ਨਗਰ ਕੀਰਤਨ ਧਮਾਕਾ: ਪਹੁਵਿੰਡ ’ਚੋਂ ਬਣਵਾਏ ਸਨ ਪਟਾਕੇ

ਤਰਨ ਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਦਾਖਲ ਨੌਜਵਾਨ।

ਗੁਰਬਖਸ਼ਪੁਰੀ ਤਰਨ ਤਾਰਨ, 11 ਫਰਵਰੀ ਡਾਲੇਕੇ ਨੇੜੇ ਨਗਰ ਕੀਰਤਨ ਮੌਕੇ ਪਟਾਕਿਆਂ ਨੂੰ ਅੱਗ ਲੱਗ ਜਾਣ ਨਾਲ ਹੋਇਆ ਜ਼ਬਰਦਸਤ ਧਮਾਕਾ ਕਈ ਬੇਨੇਮੀਆਂ ਦੀਆਂ ਪਰਤਾਂ ਵੀ ਖੋਲ੍ਹ ਰਿਹਾ ਹੈ| ਨਗਰ ਕੀਰਤਨ ਲਈ ਪਟਾਕੇ ਪਹੁਵਿੰਡ ਤੋਂ ਬਣਵਾਏ ਗਏ ਸਨ ਤੇ ਇਸ ਜ਼ਿਲ੍ਹੇ ਵਿਚ ਕਿਸੇ ਕੋਲ ਵੀ ਪਟਾਕੇ ਬਣਾਉਣ ਦਾ ਲਾਇਸੈਂਸ ਨਹੀਂ ਹੈ। ਇਸ ਧਮਾਕੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਸੀ ਜਦਕਿ 20 ਦੇ ਕਰੀਬ ਜ਼ਖਮੀਆਂ ਵਿੱਚੋਂ ਚਾਰ ਅਜੇ ਵੀ ਜ਼ੇਰੇ ਇਲਾਜ ਹਨ| ਇਨ੍ਹਾਂ ਚਾਰਾਂ ਵਿੱਚੋਂ ਤਿੰਨ ਸਥਾਨਕ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਦਾਖਲ ਹਨ ਅਤੇ ਗੰਭੀਰ ਜ਼ਖਮੀ ਹਰਮਨ ਸਿੰਘ (15) ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ| ਹਰਮਨ ਸਿੰਘ ਦੇ ਸਰੀਰ ਦੇ ਕਈ ਹਿੱਸੇ ਸੜ ਗਏ ਹਨ ਤੇ ਉਸ ਦੇ ਸਿਰ ਵਿੱਚ ਵੀ ਸੱਟ ਲੱਗੀ ਹੈ। ਇਕ ਜ਼ਖਮੀ ਅਜੈਪਾਲ ਸਿੰਘ ਵਾਸੀ ਮਾੜੀ ਉਧੋਕੇ ਤਾਂ ਆਪਣੀ ਖੱਬੀ ਅੱਖ ਦੀ ਰੋਸ਼ਨੀ ਗੁਆ ਚੁੱਕਾ ਹੈ| ਹਰਨੂਰ ਸਿੰਘ (17) ਅਤੇ ਉਸ ਦਾ ਚਚੇਰਾ ਭਰਾ ਗੁਰਸਿਮਰਨ ਸਿੰਘ (15) ਵਾਸੀ ਪਹੁਵਿੰਡ ਅਜੇ ਤੁਰਨ-ਫਿਰਨ ਦੇ ਯੋਗ ਨਹੀਂ ਹੋਏ| ਹਰਨੂਰ ਸਿੰਘ ਦੇ ਪੈਰ ਵਿਚ ਵੀ ਗੰਭੀਰ ਸੱਟ ਲੱਗੀ ਹੈ। ਹਰਨੂਰ ਸਿੰਘ ਅਤੇ ਪਿੰਡ ਦੇ ਹੋਰ ਨੌਜਵਾਨ ਉਸ ਘੜੀ ਨੂੰ ਪਛਤਾ ਰਹੇ ਹਨ ਜਦੋਂ ਉਨ੍ਹਾਂ ਨੇ ਨਗਰ ਕੀਰਤਨ ਵਿੱਚ ਆਤਿਸ਼ਬਾਜ਼ੀ ਚਲਾਉਣ ਲਈ ਜ਼ਬਰਦਸਤ ਆਵਾਜ਼ ਵਾਲੇ ਪਟਾਕੇ ਬਣਾਉਣ ਦਾ ਆਰਡਰ ਦਿੱਤਾ ਸੀ| ਉਸ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਵਾਸੀ ਦਵਿੰਦਰ ਸਿੰਘ ਨੂੰ ਵਿਦੇਸ਼ ਰਹਿੰਦੇ ਪਰਵਾਸੀ ਨੇ ਪਿੰਡ ਦੇ ਮੇਲੇ ਮੌਕੇ ਖਰਚ ਕਰਨ ਲਈ 10,000 ਰੁਪਏ ਭੇਜੇ ਸਨ| ਬਾਬਾ ਦੀਪ ਸਿੰਘ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਇਹ ਮੇਲਾ ਹਰ ਸਾਲ ਮਨਾਇਆ ਜਾਂਦਾ ਹੈ। ਉਨ੍ਹਾਂ ਪਿੰਡ ਅੰਦਰ ਪਟਾਕੇ ਬਣਾਉਣ ਦਾ ਕੰਮ ਕਰਦੇ ਪਤੀ-ਪਤਨੀ ਨੂੰ ਜ਼ਬਰਦਸਤ ਆਵਾਜ਼ ਵਾਲੇ ਪਟਾਕੇ ਬਣਾਉਣ ਦਾ ਆਰਡਰ 7000 ਰੁਪਏ ਵਿੱਚ ਦਿੱਤਾ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਪਟਾਕਿਆਂ ਨੂੰ ਬੋਰੀਆਂ ਵਿੱਚ ਪਾ ਕੇ ਟਰਾਲੀ ਵਿੱਚ ਰੱਖ ਲਿਆ ਅਤੇ ਉਹ ਵਾਰੋ-ਵਾਰੀ ਪਟਾਕੇ ਚਲਾਉਣ ਲੱਗੇ| ਜਦੋਂ ਉਹ ਡਾਲੇਕੇ ਨੇੜੇ ਪੁੱਜੇ ਤਾਂ ਪਤਾ ਹੀ ਨਾ ਲੱਗਾ ਕਿ ਕਿਵੇਂ ਧਮਾਕਾ ਹੋ ਗਿਆ। ਸਰਕਾਰੀ ਰਿਕਾਰਡ ਅਨੁਸਾਰ ਇਸ ਪਿੰਡ ਦੇ ਕਿਸੇ ਵੀ ਵਿਅਕਤੀ ਕੋਲ ਪਟਾਕੇ ਬਣਾਉਣ ਦਾ ਲਾਇਸੈਂਸ ਨਹੀਂ ਹੈ|

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All