ਜੇਪੀ ਨੱਢਾ ਦੇ ਹੱਕ ’ਚ ਨਿੱਤਰੀ ਚੰਡੀਗੜ੍ਹ ਭਾਜਪਾ

ਆਤਿਸ਼ ਗੁਪਤਾ ਚੰਡੀਗੜ੍ਹ, 19 ਜਨਵਰੀ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਵਜੋਂ ਜੇ.ਪੀ. ਨੱਢਾ ਦੀ ਦਾਅਵੇਦਾਰੀ ਨੂੰ ਮਜਬੂਤ ਕਰਨ ਅਤੇ ਉਨ੍ਹਾਂ ਦੇ ਸਮਰਥਨ ਵਿੱਚ ਚੰਡੀਗੜ੍ਹ ਭਾਜਪਾ ਦੇ ਸੂਬਾ ਪ੍ਰਧਾਨ ਅਰੁਣ ਸੂਦ ਅਤੇ ਰਾਸ਼ਟਰੀ ਪਰਿਸ਼ਦ ਮੈਂਬਰ ਸੰਜੇ ਟੰਡਨ ਸਮੇਤ 11 ਡੇਲੀਗੇਟਜ਼ ਨੇ ਸਮਰਥਨ ਪੱਤਰ ’ਤੇ ਦਸਤਖ਼ਤ ਕੀਤੇ ਹਨ। ਇਸ ਸਮਰਥਨ ਪੱਤਰ ਨੂੰ ਲੈ ਕੇ ਸੂਬਾ ਪ੍ਰਧਾਨ ਅਰੁਣ ਸੂਦ ਆਪਣੀ ਟੀਮ ਸਮੇਤ ਦਿੱਲੀ ਗਏ ਹਨ। ਕੌਮੀ ਪ੍ਰਧਾਨ ਦੀ ਚੋਣ ਲਈ ਹੋਰਨਾਂ ਸੂਬਿਆਂ ਦੀ ਤਰ੍ਹਾਂ ਚੰਡੀਗੜ੍ਹ ਨੂੰ ਇਸ ਚੋਣ ਪ੍ਰਕਿਰਿਆ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਸੇ ਤਹਿਤ ਅੱਜ 11 ਮੈਂਬਰੀ ਟੀਮ ਨੇ ਜੇਪੀ ਨੱਢਾ ਦੇ ਸਮਰਥਨ ’ਚ ਦਸਤਖਤ ਕੀਤੇ ਹਨ। ਇਸ ਸਮਰਥਨ ਪੱਤਰ ਨੂੰ ਅਰੁਣ ਸੂਦ ਆਪਣੀ ਟੀਮ ਸਮੇਤ ਭਲਕੇ ਸਵੇਰੇ 10 ਵਜੇ ਦਿੱਲੀ ਕੇਂਦਰੀ ਕਮੇਟੀ ਦੇ ਹਵਾਲੇ ਕਰਨਗੇ ਅਤੇ ਕੌਮੀ ਪ੍ਰਧਾਨ ਲਈ ਜੇਪੀ ਨੱਡਾ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਅਰੁਣ ਸੂਦ ਦੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਦੂਜੇ ਦਿਨ ਵੀ ਸੈਕਟਰ-33 ’ਚ ਸਥਿਤ ਭਾਜਪਾ ਦਫ਼ਤਰ ‘ਕਮਲਮ’ ’ਚ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਵੱਲੋਂ ਵਧਾਈ ਦੇਣ ਵਾਲਿਆਂ ਦੀ ਭੀੜ ਲੱਗੀ ਰਹੀ। ਇਸ ਮੌਕੇ ਅਰੁਣ ਸੂਦ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ 26 ਜਨਵਰੀ ਤੋਂ ਬਾਅਦ ਉਹ ਰੋਜ਼ਾਨਾ ਦੋ ਘੰਟੇ ਪਾਰਟੀ ਦਫ਼ਤਰ ’ਚ ਬੈਠ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All