ਜੱਲ੍ਹਿਆਂਵਾਲਾ ਬਾਗ਼: ਦਾਖ਼ਲਾ ਟਿਕਟ ਲਾਉਣ ਦੀ ਯੋਜਨਾ ਖ਼ਿਲਾਫ਼ ਪ੍ਰਦਰਸ਼ਨ

ਜੱਲ੍ਹਿਆਂਵਾਲਾ ਬਾਗ਼ ਵਿਚ ਦਾਖ਼ਲਾ ਟਿਕਟ ਲਾਉਣ ਦਾ ਵਿਰੋਧ ਕੀਤੇ ਜਾਣ ਦਾ ਦ੍ਰਿਸ਼।

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 16 ਜਨਵਰੀ ਜੱਲ੍ਹਿਆਂਵਾਲਾ ਬਾਗ਼ ਵਿਚ ਦਾਖ਼ਲਾ ਟਿਕਟ ਲਾਉਣ ਦੀ ਪ੍ਰਸਤਾਵਿਤ ਯੋਜਨਾ ਖ਼ਿਲਾਫ਼ ਅੱਜ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੇ ਪੰਜਾਬ ਪ੍ਰਦੇਸ਼ ਸੁਤੰਤਰਤਾ ਸੈਨਾਨੀ ਉੱਤਰਾਅਧਿਕਾਰੀ ਸੰਗਠਨ ਦੇ ਝੰਡੇ ਹੇਠ ਰੋਸ ਵਿਖਾਵਾ ਕੀਤਾ। ਪ੍ਰਦਰਸ਼ਨਕਾਰੀਆਂ ਨੇ ਇਸ ਸਬੰਧੀ ਪ੍ਰਧਾਨ ਮੰਤਰੀ ਦੇ ਨਾਂ ਪੱਤਰ ਭੇਜ ਕੇ ਦਾਖ਼ਲਾ ਟਿਕਟ ਲਾਉਣ ਦਾ ਵਿਰੋਧ ਕੀਤਾ ਹੈ। ਇੱਥੇ ਦੱਸਣਯੋਗ ਹੈ ਕਿ ਜੱਲ੍ਹਿਆਂਵਾਲਾ ਬਾਗ਼ ਦੇ ਪ੍ਰਵੇਸ਼ ਦੁਆਰ ਨੇੜੇ ਇਕ ਇਮਾਰਤ ਦੀ ਉਸਾਰੀ ਕੀਤੀ ਗਈ ਹੈ, ਜਿਸ ਵਿਚ ਕਈ ਖਿੜਕੀਆਂ ਹਨ। ਇਸ ਤੋਂ ਲੱਗਦਾ ਹੈ ਕਿ ਇਸ ਇਮਾਰਤ ਨੂੰ ਟਿਕਟ ਕਾਊਂਟਰ ਵਜੋਂ ਵਰਤਿਆ ਜਾਵੇਗਾ। ਇਮਾਰਤ ਦੀ ਉਸਾਰੀ ਕਾਰਨ ਪਿੱਛੇ ਲੱਗਾ ਸ਼ਹੀਦ ਊਧਮ ਸਿੰਘ ਦਾ ਬੁੱਤ ਵੀ ਲੁਕ ਗਿਆ ਹੈ। ਇਸ ਮਾਮਲੇ ਸਬੰਧੀ ਵੱਖ-ਵੱਖ ਜਥੇਬੰਦੀਆਂ ਵੱਲੋਂ ਪ੍ਰਬੰਧਕਾਂ ਖ਼ਿਲਾਫ਼ ਰੋਸ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਅੱਜ ਵੀ ਇਸੇ ਸਬੰਧੀ ਜੱਲ੍ਹਿਆਂਵਾਲਾ ਬਾਗ਼ ਸ਼ਹੀਦ ਪਰਿਵਾਰ ਸਮਿਤੀ ਦੇ ਪ੍ਰਧਾਨ ਮਹੇਸ਼ ਬਹਿਲ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਸ੍ਰੀ ਬਹਿਲ ਨੇ ਆਖਿਆ ਕਿ ਕੇਂਦਰ ਸਰਕਾਰ ਦਾ ਟਿਕਟ ਲਾਉਣ ਦਾ ਫ਼ੈਸਲਾ ਸ਼ਹੀਦਾਂ ਦਾ ਅਪਮਾਨ ਹੈ। ਸ਼ਹੀਦਾਂ ਦੇ ਪਰਿਵਾਰ ਇਸ ਯੋਜਨਾ ਦਾ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਜਲਦੀ ਮਿਲਣ ਲਈ ਵੀ ਜਾਣਗੇ ਅਤੇ ਮੰਗ ਪੱਤਰ ਦੇ ਕੇ ਟਿਕਟ ਲਾਉਣ ਦੀ ਯੋਜਨਾ ਦਾ ਵਿਰੋਧ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਸਤਪਾਲ ਸ਼ਰਮਾ, ਤਿਲਕ ਰਾਜ, ਨੋਨਿਸ਼ ਬਹਿਲ, ਗਿਆਨ ਸਿੰਘ, ਸੰਤੋਸ਼ ਗੁਪਤਾ, ਪ੍ਰਦੀਪ ਸਰੀਨ ਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ। ਪੰਜਾਬ ਪ੍ਰਦੇਸ਼ ਸੁਤੰਤਰਤਾ ਸੈਨਾਨੀ ਉੱਤਰਾਧਿਕਾਰੀ ਸੰਗਠਨ ਦੇ ਮੁਖੀ ਗਿਆਨੀ ਸਿੰਘ ਸੱਗੂ ਨੇ ਦਾਖ਼ਲਾ ਫ਼ੀਸ ਲਾਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਜੇ ਇਹ ਦਾਖ਼ਲਾ ਟਿਕਟ ਲਾਈ ਗਈ ਤਾਂ ਸਮੂਹ ਵਰਗ ਇਸ ਦਾ ਡਟ ਕੇ ਵਿਰੋਧ ਕਰਨਗੇ। ਜਾਣਕਾਰੀ ਅਨੁਸਾਰ ਜੱਲ੍ਹਿਆਂਵਾਲੇ ਬਾਗ ’ਚ ਸੈਲਾਨੀਆਂ ’ਤੇ ਟਿਕਟ ਲਾਗੂ ਕਰਨ ਦੇ ਖ਼ਦਸ਼ੇ ਤਹਿਤ ਬੀਤੇ ਦਿਨਾਂ ਤੋਂ ਲੋਕ ਸੰੰਘਰਸ਼ ਕਰਦੇ ਆ ਰਹੇ ਹਨ। ਇਸ ਦੌਰਾਨ ਭਾਜਪਾ ਨੇ ਰੇਲਵੇ ਸਟੇਸ਼ਨ ਦੀ ਵਿਰਾਸਤੀ ਦਿੱਖ ਬਦਲਣ ਦੇ ਮਾਮਲੇ ਵੀ ਨੇ ਤੂਲ ਫੜਿਆ ਹੋਇਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All