ਦਸਵੀਂ ਅਤੇ ਬਾਰ੍ਹਵੀਂ ਦੇ ਦਾਖ਼ਲਿਆਂ ਲਈ ਪ੍ਰੋਗਰਾਮ ਜਾਰੀ

ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 14 ਜਨਵਰੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2020-21 ਲਈ ਪੰਜਾਬ ਓਪਨ ਸਕੂਲ ਦੀਆਂ ਦਸਵੀਂ ਅਤੇ ਸੀਨੀਅਰ ਸੈਕੰਡਰੀ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਦਾਖ਼ਲਿਆਂ ਲਈ ਸਰਕਾਰੀ, ਗ਼ੈਰ ਸਰਕਾਰੀ, ਮਾਨਤਾ ਪ੍ਰਾਪਤ ਅਤੇ ਸਿੱਖਿਆ ਬੋਰਡ ਨਾਲ ਸਬੰਧਤ ਐਫ਼ੀਲੀਏਟਿਡ ਸਕੂਲਾਂ ਨੂੰ ਨਵੀਂ ਮਾਨਤਾ ਦੇਣ/ਰੀਨਿਊ ਕਰਨ ਲਈ ਆਨਲਾਈਨ ਬੇਨਤੀਆਂ ਅਪਲਾਈ ਕਰਨ ਲਈ ਸ਼ਡਿਊਲ ਜਾਰੀ ਕੀਤਾ ਹੈ। ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਨੇ ਦੱਸਿਆ ਕਿ ਗ਼ੈਰ ਸਰਕਾਰੀ, ਮਾਨਤਾ ਪ੍ਰਾਪਤ ਅਤੇ ਬੋਰਡ ਨਾਲ ਐਫੀਲੀਏਟਿਡ ਸਕੂਲਾਂ ਤੋਂ ਨਵੀਂ ਐਕਰੀਡਿਟੇਸ਼ਨ ਫ਼ੀਸ ਦਸਵੀਂ ਲਈ 3 ਹਜ਼ਾਰ ਰੁਪਏ ਅਤੇ ਸੀਨੀਅਰ ਸੈਕੰਡਰੀ ਲਈ 4 ਹਜ਼ਾਰ ਰੁਪਏ ਪ੍ਰਤੀ ਗਰੁੱਪ ਹੋਵੇਗੀ। ਐਕਰੀਡਿਟੇਸ਼ਨ ਰੀਨਿਊਅਲ ਫ਼ੀਸ ਦਸਵੀਂ ਲਈ 1500 ਰੁਪਏ ਅਤੇ ਸੀਨੀਅਰ ਸੈਕੰਡਰੀ ਲਈ 500 ਰੁਪਏ ਪ੍ਰਤੀ ਸ਼੍ਰੇਣੀ ਨਿਰਧਾਰਤ ਕੀਤੀ ਗਈ ਹੈ। ਬਿਨਾਂ ਕਿਸੇ ਲੇਟ ਫ਼ੀਸ ਤੋਂ 30 ਜਨਵਰੀ ਤੱਕ ਚਲਾਨ ਕੀਤੇ ਜਾ ਸਕਦੇ ਹਨ ਅਤੇ ਬੈਂਕ/ਆਨਲਾਈਨ ਫ਼ੀਸ ਜਮ੍ਹਾਂ ਕਰਨ ਲਈ ਆਖ਼ਰੀ ਮਿਤੀ 6 ਫਰਵਰੀ ਹੋਵੇਗੀ। ਇਸ ਮਗਰੋਂ 1 ਹਜ਼ਾਰ ਰੁਪਏ ਲੇਟ ਫੀਸ ਨਾਲ 5 ਮਾਰਚ ਤੱਕ ਚਲਾਨ ਕਰਵਾ ਕੇ 12 ਮਾਰਚ ਤੱਕ ਬੈਂਕ/ਆਨਲਾਈਨ ਫੀਸ ਜਮ੍ਹਾਂ ਕਰਵਾਈ ਜਾ ਸਕੇਗੀ। ਜੇ ਫਿਰ ਵੀ ਕੋਈ ਸੰਸਥਾ ਮਾਨਤਾ ਲੈਣ ਜਾਂ ਰੀਨਿਊ ਕਰਵਾਉਣ ਤੋਂ ਵਾਂਝੀ ਰਹਿ ਜਾਂਦੀ ਹੈ ਤਾਂ ਉਹ 2 ਹਜ਼ਾਰ ਰੁਪਏ ਲੇਟ ਫ਼ੀਸ ਨਾਲ 31 ਮਾਰਚ ਤੱਕ ਫ਼ੀਸ ਜਮ੍ਹਾਂ ਕਰਵਾ ਸਕਦੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸਕੂਲਾਂ ਨੂੰ ਐਕਰੀਡਿਟੇਸ਼ਨ ਫੀਸ ਤੋਂ ਛੋਟ ਦਿੱਤੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All