ਦਿੱਲੀ ਚੋਣ ਨਤੀਜਿਆਂ ਦਾ ਪੰਜਾਬ ’ਤੇ ਕੋਈ ਅਸਰ ਨਹੀਂ: ਅਸ਼ਵਨੀ ਸ਼ਰਮਾ

ਗੁਰਿੰਦਰ ਸਿੰਘ ਲੁਧਿਆਣਾ, 11 ਫਰਵਰੀ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜਿਆਂ ਦਾ ਪੰਜਾਬ ਦੀ ਰਾਜਨੀਤੀ ’ਤੇ ਕੋਈ ਅਸਰ ਨਹੀਂ ਪਵੇਗਾ। ਉਹ ਅੱਜ ਲੁਧਿਆਣਾ ਫੇਰੀ ਦੇ ਦੂਜੇ ਦਿਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਲੀਡਰਸ਼ਿਪ ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਦੇ ਮੱਦੇਨਜ਼ਰ ਮੀਟਿੰਗ ਕਰਕੇ ਕਾਰਗੁਜ਼ਾਰੀ ਸਬੰਧੀ ਚਰਚਾ ਕਰੇਗੀ। ਸ੍ਰੀ ਸ਼ਰਮਾ ਨੇ ਅੱਜ ਭਾਜਪਾ ਦੇ ਸੀਨੀਅਰ ਆਗੂਆਂ ਸਤਪਾਲ ਗੁਸਾਈਂ, ਪ੍ਰੋ. ਰਾਜਿੰਦਰ ਭੰਡਾਰੀ ਅਤੇ ਸੁਭਾਸ਼ ਭਾਟੀਆ ਦੇ ਘਰ ਜਾ ਕੇ ਮੌਜੂਦਾ ਸਿਆਸੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ। ਉਹ ਨਾਮਧਾਰੀ ਸ਼ਹੀਦ ਕੂਕਾ ਯਾਦਗਾਰ ਵਿਖੇ ਵੀ ਗਏ ਜਿੱਥੇ ਸੁਰਿੰਦਰ ਸਿੰਘ ਨਾਮਧਾਰੀ ਦੀ ਅਗਵਾਈ ਹੇਠ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਉਹ ਸ਼ਹੀਦ ਸੁਖਦੇਵ ਦੇ ਜਨਮ ਸਥਾਨ ਮੁਹੱਲਾ ਨੌਘਰਾ ਵੀ ਗਏ ਤੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਹੀਦ ਸੁਖਦੇਵ ਯਾਦਗਾਰੀ ਟਰੱਸਟ ਦੇ ਟਰੱਸਟੀ ਅਸ਼ੋਕ ਥਾਪਰ, ਉਮਾ ਦੱਤ ਸ਼ਰਮਾ, ਤ੍ਰਿਭੁਵਨ ਥਾਪਰ ਤੇ ਪਵਨ ਗਰਗ ਨੇ ਯਾਦਗਾਰ ਨੂੰ ਸਿੱਧਾ ਰਸਤਾ ਦੇਣ ਦੀ ਮੰਗ ਕੀਤੀ। ਸ੍ਰੀ ਸ਼ਰਮਾ ਨੇ ਭਾਜਪਾ ਦੇ ਮੰਡਲ ਪ੍ਰਧਾਨਾਂ ਨਾਲ ਮੀਟਿੰਗ ਕਰਕੇ ਭਾਜਪਾ ਦੀਆਂ ਨੀਤੀਆਂ ਘਰ ਘਰ ਪਹੁੰਚਾਉਣ ਲਈ ਮੁਹਿੰਮ ਸ਼ੁਰੂ ਕਰਨ ਲਈ ਕਿਹਾ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All