ਨਾਟਕਾਂ ਰਾਹੀਂ ਸਮਾਜਿਕ ਤਬਦੀਲੀ ਦਾ ਹੋਕਾ ਦਿੰਦਾ ਹੈ ਸੈਮੁਅਲ

ਆਪਣੀ ਟੀਮ ਨਾਲ ਨਾਟਕ ਖੇਡਦਾ ਹੋਇਆ ਸੈਮੁਅਲ ਜੌਹਨ।

ਰਮੇਸ਼ ਭਾਰਦਵਾਜ ਲਹਿਰਾਗਾਗਾ, 8 ਦਸੰਬਰ ਪੰਜਾਬੀ ਲੋਕ ਥੀਏਟਰ ਦੇ ਬਾਬਾ ਬੋਹੜ ਮਰੂਹਮ ਭਾਅ ਗੁਰਸ਼ਰਨ ਸਿੰਘ ਤੋਂ ਬਾਅਦ ਨਾਮੀ ਨਾਟਕਕਾਰ ਸੈਮੁਅਲ ਜੌਹਨ ਨੇ ਦਲਿਤਾਂ ਦੇ ਵਿਹੜੇ ’ਚ ਨਾਟਕਾਂ ਰਾਹੀਂ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਦਾ ਬੀੜਾ ਚੁੱਕਿਆ ਹੈ। ਸੈਮੁਅਲ ਦਾ ਕਹਿਣਾ ਹੈ ਕਿ ਰੰਗਮੰਚ ਰਾਹੀਂ ਦੱਬੇ ਕੁਚਲੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਕੱਠੇ ਹੋਣ ਦਾ ਹੋਕਾ ਦੇਣਾ ਉਸ ਦਾ ਮੁੱਖ ਉਦੇਸ਼ ਹੈ। ਉਹ ਕਹਿੰਦਾ ਹੈ ਕਿ ਉਹ ਨਾਟਕਾਂ ਰਾਹੀਂ ਸਮਾਜਕ ਤਬਦੀਲੀ ਲਈ ਦੱਬਿਆਂ ਕੁਚਲਿਆਂ ਨੂੰ ਦਿਮਾਗੀ ਤੌਰ ’ਤੇ ਚੇਤੰਨ ਕਰਕੇ ਆਪਣੇ ਹੱਕਾਂ ਲਈ ਬੋਲਣ ਅਤੇ ਸੰਘਰਸ਼ ਦੇ ਰਾਹ ਤੋਰਨ ਲਈ ਤਿੰਨ ਪੜਾਵੀ ਸੁਨੇਹਾ ਦੇਣ ਲਈ ਕੰਮ ਕਰ ਰਿਹਾ ਹੈ। ਪੰਜਾਬ ਵਰਗੇ ਰਾਜ ’ਚ ਦਲਿਤਾਂ ਨਾਲ ਹੋ ਰਹੇ ਵਿਹਾਰ ਬਾਰੇ ਸੈਮੁਅਲ ਦਾ ਕਹਿਣਾ ਹੈ ਕਿ ਉਹ ਸਮੁੱਚੀ ਸਮੱਸਿਆ ਬਾਰੇ ਘੋਖ ਵਿਚਾਰ ਕਰਕੇ ਨਾਟਕ ਤਿਆਰ ਕਰਦਾ ਹੈ ਤੇ ਸਮਾਜ ’ਚ ਆਰਥਿਕ ਪੱਖੋਂ ਨੀਵੇਂ ਵਰਗ ਲਈ ਜਾਤ-ਪਾਤ ਰਹਿਤ ਸਮਾਜ ਸਿਰਜਣ ਅਤੇ ਆਰਥਿਕ ਨਾ-ਬਰਾਬਰੀ ਨੂੰ ਖਤਮ ਕਰਨ ਦੀ ਗੱਲ ਕਰਦਾ ਹੈ। ਸੈਮੁਅਲ ਨੇ ਫ਼ਿਲਮ ‘ਅੰਨ੍ਹੇ ਘੋੜੇ ਦਾ ਦਾਨ, ਆਤੂ ਖੋਜੀ’ ਤੇ ‘ਤੱਖੀ’ ’ਚ ਬਤੌਰ ਅਦਾਕਾਰ ਅਤੇ ਫ਼ਿਲਮ ‘ਮਿੱਟੀ’ ’ਚ ਐਕਟਿੰਗ ਡਾਇਰੈਕਟਰ ਵਜੋਂ ਕੰਮ ਕੀਤਾ ਹੈ। ਅੱਜ ਕਲ ਸੈਮੁਅਲ ਫ਼ਿਲਮ ‘ਅੱਧ ਚਾਨਣੀ ਰਾਤ’ ’ਚ ਅਦਾਕਾਰੀ ਕਰ ਰਿਹਾ ਹੈ। ਸੈਮੁਅਲ ਨੇ ਦਲਿਤਾਂ ਦੇ ਵਿਹੜਿਆਂ ਦੇ ਨਾਲ ਨਾਲ ਕਾਲਜਾਂ, ਯੂਨੀਵਰਸਿਟੀਆਂ, ਸਕੂਲਾਂ ਅਤੇ ਵਿਦੇਸ਼ਾਂ ਵਿਚ ਵੀ ਨੁੱਕੜ ਨਾਟਕਾਂ ਦੀ ਲਹਿਰ ਖੜ੍ਹੀ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਵੀਹ ਸਾਲਾਂ ਤੋਂ ਨਾਟਕਾਂ ਨੂੰ ਪਰਨਾਇਆ ਸੈਮੁਅਲ ਦਲਿਤਾਂ ਦੇ ਵਿਹੜਿਆਂ ’ਚ ਡਫ਼ਲੀ ਵਜਾਉਂਦਾ ਹੋਇਆ ਲੋਕਾਂ ਨੂੰ ਇਕੱਤਰ ਕਰ ਕੇ ਨਾਟਕ ਖੇਡ ਕੇ ਉਨ੍ਹਾਂ ਦੀ ਹੋ ਰਹੀ ਲੁੱਟ ਬਾਰੇ ਦੱਸਦਾ ਹੈ। ਸੈਮੁਅਲ ਆਪਣੇ ਨਾਟਕਾਂ ਦੀ ਫੀਸ ਵਜੋਂ ਪੱਲੀ ਵਿਛਾ ਕੇ ਜੋ ਮਿਲੇ ਲੈ ਲੈਂਦਾ ਹੈ। ਪਿੰਡਾਂ ’ਚ ਕਈ ਵਾਰ ਉੁਸ ਨੂੰ ਆਟਾ-ਦਾਲ, ਗੁੜ ਆਦਿ ਹੀ ਮਿਲਦੇ ਹਨ। ਉਸ ਦਾ ਮੰਨਣਾ ਹੈ ਕਿ ਮਨੁੱਖੀ ਜ਼ਿੰਦਗੀ ਅਤੇ ਆਪਸੀ ਰਿਸ਼ਤੇ ਸਭ ਤੋਂ ਮਹੱਤਵਪੂਰਨ ਹਨ, ਇਸ ਕਰਕੇ ਉਹ ਹਰ ਵੇਲੇ ਜ਼ਿੰਦਗੀ ਜ਼ਿੰਦਾਬਾਦ ਦਾ ਨਾਅਰਾ ਬੁਲੰਦ ਕਰਦਾ ਹੈ। ਉਹ ਸਤਾਰਾਂ ਸਾਲਾਂ ਤੋਂ ਪਿੰਡ ਚੰਗਾਲੀਵਾਲਾ ’ਚ ਨੌਜਵਾਨਾਂ ਨੂੰ ਨਾਟਕਾਂ ਦੀ ਰਿਹਰਸਲ ਕਰਵਾ ਰਿਹਾ ਹੈ। ਸੈਮੁਅਲ ਦੀ ਬੁਲੰਦ ਆਵਾਜ਼ ਤੇ ਬੇਬਾਕ ਅਦਾਕਾਰੀ ਵੇਖ ਕੇ ਭਾਅ ਜੀ ਗੁਰਸ਼ਰਨ ਸਿੰਘ ਨੇ ਉਸ ਨੂੰ ਪੰਜਾਬ ਦਾ ਨਾਨਾ ਪਾਟੇਕਰ ਕਰਾਰ ਦਿੱਤਾ ਸੀ। ਉਸ ਦੀ ਆਵਾਜ਼ ਲਾਊਡ ਸਪੀਕਰ ਦੀ ਮੁਥਾਜ ਨਹੀਂ ਤੇ ਅੱਧੀ ਮੀਲ ਤੋਂ ਵੀ ਸਾਫ਼ ਸੁਣੀ ਜਾ ਸਕਦੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮਏ ਪਾਸ ਸੈਮੁਅਲ ਦਲਿਤ ਵਰਗ ਵਿਚੋਂ ਹੋਣ ਕਰਕੇ ਪਹਿਲਾਂ ਦਿਹਾੜੀਦਾਰ ਵਜੋਂ ਖੇਤ ਮਜ਼ਦੂਰੀ ਅਤੇ ਮਗਰੋਂ ਕੋਟਕਪੂਰੇ ’ਚ ਦਿਹਾੜੀਆਂ ਵੀ ਕਰਦਾ ਰਿਹਾ। ‘ਸਿਉਂਕ’ ਨਾਟਕ ਤੋਂ ਨਾਟਕਕਾਰ ਵਜੋਂ ਆਪਣਾ ਜੀਵਨ ਸ਼ੁਰੂ ਕਰਨ ਵਾਲੇ ਸੈਮੁਅਲ ਨੇ ਅਯੁੱਧਿਆ ’ਤੇ ਆਧਾਰਿਤ ਨਾਟਕ ਰਾਮ ਕੇ ਨਾਮ, ਛਿਪਣ ਤੋਂ ਪਹਿਲਾਂ, ਘਸਿਆ ਹੋਇਆ ਆਦਮੀ, ਬਾਗਾਂ ਦੇ ਰਾਖੇ, ਤੈਂ ਕੀ ਦਰਦ ਨਾ ਆਇਆ ਅਤੇ ਦਰਜਨਾਂ ਨੁੱਕੜ ਨਾਟਕਾਂ ਦੀਆਂ ਪੇਸ਼ਕਾਰੀਆਂ ਦਿੱਤੀਆਂ ਹਨ। ਇਸ ਸਫ਼ਰ ਵਿਚ ਸੈਮੁਅਲ ਦੀ ਪਤਨੀ ਜਸਵਿੰਦਰ ਕੌਰ ਨੇ ਵੀ ਅਹਿਮ ਭੂਮਿਕਾ ਅਦਾ ਕੀਤੀ ਹੈ। ਪੇਸ਼ੇ ਤੋਂ ਅਧਿਆਪਕ ਜਸਵਿੰਦਰ ਨੇ ਹਰ ਮੋੜ ’ਤੇ ਸੈਮੁਅਲ ਦਾ ਸਾਥ ਦਿੱਤਾ ਹੈ। ਅੱਜ ਕਲ ਸੈਮੁਅਲ ਨੁੱਕੜ ਨਾਟਕਾਂ ਵੱਲ ਵਧੇਰੇ ਧਿਆਨ ਦੇ ਰਿਹਾ ਹੈ। ਉਹ ਮਾਈਕਲ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਬੱਗਾ, ਅਵਤਾਰ ਸਿੰਘ ਅਤੇ ਰਾਜਵੀਰ ਕੌਰ ਨੂੰ ਨਾਲ ਲੈ ਕੇ ਨਾਟਕ ‘ਸ਼ੇਰ ਤੇ ਗਧੇ’, ‘ਕਿਰਤੀ’ ਅਤੇ ‘ਮੈਂ ਨਰਕ ’ਚ ਬੋਲਦਾ ਹਾਂ’ ਦਾ ਸੂਬੇ ਭਰ ’ਚ ਮੰਚਨ ਕਰ ਰਿਹਾ ਹੈ। ਸੈਮੁਅਲ ਦਾ ਮੰਨਣਾ ਹੈ ਕਿ ਨਾਟਕਾਂ ਰਾਹੀ ਮਨੁੱਖ ਦੀਆਂ ਗਿਆਨ ਇੰਦਰੀਆਂ ਨੂੰ ਜਗਾਇਆ ਜਾ ਸਕਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All