ਜਥੇਦਾਰ ਵੱਲੋਂ ਸੰਗਤ ਨੂੰ ਸਵੇਰ-ਸ਼ਾਮ ਅੱਧਾ ਘੰਟਾ ਪਾਠ ਕਰਨ ਦੀ ਅਪੀਲ

ਸ੍ਰੀ ਦਰਬਾਰ ਸਾਹਿਬ ਦੀ ਖਾਲੀ ਪਈ ਪਰਿਕਰਮਾ।

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 24 ਮਾਰਚ ਕਰੋਨਾਵਾਇਰਸ ਦੇ ਵਧ ਰਹੇ ਪ੍ਰਕੋਪ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਮੁੜ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਆਖਿਆ ਕਿ ਹਰ ਸਿੱਖ ਆਪਣੇ ਘਰ ਵਿਚ ਸਵੇਰੇ ਤੇ ਸ਼ਾਮ ਰੋਜ਼ਾਨਾ ਅੱਧਾ-ਅੱਧਾ ਘੰਟਾ ਪਾਠ ਕਰੇ ਅਤੇ ਸਮੁੱਚੀ ਮਨੁੱਖਤਾ ਦੀ ਸਲਾਮਤੀ ਵਾਸਤੇ ਅਰਦਾਸ ਕਰੇ। ਇਸ ਦੌਰਾਨ ਅੱਜ ਤੀਜੇ ਦਿਨ ਵੀ ਇੱਥੇ ਸ੍ਰੀ ਹਰਿਮੰਦਰ ਸਾਹਿਬ ਅਤੇ ਇਸ ਦੇ ਕੰਪਲੈਕਸ ਵਿਚ ਸ਼ਰਧਾਲੂਆਂ ਦੀ ਆਮਦ ਨਾ ਹੋਣ ਕਾਰਨ ਸੁੰਨ ਪੱਸਰੀ ਰਹੀ, ਜਦੋਂਕਿ ਗੁਰੂ ਘਰ ਦੀ ਅੰਦਰੂਨੀ ਮਰਿਆਦਾ ਨੂੰ ਕਾਇਮ ਰੱਖਿਆ ਗਿਆ। ਸੋਸ਼ਲ ਮੀਡੀਆ ਰਾਹੀਂ ਜਾਰੀ ਕੀਤੀ ਵੀਡੀਓ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੀ ਕੌਮ ਨੂੰ ਆਖਿਆ ਕਿ ਕਰੋਨਾਵਾਇਰਸ ਕਾਰਨ ਸਾਰਾ ਵਿਸ਼ਵ ਸੰਕਟ ਵਿਚ ਹੈ ਅਤੇ ਇਸ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਮੀਡੀਆ ਦਾ ਇਕ ਹਿੱਸਾ ਇਸ ਸਬੰਧੀ ਲੋਕਾਂ ਨੂੰ ਸੁਚੇਤ ਕਰ ਰਿਹਾ ਹੈ ਅਤੇ ਇਕ ਹਿੱਸਾ ਭੈਅਭੀਤ ਕਰਨ ਦਾ ਯਤਨ ਕਰ ਰਿਹਾ ਹੈ, ਜਿਸ ਬਾਰੇ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਸਿਹਤ ਵਿਭਾਗ ਵੱਲੋਂ ਦਸੀਆਂ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਣ ਅਤੇ ਇਨ੍ਹਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਵਿਸ਼ਵ ਵਿਚ ਵਸਦੇ ਹਰ ਸਿੱਖ ਨੂੰ ਅਪੀਲ ਕੀਤੀ ਹੈ ਕਿ ਇਸ ਸਕੰਟ ਦੇ ਸਮੇਂ ਹਰ ਸਿੱਖ ਰੋਜ਼ਾਨਾ ਸਵੇਰ 10 ਤੋਂ ਸਾਢੇ ਦਸ ਵਜੇ ਤੱਕ ਅਤੇ ਸ਼ਾਮ ਨੂੰ 5 ਤੋਂ ਸਾਢੇ ਪੰਜ ਵਜੇ ਤੱਕ ਪਾਠ ਜਾਂ ਗੁਰਮੰਤਰ ਜਾਂ ਵਾਹਿਗੁਰੂ ਦਾ ਜਾਪ ਕਰੇ ਤੇ ਮਗਰੋਂ ਸਰਬੱਤ ਦੇ ਭਲੇ ਵਾਸਤੇ ਅਰਦਾਸ ਕਰੇ। ਇਸ ਦਾ ਹਰੇਕ ’ਤੇ ਚੰਗਾ ਅਸਰ ਹੋਵੇਗਾ। ਪਾਠ ਕਰਨ ਸਮੇਂ ਵੀ ਆਪਸ ਵਿਚ ਦੂਰੀ ਬਣਾ ਕੇ ਰੱਖੀ ਜਾਵੇ।

ਤਖ਼ਤ ਸ੍ਰੀ ਦਮਦਮਾ ਸਾਹਿਬ ਦੀਆਂ ਸਰਾਵਾਂ ਇਕਾਂਤਵਾਸ ਕੇਂਦਰਾਂ ਲਈ ਦੇਣ ਦਾ ਐਲਾਨ ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਦੀਆਂ ਸਰਾਵਾਂ ਪ੍ਰਸ਼ਾਸਨ ਨੂੰ ਕਰੋਨਾ ਪੀੜਤਾਂ ਦੇ ਇਕਾਂਤਵਾਸ ਕੇਂਦਰਾਂ ਲਈ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਬਿਮਾਰੀ ਨਾ ਵਧੇ ਅਤੇ ਅਜਿਹੀ ਲੋੜ ਹੀ ਨਾ ਪਵੇ ਪਰ ਜੇ ਲੋੜ ਪੈਂਦੀ ਹੈ ਤਾਂ ਸਰਾਵਾਂ ਪ੍ਰਸ਼ਾਸਨ ਲਈ ਉਪਲੱਬਧ ਹੋਣਗੀਆਂ। ਇਸ ਸਬੰਧੀ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਜਥੇਦਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਕਿਹਾ ਗਿਆ ਹੈ ਕਿ ਜੇ ਪ੍ਰਸ਼ਾਸਨ ਨੂੰ ਕਿਤੇ ਖਾਣੇ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ ਤਖ਼ਤ ਸਾਹਿਬ ਦੇ ਲੰਗਰਾਂ ਵਿਚੋਂ ਪ੍ਰਸ਼ਾਸਨ ਦੀ ਬੇਨਤੀ ‘ਤੇ ਦੋ-ਤਿੰਨ ਹਜ਼ਾਰ ਖਾਣੇ ਦੇ ਪੈਕੇਟ ਪੈਕ ਕਰ ਕੇ ਕਿਸੇ ਵੀ ਸਮੇਂ ਉਪਲੱਬਧ ਕਰਵਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਦੇ ਲੰਗਰ ਮਨੁੱਖਤਾ ਲਈ ਹਮੇਸ਼ਾਂ ਖੁੱਲ੍ਹੇ ਹਨ। ਜਾਣਕਾਰੀ ਅਨੁਸਾਰ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਨੇ ਕਰੋਨਾ ਸਬੰਧੀ ਵਿਸ਼ੇਸ਼ ਡਿਊਟੀਆਂ ਭੁਗਤਾਉਣ ਆਏ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਸਰਾਵਾਂ ਵਿਚ ਵੀਹ ਕਮਰੇ ਅਲੱਗ ਤੋਂ ਰਿਹਾਇਸ਼ ਲਈ ਮੁਹੱਈਆ ਕਰਵਾਏ ਹਨ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All