ਢੀਂਡਸਾ ਤੇ ਅਮਰਜੀਤ ਕੌਰ ਦੀ ਮਿਲਣੀ ਮਗਰੋਂ ਸਿਆਸਤ ਭਖੀ

ਰਵੇਲ ਸਿੰਘ ਭਿੰਡਰ ਪਟਿਆਲਾ, 14 ਜਨਵਰੀ ਸਾਬਕਾ ਰਾਜ ਸਭਾ ਮੈਂਬਰ ਤੇ ਮਹਿਲਾ ਅਕਾਲੀ ਆਗੂ ਅਮਰਜੀਤ ਕੌਰ ਸਿਆਸਤ ’ਚ ਸਰਗਰਮੀ ਨਾਲ ਮਘਣ ਲਈ ਨਵੇਂ ਸਿਰਿਓਂ ਰਣਨੀਤੀ ਘੜਨ ਲੱਗੇ ਹਨ। ਅਜਿਹੇ ਦੌਰਾਨ ਉਹ ਆਪਣੇ ਪੁਰਾਣੇ ਵਫ਼ਾਦਾਰ ਵਰਕਰਾਂ ਨਾਲ ਰਾਜਸੀ ਪੱਧਰ ਦੀਆਂ ਸਲਾਹਾਂ ’ਚ ਮਸ਼ਰੂਫ ਹਨ। ਉਨ੍ਹਾਂ ਕਿਹਾ ਹੈ ਕਿ ਉਹ 16 ਫਰਵਰੀ ਤੋਂ ਸਿਆਸਤ ’ਚ ਇੱਕ ਵਾਰ ਫਿਰ ਸਰਗਰਮੀ ਨਾਲ ਦਸਤਕ ਦੇਣਗੇ। ਉਨ੍ਹਾਂ ਬਾਦਲਕਿਆਂ ਪ੍ਰਤੀ ਸ਼ਿਕਵਾ ਜ਼ਾਹਿਰ ਕਰਦਿਆਂ ਆਖਿਆ ਕਿ ਫ਼ਿਲਹਾਲ ਤਾਂ ਉਨ੍ਹਾਂ ਨੂੰ ਜਿਵੇਂ ‘ਵਿਹਲੀ ਕਰ ਕੇ’ ਬਿਠਾਇਆ ਹੋਇਆ ਹੈ। ਦੱਸਣਯੋਗ ਹੈ ਕਿ ਅਮਰਜੀਤ ਕੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਿਸ਼ਤੇ ’ਚੋਂ ਚਾਚੀ ਲੱਗਦੇ ਹਨ। ਭਾਵੇਂ ਦੋਵਾਂ ਸ਼ਾਹੀ ਪਰਿਵਾਰਾਂ ’ਚ ਪਰਿਵਾਰਕ ਸਨੇਹ ਬਰਕਰਾਰ ਹੈ ਪਰ ਸਿਆਸੀ ਰਾਹ ਅਲੱਗ-ਅਲੱਗ ਹੋਣ ਕਰ ਕੇ ਕਦੇ-ਕਦੇ ਸਿਆਸੀ ਕੁੜੱਤਣ ਉਪਜ ਪੈਂਦੀ ਹੈ। ਜ਼ਿਕਰਯੋਗ ਹੈ ਕਿ ਅਮਰਜੀਤ ਕੌਰ 80ਵੇਂ 90ਵੇਂ ਦੇ ਦਹਾਕਿਆਂ ’ਚ ਕਾਂਗਰਸ ਦੇ ਇੱਕ ਸੀਨੀਅਰ ਆਗੂ ਵਜੋਂ ਵੀ ਵਿਚਰਦੇ ਰਹੇ ਹਨ। ਅਜਿਹੇ ਦੌਰਾਨ ਉਹ ਕਾਂਗਰਸ ਦੀਆਂ ਸਫਾਂ ‘ਚ ਸਰਗਰਮ ਮਹਿਲਾ ਆਗੂ ਵਜੋ ਜਾਣੇ ਜਾਂਦੇ ਸਨ। ਅਜਿਹੇ ਦੌਰ ਮਗਰੋਂ ਉਹਨਾਂ ਕਾਂਗਰਸ ਨੂੰ ਅਲਵਿਦਾ ਕਹਿੰਦਿਆਂ ਅਕਾਲੀ ਦਲ ਦਾ ਪੱਲਾ ਫੜ ਲਿਆ ਸੀ। ਹੁਣ ਸੁਖਦੇਵ ਸਿੰਘ ਢੀਂਡਸਾ ਦੀ ਬਾਦਲਕਿਆਂ ਨਾਲ ਸਿਆਸੀ ਅਣਬਣ ਦੇ ਘਟਨਾਕ੍ਰਮ ਮਗਰੋਂ ਲੰਘੇ ਦਿਨੀਂ ਸ੍ਰੀ ਢੀਂਡਸਾ ਦੀ ਪਟਿਆਲਾ ਫੇਰੀ ਦੌਰਾਨ ਅਮਰਜੀਤ ਕੌਰ ਨਾਲ ਗ਼ੈਰ-ਰਸਮੀ ਮਿਲਣੀ ਹੋਣ ’ਤੇ ਅਮਰਜੀਤ ਕੌਰ ਇੱਕ ਵਾਰ ਫਿਰ ਸਿਆਸੀ ਸਫ਼ਾਂ ’ਚ ਚਰਚਿਤ ਹੋਣ ਲੱਗੇ ਹਨ। ਅਮਰਜੀਤ ਕੌਰ ਨੇ ਫੋਨ ’ਤੇ ਗੱਲ ਕਰਦਿਆਂ ਮੰਨਿਆ ਕਿ ਲੰਘੇ ਹਫ਼ਤੇ ਭਾਵੇਂ ਸ੍ਰੀ ਢੀਂਡਸਾ ਦੇ ਇੱਕ ਸੱਦੇ ’ਤੇ ਬੈਠਕ ’ਚ ਉਨ੍ਹਾਂ ਨੂੰ ਮਿਲਣ ਜ਼ਰੂਰ ਗਏ ਸਨ ਪਰ ਇਸ ਦੌਰਾਨ ਉਨ੍ਹਾਂ ਸਿਆਸੀ ਚਰਚਾ ਨਹੀਂ ਕੀਤੀ। ਅਗਲੀ ਰਣਨੀਤੀ ਸਬੰਧੀ ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਅਸਲ ’ਚ ਅਗਲੇ ਮਹੀਨੇ 16 ਫਰਵਰੀ ਨੂੰ ਉਨ੍ਹਾਂ ਦੇ ਪਤੀ ਦੀ ਬਰਸੀ ਹੈ, ਇਸ ਮਗਰੋਂ ਹੀ ਉਹ ਸਿਆਸਤ ’ਚ ਸਰਗਰਮ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਸਿਆਸੀ ਸਫ਼ਾਂ ਸਬੰਧੀ ਪੁਰਾਣੇ ਵਫ਼ਾਦਾਰ ਵਰਕਰਾਂ ਨਾਲ ਵਿਚਾਰਾਂ ਦੀ ਮਸ਼ਕ ਆਰੰਭੀ ਹੋਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All