ਨਵੀਂ ‘ਸਿਟ’ ਵੱਲੋਂ ਮੌੜ ਬੰਬ ਧਮਾਕੇ ਦੀ ਜਾਂਚ ਸ਼ੁਰੂ

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੰਬ ਕਾਂਡ ਸੰਘਰਸ਼ ਕਮੇਟੀ ਦੇ ਆਗੂ।

ਕੁਲਦੀਪ ਭੁੱਲਰ/ਜਗਤਾਰ ਅਣਜਾਣ ਮੌੜ ਮੰਡੀ, 15 ਜਨਵਰੀ ਸਥਾਨਕ ਟਰੱਕ ਯੂਨੀਅਨ ਨੇੜੇ 31 ਜਨਵਰੀ, 2017 ਨੂੰ ਹੋਏ ਬੰਬ ਧਮਾਕੇ ਸਬੰਧੀ ਪੰਜਾਬ ਸਰਕਾਰ ਵੱਲੋਂ ਦੁਬਾਰਾ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦੇ ਮੈਂਬਰ ਆਈ.ਜੀ. ਬਠਿੰਡਾ ਅਰੁਣ ਮਿੱਤਲ ਅਤੇ ਐੱਸਐੱਸਪੀ ਬਠਿੰਡਾ ਨਾਨਕ ਸਿੰਘ ਪੁਲੀਸ ਟੀਮ ਸਮੇਤ ਮੌੜ ਬੰਬ ਘਟਨਾ ਸਥਾਨ ’ਤੇ ਪੁੱਜੇ ਅਤੇ ਹਰਮਿੰਦਰ ਸਿੰਘ ਜੱਸੀ ਦਾ ਚੋਣ ਜਲਸਾ ਕਰਵਾਉਣ ਵਾਲੇ ਰਜਨੀਸ਼ ਕੁਮਾਰ ਤੋਂ ਪੁੱਛਗਿੱਛ ਕੀਤੀ। ਇਸ ਮਗਰੋਂ ਟੀਮ ਨੇ ਥਾਣਾ ਮੌੜ ਵਿਚ ਪੁੱਜ ਕੇ ਬੰਬ ਧਮਾਕੇ ’ਚ ਮਰਨ ਵਾਲਿਆਂ ਦੇ ਪਰਿਵਾਰਾਂ, ਜ਼ਖ਼ਮੀਆਂ ਅਤੇ ਮੌੜ ਬੰਬ ਕਮੇਟੀ ਦੇ ਮੈਂਬਰਾਂ ਦੇ ਬਿਆਨ ਲਏ। ਇਸ ਮੌਕੇ ਬੰਬ ਕਾਂਡ ’ਚ ਮਾਰੇ ਗਏ ਬੱਚੇ ਰਿਪਨਦੀਪ ਸਿੰਘ ਦੇ ਰਿਸ਼ਤੇਦਾਰ ਮਾਸਟਰ ਨਛੱਤਰ ਸਿੰਘ ਨੇ ਸਿੱਟ ਕੋਲ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਇਸ ਚੋਣ ਜਲਸੇ ਦੌਰਾਨ ਹਰਮਿੰਦਰ ਸਿੰਘ ਜੱਸੀ ਦੇ ਭਰਾ ਗੋਪਾਲ ਜੱਸੀ ਨੂੰ ਉਨ੍ਹਾਂ ਖ਼ੁਦ ਕਾਰ ਸਵਾਰਾਂ ਨਾਲ ਹੱਥ ਮਿਲਾਉਂਦੇ ਅਤੇ ਗੱਲਬਾਤ ਕਰਦੇ ਦੇਖਿਆ ਸੀ। ਉਨ੍ਹਾਂ ਮੰਗ ਕੀਤੀ ਕਿ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਮਾਮਲੇ ਦੀ ਜਾਂਚ ਕੀਤੀ ਜਾਵੇ ਤਾਂ ਜੋ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਮਿਲ ਸਕਣ। ਇਸ ਮੌਕੇ ਐਡਵੋਕੇਟ ਰਵਿੰਦਰ ਸਿੰਘ ਨੇ ਕਿਹਾ ਕਿ 18 ਅਕਤੂਬਰ, 2019 ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇੱਕ ਹਫ਼ਤੇ ਅੰਦਰ ਨਵੀਂ ਸਿੱਟ ਕਾਇਮ ਕਰ ਕੇ ਤਿੰਨ ਮਹੀਨਿਆਂ ਵਿਚ ਜਾਂਚ ਮੁਕੰਮਲ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਹਾਈ ਕੋਰਟ ਵਿਚ ਆਉਣ ਵਾਲੀ 30 ਜਨਵਰੀ ਨੂੰ ਜਵਾਬ ਤਲਬੀ ਲਈ ਸਿੱਟ ਦੀ ਟੀਮ ਵੱਲੋਂ ਸਿਰਫ਼ ਰਸਮੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਟੀਮ ਜਾਂਚ ਦੇ ਨਾਂ ’ਤੇ ਪੰਦਰਾਂ ਦਿਨਾਂ ਵਿਚ ਸਿਰਫ਼ ਖਾਨਾ ਪੂਰਤੀ ਕਰਨਾ ਚਾਹੁੰਦੀ ਹੈ ਜਦੋਂਕਿ ਢਾਈ ਮਹੀਨੇ ਦਾ ਸਮਾਂ ਬਿਨਾਂ ਜਾਂਚ ਕੀਤੇ ਲੰਘਾ ਦਿੱਤਾ ਗਿਆ ਹੈ। ਇਸ ਮੌਕੇ ਬੰਬ ਕਾਂਡ ਸੰਘਰਸ਼ ਕਮੇਟੀ ਆਗੂ ਨਵੀਨ ਸਟਾਰ, ਗੁਰਮੇਲ ਸਿੰਘ ਗੇਲਾ, ਜਗਦੀਸ਼ ਸ਼ਰਮਾ, ਸੁਸ਼ੀਲ ਕੁਮਾਰ ਸ਼ੀਲੀ, ਪੀੜਤ ਪਰਿਵਰਾਂ ਵਿੱਚੋਂ ਡਾ. ਬਲਬੀਰ ਸਿੰਘ, ਕੀਰਤਨ ਸਿੰਘ, ਜ਼ਖ਼ਮੀ ਜਸਕਰਨ ਸਿੰਘ ਆਦਿ ਹਾਜ਼ਰ ਸਨ। ਆਈ.ਜੀ. ਬਠਿੰਡਾ ਅਰੁਣ ਕੁਮਾਰ ਮਿੱਤਲ ਨੇ ਮੀਡੀਆ ਨੂੰ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਸਿਟ ਅਧਿਕਾਰੀਆਂ ਨੂੰ ਦੋ ਘੰਟੇ ਉਡੀਕਦੇ ਰਹੇ ਪੀੜਤ ਪਰਿਵਾਰ ਬੰਬ ਕਾਂਡ ਵਿਚ ਜ਼ਖਮੀ ਹੋਏ 25 ਤੋਂ 30 ਵਿਅਕਤੀਆਂ ਸਮੇਤ ਮੌੜ ਬੰਬ ਕਾਂਡ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਸਥਾਨਕ ਥਾਣੇ ਵਿਚ ਦੁਪਹਿਰ ਇਕ ਵਜੇ ਤੱਕ ਐੱਸਆਈਟੀ ਅਧਿਕਾਰੀਆਂ ਨੂੰ ਮਿਲਣ ਲਈ ਪੁੱਜਣ ਦਾ ਸੁਨੇਹਾ ਲਾਇਆ ਗਿਆ ਸੀ। ਇਸ ਕਾਰਕੇ ਸਾਢੇ ਬਾਰਾਂ ਵਜੇ ਤੋਂ ਹੀ ਪੀੜਤ ਪਰਿਵਾਰ, ਕਮੇਟੀ ਦੇ ਆਗੂ ਅਤੇ ਲਗਪਗ 12 ਜ਼ਖ਼ਮੀ ਥਾਣੇ ਪੁੱਜਣੇ ਸ਼ੁਰੂ ਹੋ ਗਏ ਸਨ ਜਦੋਂਕਿ ਟੀਮ ਦੇ ਮੈਂਬਰ ਤਿੰਨ ਵਜੇ ਦੇ ਕਰੀਬ ਥਾਣੇ ਪੱਜੇ। ਇਸ ਮਗਰੋਂ ਵੀ ਜਦੋਂ ਹਾਜ਼ਰ ਜ਼ਖ਼ਮੀਆਂ ਨੂੰ ਦੋ-ਚਾਰ ਦੀ ਗਿਣਤੀ ਵਿਚ ਹੀ ਅੰਦਰ ਬੁਲਾਇਆ ਜਾਣ ਲੱਗਾ ਤਾਂ ਸੰਘਰਸ਼ ਕਮੇਟੀ ਆਗੂਆਂ ਨੇ ਵਿਰੋਧ ਕੀਤਾ ਤੇ ਸਾਰੇ ਪੀੜਤਾਂ ਨੂੰ ਇਕੱਠੇ ਮਿਲਣ ਦੀ ਗੱਲ ਆਖੀ। ਵਿਰੋਧ ਦੇ ਡਰੋਂ ਪੁਲੀਸ ਅਧਿਕਾਰੀਆਂ ਨੇ ਪਹਿਲਾਂ ਬੰਬ ਸੰਘਰਸ਼ ਕਮੇਟੀ ਆਗੂਆਂ ਨੂੰ ਬੁਲਾ ਗਿਆ ਤੇ ਬਿਆਨ ਦਰਜ ਕੀਤੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All