ਟੈੱਟ ਪ੍ਰੀਖਿਆ: ਸਿੱਖਿਆ ਬੋਰਡ ਨੇ ਵੈੱਬਸਾਈਟ ’ਤੇ ਅੱਪਲੋਡ ਕੀਤੇ ਰੋਲ ਨੰਬਰ

ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 15 ਜਨਵਰੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 19 ਜਨਵਰੀ ਨੂੰ ਲਏ ਜਾ ਰਹੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਟੈੱਟ ਪ੍ਰੀਖਿਆ-2018) ਲਈ ਤਿਆਰੀਆਂ ਜੰਗੀ ਪੱਧਰ ’ਤੇ ਚੱਲ ਰਹੀਆਂ ਹਨ। ਬੋਰਡ ਦੇ ਸੰਯੁਕਤ ਸਕੱਤਰ-ਕਮ-ਕੰਟਰੋਲਰ (ਪ੍ਰੀਖਿਆਵਾਂ) ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਟੈੱਟ ਪ੍ਰੀਖਿਆ ਸਬੰਧੀ ਉਮੀਦਵਾਰਾਂ ਦੀ ਸਹੂਲਤ ਲਈ ਅੱਜ ਰੋਲ ਨੰਬਰ ਬੋਰਡ ਦੀ ਵੈੱਬਸਾਈਟ ’ਤੇ ਅੱਪਲੋਡ ਕਰ ਦਿੱਤੇ ਗਏ ਹਨ। ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਪੁਲੀਸ ਦੇ ਸਹਿਯੋਗ ਨਾਲ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੌਰਾਨ ਸਕੂਲ ਬੋਰਡ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲੀਸ ਮੁਖੀਆਂ ਤੇ ਵਧੀਕ ਮੁੱਖ ਸਕੱਤਰ (ਗ੍ਰਹਿ) ਨੂੰ ਪੱਤਰ ਭੇਜ ਕੇ ਤਿਆਰੀ ਸਬੰਧੀ ਅਗਾਊਂ ਸੂਚਨਾ ਭੇਜਦਿਆਂ ਪ੍ਰਬੰਧ ਸੰਭਾਲਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਤੋਂ ਪ੍ਰੀਖਿਆ ਕੇਂਦਰਾਂ ਤੱਕ ਪ੍ਰਸ਼ਨ ਪੱਤਰ, ਓਐੱਮਆਰ ਸ਼ੀਟਾਂ ਅਤੇ ਹੋਰ ਸਮੱਗਰੀ ਲਿਜਾਣ ਵਾਲੀਆਂ ਗੱਡੀਆਂ ਨਾਲ ਪੁਲੀਸ ਕਰਮਚਾਰੀ ਭੇਜਣ ਸਮੇਤ ਸਬੰਧਤ ਅਮਲੇ ’ਤੇ ਨਜ਼ਰ ਰੱਖਣ ਲਈ ਟਰੈਕਿੰਗ ਜੀਪੀਐੱਸ ਸਿਸਟਮ ਦੀ ਵਿਵਸਥਾ ਕੀਤੀ ਜਾਵੇਗੀ। ਬੋਰਡ ਅਧਿਕਾਰੀ ਨੇ ਦੱਸਿਆ ਕਿ ਵੱਖ ਵੱਖ ਥਾਵਾਂ ’ਤੇ ਡਿਪਟੀ ਕਮਿਸ਼ਨਰਾਂ ਵੱਲੋਂ ਪ੍ਰੀਖਿਆ ਕੇਂਦਰ ਵਾਲੇ ਸਕੂਲਾਂ, ਕਾਲਜਾਂ ਦੇ 100 ਮੀਟਰ ਘੇਰੇ ਵਿਚ ਧਾਰਾ 144 ਲਾਗੂ ਕਰ ਦਿੱਤੀ ਹੈ। ਪ੍ਰੀਖਿਆ ਕੇਂਦਰ 18 ਜਨਵਰੀ ਨੂੰ ਹੀ ਸ਼ਾਮ ਵੇਲੇ ਸੀਲ ਕਰ ਦਿੱਤੇ ਜਾਣਗੇ ਅਤੇ ਹਰ ਪ੍ਰੀਖਿਆ ਕੇਂਦਰ ਦੇ ਇਲਾਕੇ ਵਿਚ ਦਫ਼ਾ 144 ਆਇਦ ਕਰ ਦਿੱਤੀ ਜਾਵੇਗੀ। ਪ੍ਰੀਖਿਆ ਕੇਂਦਰ 19 ਜਨਵਰੀ ਨੂੰ ਪ੍ਰੀਖਿਆ ਦੇ ਸਮੇਂ ਤੋਂ ਪਹਿਲਾਂ ਹੀ ਖੋਲ੍ਹੇ ਜਾ ਸਕਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All