ਜੇਲ੍ਹ ਮੰਤਰੀ ਗੈਂਗਸਟਰਾਂ ਦੀ ਸਰਪ੍ਰਸਤੀ ਕਰ ਰਿਹੈ: ਸੁਖਬੀਰ

ਸੁੰਦਰ ਨਾਥ ਆਰੀਆ/ਮਹਿੰਦਰ ਸਿੰਘ ਬਰਾੜ ਅਬੋਹਰ/ਮੰਡੀ ਅਰਨੀ ਵਾਲਾ, 4 ਦਸੰਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਜਿਸ ਸੂਬੇ ਦਾ ਜੇਲ੍ਹ ਮੰਤਰੀ ‘ਸੁਪਰ ਗੈਂਗਸਟਰ’ ਬਣ ਕੇ ਜੇਲ੍ਹਾਂ ਵਿਚ ਬੈਠੇ ਗੈਂਗਸਟਰਾਂ ਦੀ ਸਰਪ੍ਰਸਤੀ ਕਰ ਰਿਹਾ ਹੋਵੇ, ਉਸ ਸੂਬੇ ਵਿਚ ਕਿਸੇ ਦੀ ਵੀ ਜਾਨ ਅਤੇ ਮਾਲ ਸੁਰੱਖਿਅਤ ਨਹੀਂ ਰਹਿ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ-ਕਾਨੂੰਨ ਦੀ ਜਿੰਨੀ ਮਾੜੀ ਹਾਲਤ ਇਸ ਸਮੇਂ ਹੈ, ਪਹਿਲਾਂ ਕਦੇ ਨਹੀਂ ਸੀ। ਅੱਜ ਇੱਥੇ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਦੌਰੇ ’ਤੇ ਆਏ ਅਕਾਲੀ ਦਲ ਪ੍ਰਧਾਨ ਨੇ ਪਿੰਡ ਬੁਰਜ ਮੁਹਾਰ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਵਿਚ ਅਮਨ-ਕਾਨੂੰਨ ਦੀ ਹਾਲਤ ਇਸ ਲਈ ਮਾੜੀ ਹੁੰਦੀ ਜਾ ਰਹੀ ਹੈ ਕਿਉਂਕਿ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਰੇ ਵੱਡੇ ਗੈਂਗਸਟਰਾਂ ਨੂੰ ਜੇਲ੍ਹਾਂ ਵਿਚ ਮਨਮਰਜ਼ੀ ਕਰਨ ਦੀ ਖੁੱਲ੍ਹ ਦਿੱਤੀ ਹੋਈ ਹੈ। ਗੈਂਗਸਟਰ ਜੇਲ੍ਹਾਂ ਵਿਚ ਬੈਠੇ ਅਪਰਾਧਕ ਗਤੀਵਿਧੀਆਂ ਕਰ ਰਹੇ ਹਨ ਤੇ ਪੁਲੀਸ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਦੀ ਰਾਖੀ ਕਰ ਰਹੀ ਹੈ। ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ੀ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦੀ ਅਕਾਲੀ ਦਲ ਦਾ ਵਫ਼ਦ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਮਿਲੇਗਾ। ਕੈਪਟਨ ਸਰਕਾਰ ਵੱਲੋਂ ਕਰਵਾਏ ਜਾ ਰਹੇ ‘ਇਨਵੈਸਟ ਪੰਜਾਬ’ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਜਿਹੋ ਜਿਹੇ ਪੰਜਾਬ ਦੇ ਹਾਲਾਤ ਹਨ, ਇੱਥੇ ਤਾਂ ‘ਡਿਸਇਨਵੈਸਟ ਪੰਜਾਬ’ ਹੋ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਆਰਥਿਕ ਪ੍ਰਬੰਧ ਚਲਾਉਣ ਦੀ ਕੋਈ ਸਮਝ ਨਹੀਂ ਹੈ ਤਾਂ ਹੀ ਪੰਜਾਬ ਵਿਚ ਵਿੱਤੀ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਹਨ।

ਰਾਜੋਆਣਾ ਦੀ ਜਲਦੀ ਰਿਹਾਈ ਦੇ ਹੱਕ ਵਿਚ ਹਾਂ: ਸੁਖਬੀਰ ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਅਕਾਲੀ ਦਲ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਜਲਦੀ ਰਿਹਾਈ ਦੇ ਹੱਕ ਵਿਚ ਹੈ। ਉਨ੍ਹਾਂ ਫ਼ਿਰਕੂ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕਰਨ ਲਈ ਕਾਂਗਰਸ ਪਾਰਟੀ ਦੀ ਨਿਖੇਧੀ ਕੀਤੀ ਹੈ। ਅੱਜ ਇੱਥੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਕੇਸ ਵਿਚ ਕਥਿਤ ਤੌਰ ’ਤੇ ਫਰੇਬੀ ਭੂਮਿਕਾ ਨਿਭਾ ਰਹੇ ਹਨ ਅਤੇ ਭਾਈ ਰਾਜੋਆਣਾ ਨੂੰ ਰਾਹਤ ਦੇਣ ਦੇ ਰਾਹ ’ਚ ਅੜਿੱਕੇ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ਅਤੇ ਦੱਸਣਾ ਚਾਹੀਦਾ ਹੈ ਕਿ ਕੀ ਉਹ ਰਾਜੋਆਣਾ ਦੀ ਸਜ਼ਾ ਮੁਆਫ਼ ਦੇ ਹੱਕ ਵਿਚ ਹਨ ਹਾਂ ਨਹੀਂ? ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਸਾਲਾਂ ਤੋਂ ਭਾਈ ਰਾਜੋਆਣਾ ਦੇ ਕੇਸ ਦੀ ਪੈਰਵੀ ਕੀਤੀ ਹੈ ਤੇ ਉਹ ਇਸ ਮਾਮਲੇ ਨੂੰ ਮਨੁੱਖੀ ਹਮਦਰਦੀ ਨਾਲ ਵਿਚਾਰੇ ਜਾਣ ਦੇ ਹੱਕ ਵਿਚ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All