ਜਵਾਹਰੇਵਾਲਾ ਗੋਲੀ ਕਾਂਡ: ਤੀਜੇ ਦਿਨ ਵੀ ਮ੍ਰਿਤਕਾਂ ਦਾ ਨਹੀਂ ਹੋਇਆ ਪੋਸਟਮਾਰਟਮ

ਕੈਬਨਿਟ ਮੰਤਰੀ ਚਰਨਜੀਤ ਚੰਨੀ ਦੀ ਆਮਦ ’ਤੇ ਮੁਜ਼ਾਹਰਾ ਕਰਦੇ ਹੋਏ ਐਕਸ਼ਨ ਕਮੇਟੀ ਦੇ ਮੈਂਬਰ।

ਗੁਰਸੇਵਕ ਸਿੰਘ ਪ੍ਰੀਤ ਸ੍ਰੀ ਮੁਕਤਸਰ ਸਾਹਿਬ, 15 ਜੁਲਾਈ ਜਵਾਹਰੇਵਾਲਾ ਵਿੱਚ 13 ਜੁਲਾਈ ਨੂੰ ਵਾਪਰੇ ਗੋਲੀ ਕਾਂਡ ਦੌਰਾਨ ਇਕ ਔਰਤ ਸਣੇ ਦੋ ਜਣਿਆਂ ਦੇ ਮਾਰੇ ਜਾਣ ਤੇ ਕੁਝ ਦੇ ਜ਼ਖਮੀ ਹੋਣ ਬਾਅਦ ਦਲਿਤ ਵਰਗ ਵਿੱਚ ਪੈਦਾ ਹੋਇਆ ਰੋਹ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਮਾਮਲੇ ਨੂੰ ਲੈ ਕੇ ਲੋਕ ਪੱਖੀ ਜਥੇਬੰਦੀਆਂ ਵੱਲੋਂ ਗਠਿਤ ਕੀਤੀ ਗਈ ਜਵਾਹਰੇਵਾਲਾ ਕਾਂਡ ਐਕਸ਼ਨ ਕਮੇਟੀ ਅਤੇ ਪੀੜਤ ਪਰਿਵਾਰ ਵੱਲੋਂ ਅੱਜ ਤੀਜੇ ਦਿਨ ਵੀ ਮ੍ਰਿਤਕਾਂ ਦਾ ਪੋਸਟਮਾਰਟਮ ਨਹੀਂ ਕਰਵਾਇਆ ਗਿਆ। ਕਮੇਟੀ ਨੇ ਮੰਗ ਕੀਤੀ ਕਿ ਇਸ ਕੇਸ ਵਿੱਚ ਸ਼ਾਮਲ 11 ਮੁਲਜ਼ਮਾਂ ਵਿਚੋਂ ਸਿਰਫ ਦੋ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਕਿ ਬਾਕੀ ਸ਼ਰ੍ਹੇਆਮ ਬਾਹਰ ਘੁੰਮ ਰਹੇ ਹਨ ਜਿਨ੍ਹਾਂ ਵਿਚੋਂ ਇਕ ਬਲਾਕ ਯੂਥ ਕਾਂਗਰਸ ਦਾ ਪ੍ਰਧਾਨ ਤੇ ਇਕ ਉਸ ਦਾ ਭਰਾ ਵੀ ਹੈ। ਉਨ੍ਹਾਂ ਬਿੰਦੂ ਸਿੰਘ ਨੂੰ ਵੀ ਕੇਸ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲਛਮਣ ਸਿੰਘ ਸੇਵੇਵਾਲਾ, ਐਕਸ਼ਨ ਕਮੇਟੀ ਦੇ ਕਨਵੀਨਰ ਮੰਗਾ ਆਜ਼ਾਦ, ਸੂਬਾ ਕਮੇਟੀ ਮੈਂਬਰ ਨੌਜਵਾਨ ਭਾਰਤ ਸਭਾ, ਗਗਨ ਸੰਗਰਾਮੀ ਸੂਬਾ ਸਕੱਤਰ ਪੰਜਾਬ ਸਟੂਡੈਂਟ ਯੂਨੀਅਨ, ਬਲਵਿੰਦਰ ਸਿੰਘ ਥਾਂਦੇਵਾਲਾ ਕਿਰਤੀ ਕਿਸਾਨ ਯੂਨੀਅਨ ਤੇ ਹੋਰਾਂ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਢਿੱਲ ਦੇ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਦੀ ਪੂਰਤੀ ਨਾ ਹੋਈ ਤਾਂ ਯੂਨੀਅਨ 17 ਜੁਲਾਈ ਨੂੰ ਐਸਐਸਪੀ ਦਫਤਰ ਦਾ ਘਿਰਾਓ ਕਰੇਗੀ। ਇਸ ਦੌਰਾਨ ਮੁਜ਼ਾਹਰਾਕਾਰੀਆਂ ਨੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਘਿਰਾਓ ਕਰਨ ਦਾ ਯਤਨ ਕੀਤਾ ਪਰ ਪੁਲੀਸ ਚੌਕਸੀ ਕਾਰਨ ਉਹ ਘਿਰਾਓ ਨਹੀਂ ਕਰ ਸਕੇ। ਉਨ੍ਹਾਂ ਮੰਤਰੀ ਸਾਹਮਣੇ ਮੁਜ਼ਾਹਰਾ ਵੀ ਕੀਤਾ। ਬਾਅਦ ਵਿੱਚ ਮੰਤਰੀ ਨੇ ਮੁਜ਼ਾਹਰਾਕਾਰੀਆਂ ਨਾਲ ਬੈਠਕ ਕਰਕੇ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ।

ਇਕ ਹੋਰ ਮੁਲਜ਼ਮ ਗ੍ਰਿਫਤਾਰ: ਐੱਸਐੱਸਪੀ

ਐੱਸਐੱਸਪੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਜਵਾਹਰੇਵਾਲਾ ਕਾਂਡ ਵਿੱਚ ਇਕ ਹੋਰ ਮੁਲਜ਼ਮ ਹਰਦਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬਾਕੀਆਂ ਦੀ ਭਾਲ ਲਈ ਟੀਮਾਂ ਯਤਨਸ਼ੀਲ ਹਨ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਦੀ ਮੰਗ ’ਤੇ ਜ਼ਖਮੀਆਂ ਦੇ ਬਿਆਨ ਲੈਣ ਤੋਂ ਬਾਅਦ ਬਿੰਦੂ ਸਿੰਘ ਨੂੰ ਕੇਸ ਵਿੱਚ ਸ਼ਾਮਲ ਕਰਨ ਬਾਰੇ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਪੋਸਟਮਾਰਟਮ ਸਬੰਧੀ ਸਾਰੀ ਤਿਆਰੀ ਮੁਕੰਮਲ ਕਰ ਲਈ ਗਈ ਹੈ ਪਰ ਪਰਿਵਾਰ ਵਲੋਂ ਪੋਸਟਮਾਰਟਮ ਲਈ ਰਜ਼ਾਮੰਦੀ ਹੋਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All