ਦੋ ਨੌਜਵਾਨ ਪੁੱਤਰਾਂ ਦੀ ਖ਼ੁਦਕੁਸ਼ੀ ਮਗਰੋਂ ਬਜ਼ੁਰਗ ਜੋੜੇ ਦੀ ਜ਼ਿੰਦਗੀ ਹੋਈ ਦੁਸ਼ਵਾਰ

ਲੜੀ ਨੰਬਰ 17

ਨੌਜਵਾਨ ਪੁੱਤਰਾਂ ਦੀਆਂ ਤਸਵੀਰਾਂ ਲਈ ਬੈਠਾ ਬਜ਼ੁਰਗ ਜੋੜਾ।

ਮਹਿੰਦਰ ਸਿੰਘ ਰੱਤੀਆਂ ਮੋਗਾ, 4 ਦਸੰਬਰ ਮਾਲਵਾ ਖੇਤਰ ਵਿਚ ਆਰਥਿਕ ਤੰਗੀਆਂ-ਤੁਰਸ਼ੀਆਂ ਕਾਰਨ ਖ਼ੁਦਕੁਸ਼ੀਆਂ ਦੇ ਰਾਹ ਪਏ ਕਿਸਾਨਾਂ-ਮਜ਼ਦੂਰਾਂ ਦੇ ਪਰਿਵਾਰਾਂ ਦਾ ਦਰਦ ਦੇਖਿਆ ਨਹੀਂ ਜਾਂਦਾ। ਕਿਸੇ ਔਰਤ ਦੇ ਸਿਰ ਦੇ ਸਾਈਂ ਤੇ ਕਿਸੇ ਦੇ ਜਿਗਰ ਦੇ ਟੁਕੜੇ ਦੇ ਜਹਾਨੋਂ ਤੁਰ ਜਾਣ ਮਗਰੋਂ ਜਦੋਂ ਹਕੂਮਤਾਂ ਨੇ ਵੀ ਉਨ੍ਹਾਂ ਨੂੰ ਵਿਸਾਰ ਦਿੱਤਾ ਤਾਂ ‘ਪਹਾੜ ਜਿੱਡੀ’ ਜ਼ਿੰਦਗੀ ਜਿਊਣਾ ਉਨ੍ਹਾਂ ਲਈ ਔਖਾ ਹੋ ਗਿਆ ਹੈ। ਸਮੇਂ ਦੀਆਂ ਸਰਕਾਰਾਂ ਨੇ ਝੂਠੇ ਵਾਅਦੇ ਕਰ ਕੇ ਪੀੜਤ ਪਰਿਵਾਰਾਂ ਦੀਆਂ ਵੋਟਾਂ ਤਾਂ ਹਾਸਲ ਕਰ ਲਈਆਂ ਪਰ ਦਰਦ ਨਹੀਂ ਵੰਡਾਇਆ। ਪਿਛਲੇ ਡੇਢ ਦਹਾਕੇ ਦੌਰਾਨ ਕਰਜ਼ੇ ਤੇ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰ ਚੁੱਕੇ ਹਜ਼ਾਰਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰ ਭਾਵੇਂ ਗੁਰਬਤ ਦੀ ਜ਼ਿੰਦਗੀ ਜੀਅ ਰਹੇ ਹਨ ਪਰ ਉਨ੍ਹਾਂ ਨੂੰ ਅਜੇ ਵੀ ਰਾਹਤ ਦੀ ਉਡੀਕ ਹੈ। ਮੋਗਾ ਤੋਂ ਤਕਰੀਬਨ 9 ਕਿਲੋਮੀਟਰ ਦੂਰ ਕੱਚਾ ਝਤਰੇ-ਜ਼ੀਰਾ ਰੋਡ ਉੱਤੇ ਵਸੇ ਪਿੰਡ ਖੋਸਾ ਪਾਂਡੋ ਦੇ ਦੀਦਾਰ ਸਿੰਘ (75) ਅਤੇ ਹਰਬੰਸ ਕੌਰ (73) ਨੇ ਕਦੇ ਸੋਚਿਆ ਨਹੀਂ ਸੀ ਕਿ ਆਰਥਿਕ ਤੰਗੀ ਦਾ ਦੈਂਤ ਉਨ੍ਹਾਂ ਦੇ ਦੋਵਾਂ ਨੌਜਵਾਨ ਪੁੱਤਰਾਂ ਗੁਰਪ੍ਰੀਤ ਸਿੰਘ (22) ਅਤੇ ਹਰਪ੍ਰੀਤ ਸਿੰਘ (19) ਨੂੰ ਨਿਗਲ ਜਾਵੇਗਾ। ਉਨ੍ਹਾਂ ਦੇ ਦੋਵੇਂ ਪੁੱਤਰ ਦਸਵੀਂ ਤੱਕ ਦੀ ਪੜ੍ਹਾਈ ਕਰਨ ਮਗਰੋਂ ਅੱਗੇ ਪੜ੍ਹ ਕੇ ਕੁਝ ਬਣਨਾ ਚਾਹੁੰਦੇ ਸਨ ਪਰ ਘਰ ਦੇ ਮਾੜੇ ਆਰਥਿਕ ਹਾਲਾਤ ਉਨ੍ਹਾਂ ਦੀ ਪੜ੍ਹਾਈ ਦੇ ਰਾਹ ਵਿਚ ਰੋੜਾ ਬਣ ਗਏ। ਬਜ਼ੁਰਗ ਜੋੜੇ ਮੁਤਾਬਕ ਕਰੀਬ ਦਹਾਕਾ ਪਹਿਲਾਂ ਉਨ੍ਹਾਂ ਦਾ ਵੱਡਾ ਪੁੱਤਰ ਕਬੱਡੀ ਖੇਡ ਕੇ ਆਇਆ ਤੇ ਪਤਾ ਨਹੀਂ ਉਸ ਨੇ ਕੀ ਖਾਧਾ ਕਿ ਉਸ ਦੀ ਮੌਤ ਹੋ ਗਈ। ਉਸ ਦਾ ਦੁੱਖ ਅਜੇ ਭੁੱਲਿਆ ਨਹੀਂ ਸੀ ਕਿ ਪੰਜ ਮਹੀਨੇ ਮਗਰੋਂ ਉਨ੍ਹਾਂ ਦੇ ਦੂਜੇ ਪੁੱਤਰ ਨੇ ਵੀ ਖ਼ੁਦਕੁਸ਼ੀ ਕਰ ਲਈ। ਦੋ ਪੁੱਤਰਾਂ ਮਗਰੋਂ ਧੀ ਜਸਵਿੰਦਰ ਕੌਰ ਦੀ ਕੈਂਸਰ ਨਾਲ ਮੌਤ ਹੋ ਗਈ। ਉਨ੍ਹਾਂ ਦੀ ਇਕ ਧੀ ਮਨਪ੍ਰੀਤ ਕੌਰ ਵਿਆਹੀ ਹੋਈ ਹੈ। ਹਰਬੰਸ ਕੌਰ ਨੂੰ ਅਧਰੰਗ ਹੋ ਗਿਆ ਤੇ ਉਹ ਮੰਜੇ ਉੱਤੇ ਪਈ ਹੈ। ਬਜ਼ੁਰਗ ਜੋੜੇ ਨੂੰ ਜਦੋਂ ਗੁਜ਼ਾਰੇ ਦੇ ਸਾਧਨ ਬਾਰੇ ਪੁੱਛਿਆ ਤਾਂ ਉਨ੍ਹਾਂ ਭਾਵੁਕ ਹੁੰਦਿਆਂ ਦੱਸਿਆ ਕਿ ਇਕ ਦਿਨ ਤਾਂ ਦੋਵਾਂ ਜੀਆਂ ਨੇ ਆਪਣੇ ਪੁੱਤਰਾਂ ਦੇ ਰਾਹ ਤੁਰਨ ਦਾ ਮਨ ਬਣਾ ਲਿਆ ਸੀ ਪਰ ਮਨ ਸਮਝਾ ਕੇ ਰਾਤ ਕੱਢ ਲੈਂਦੇ ਹਨ। ਉਨ੍ਹਾਂ ਕੋਲ ਤਾਂ ਹੁਣ ਦੋ ਡੰਗ ਦੀ ਰੋਟੀ ਜਾਂ ਦਵਾਈ ਬੂਟੀ ਲਈ ਵੀ ਕੁਝ ਨਹੀਂ ਹੈ। ਪਿੰਡ ਦੇ ਕੁਝ ਲੋਕ ਉਨ੍ਹਾਂ ਦੀ ਵੇਲੇ-ਕੁਵੇਲੇ ਮਦਦ ਕਰਦੇ ਹਨ, ਕੋਈ ਰਿਸ਼ਤੇਦਾਰ ਵੀ ਨਹੀਂ ਪੁੱਛਦਾ। ਗੁਆਂਢੀ ਹਰਦਮ ਸਿੰਘ ਨੇ ਉਨ੍ਹਾਂ ਦੇ ਘਰ ਆਉਣ-ਜਾਣ ਲਈ ਸਾਂਝੀ ਦੀਵਾਰ ਵਿਚੋਂ ਛੋਟਾ ਜਿਹਾ ਰਸਤਾ ਰੱਖਿਆ ਹੈ ਅਤੇ ਦੁੱਖ ਤਕਲੀਫ਼ ਵੇਲੇ ਉਨ੍ਹਾਂ ਦੀ ਮਦਦ ਕਰਦਾ ਹੈ। ਕਿਸੇ ਸਿਆਸਤਦਾਨ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਹੁਣ ਉਨ੍ਹਾਂ ਦੀ ਬੁਢਾਪਾ ਪੈਨਸ਼ਨ ਮਨਜ਼ੂਰ ਹੋਈ ਹੈ। ਉਨ੍ਹਾਂ ਦੱਸਿਆ ਕਿ ਖ਼ੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਮਾਮਲਿਆਂ ਸਬੰਧੀ ਕੰਮ ਕਰ ਰਹੀ ਝੁਨੀਰ ਪਿੰਡ ਦੀ ਕਿਰਨਜੀਤ ਕੌਰ ਵੀ ਉਨ੍ਹਾਂ ਕੋਲ ਆਈ ਸੀ। ਉਸ ਦੇ ਭਰੋਸੇ ਮਗਰੋਂ ਸਰਕਾਰ ਤੋਂ ਕੁਝ ਮਾਲੀ ਸਹਾਇਤਾ ਦੀ ਉਮੀਦ ਜਾਗੀ ਹੈ। ਬਜ਼ੁਰਗ ਜੋੜੇ ਨੇ ਦਾਨੀ ਸੱਜਣਾਂ ਅੱਗੇ ਵੀ ਹੱਥ ਅੱਡੇ ਹਨ ਤਾਂ ਕਿ ਬੁਢਾਪਾ ਕੱਟਣ ਲਈ ਉਨ੍ਹਾਂ ਦੀ ਕੋਈ ਮਦਦ ਜਾਂ ਅਧਰੰਗ ਦੀ ਬਿਮਾਰੀ ਲਈ ਦਵਾ ਦਾਰੂ ਦਾ ਪ੍ਰਬੰਧ ਹੋ ਸਕੇ। ਸਰਕਾਰ ਤੋਂ ਮਾਲੀ ਮਦਦ ਦੀ ਉਮੀਦ ਵਿਚ ਬੈਠੇ ਬਜ਼ੁਰਗ ਜੋੜੇ ਕੋਲ ਆਪਣੇ ਨੌਜਵਾਨ ਪੁੱਤਰਾਂ ਦੀਆਂ ਤਸਵੀਰਾਂ ਹੀ ਬਚੀਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਬਲੌਰ ਸਿੰਘ ਘਾਲੀ ਨੇ ਕਿਹਾ ਕਿ ਕਰਜ਼ੇ ਦੇ ਬੋਝ ਕਾਰਨ ਖ਼ੁਦਕੁਸ਼ੀ ਕਰ ਗਏ ਕਿਸਾਨਾਂ-ਮਜ਼ਦੂਰਾਂ ਦੇ ਪਰਿਵਾਰਾਂ ਨੂੰ ਰਾਹਤ ਦੇਣ ਲਈ ਸਰਕਾਰ ਨੇ ਨੀਤੀ ਤਾਂ ਬਣਾਈ ਪਰ ਇਸ ਮਗਰੋਂ ਸਾਰਾ ਧਿਆਨ ਰਾਹਤ ਨਾ ਦੇਣ ਦੀਆਂ ਵਿਉਂਤਾਂ ਗੁੰਦਣ ’ਤੇ ਹੀ ਕੇਂਦਰਿਤ ਕਰ ਦਿੱਤਾ।

ਪੀੜਤ ਪਰਿਵਾਰਾਂ ਲਈ ਅਮਲੀ ਤੌਰ ’ਤੇ ਕੁਝ ਨਹੀਂ ਹੋਇਆ: ਕਿਰਨਜੀਤ ਕੌਰ ਕਿਰਨਜੀਤ ਕੌਰ ਝੁਨੀਰ ਨੇ ਕਿਹਾ ਕਿ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਲਈ ਅਮਲੀ ਤੌਰ ’ਤੇ ਕੁਝ ਨਹੀਂ ਹੋਇਆ। ਸੈਂਕੜੇ ਪੀੜਤ ਪਰਿਵਾਰ ਕਈ ਸਾਲ ਬੀਤਣ ਮਗਰੋਂ ਵੀ ਸਰਕਾਰੀ ਮੁਆਵਜ਼ੇ ਤੋਂ ਵਾਂਝੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ-ਮਜ਼ਦੂਰਾਂ ਦੀ ਗਿਣਤੀ ਵੱਧ ਹੈ। ਕਈ ਪਰਿਵਾਰਾਂ ਸਿਰ ਕਰਜ਼ਾ ਨਾ ਹੋਣ ਕਾਰਨ ਬਹੁਤੇ ਪਰਿਵਾਰ ਸਰਵੇਖਣ ਵਿਚੋਂ ਛੱਡ ਦਿੱਤੇ ਗਏ ਹਨ। ਸਿਆਸੀ ਪਾਰਟੀਆਂ ਸਿਰਫ਼ ਵੋਟ ਹਾਸਲ ਕਰਨ ਲਈ ਝੂਠੇ ਵਾਅਦੇ ਕਰਦੀਆਂ ਹਨ। ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦਾ ਦਰਦ, ਸਿਆਸਤਦਾਨਾਂ ਨੇ ਸੱਥਰਾਂ ’ਤੇ ਬੈਠ ਕੇ ਵੀ ਨਹੀਂ ਸਮਝਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All