨ ਪੀੜ੍ਹੀ ਅਤੇ ਮੱਧ ਵਰਗੀ ਲੋਕ ਅੱਜ ਵੀ ਥੀਏਟਰ ਸਬੰਧੀ ਉਤਸ਼ਾਹ ਵਿਚ ਹਨ। ਸਾਲ 1998 ’ਚ ਸਥਾਪਿਤ ਹੋਏ ‘ਰੂਪਕ ਕਲਾ ਅਤੇ ਵੈੱਲਫੇਅਰ ਸੁਸਾਇਟੀ’ ਮਹਿਲਾਵਾਂ ’ਤੇ ਹੋ ਰਹੇ ਅੱਤਿਆਚਾਰ ਅਤੇ ਉਨ੍ਹਾਂ ਦੇ ਹੱਕਾਂ ਸਬੰਧੀ ਨਾਟਕ ਪੇਸ਼ ਕਰਦੇ ਆ ਰਹੇ ਹਨ। ਇਸ ਸਬੰਧੀ ਨਿਰਦੇਸ਼ਿਕਾ ਸੰਗੀਤਾ ਗੁਪਤਾ ਨੇ ਦੱਸਿਆ ਕਿ ਗਰੁੱਪ ਵਿਚ ਜ਼ਿਆਦਾ ਗਿਣਤੀ ਮਹਿਲਾ ਕਲਾਕਾਰਾਂ ਦੀ ਹੈ। ਉਨ੍ਹਾਂ ਦੱੱਸਿਆ ਕਿ ਵਰਤਮਾਨ ਸਮੇਂ ’ਚ ਥੀਏਟਰ ਕਰਨ ਲਈ ਮਾਲੀ ਸਮੱਸਿਆ ਦਰਪੇਸ਼ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All