ਛੋਟੇ ਭਰਾ ਦੀ ਹੱਤਿਆ ਕਰਨ ਵਾਲਾ ਕਾਬੂ

ਸੁੰਦਰ ਨਾਥ ਆਰੀਆ ਅਬੋਹਰ, 13 ਜਨਵਰੀ ਸਥਾਨਕ ਠਾਕੁਰ ਆਬਾਦੀ ਮੁਹੱਲੇ ਵਿਚ ਇਕ ਵਿਅਕਤੀ ਨੇ ਘਰੇਲੂ ਵਿਵਾਦ ਕਾਰਨ ਬੀਤੀ ਰਾਤ ਆਪਣੇ ਛੋਟੇ ਭਰਾ ’ਤੇ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ। ਦੇਰ ਰਾਤ ਘਟਨਾ ਵਾਲੀ ਥਾਂ ’ਤੇ ਪੁੱਜੇ ਪੁਲੀਸ ਅਧਿਕਾਰੀਆਂ ਦੀ ਟੀਮ ਨੇ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਸਹਿਯੋਗ ਨਾਲ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਉਂਦਿਆਂ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨਾਂ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਠਾਕੁਰ ਆਬਾਦੀ ਗਲੀ ਨੰਬਰ 13 ਵਾਸੀ ਬਿਜਲੀ ਮਕੈਨਿਕ ਪ੍ਰਹਿਲਾਦ (32) ਪੁੱਤਰ ਨਾਨਕ ਚੰਦ ਅਤੇ ਮੋਚੀ ਦਾ ਕੰਮ ਕਰਨ ਵਾਲਾ ਉਸ ਦਾ ਵੱਡਾ ਭਰਾ ਪੂਰਨ ਚੰਦ (36) ਇਕੋ ਕਮਰੇ ਵਿਚ ਰਹਿੰਦੇ ਸਨ। ਉਨ੍ਹਾਂ ਦੇ ਚਚੇਰੇ ਭਰਾ ਮਹਿੰਦਰ ਨੇ ਦੱਸਿਆ ਕਿ ਦੋਵੇਂ ਭਰਾ ਸ਼ਰਾਬ ਪੀਂਦੇ ਸਨ ਤੇ ਉਨ੍ਹਾਂ ਵਿਚਕਾਰ ਅਕਸਰ ਕਿਸੇ ਨਾ ਕਿਸੇ ਗੱਲ ਤੋਂ ਝਗੜਾ ਰਹਿੰਦਾ ਸੀ। ਬੀਤੀ ਰਾਤ ਵੀ ਦੋਵਾਂ ਵਿਚਕਾਰ ਕਿਸੇ ਗੱਲ ਤੋਂ ਝਗੜਾ ਹੋ ਗਿਆ। ਝਗੜਾ ਇੰਨਾ ਵਧ ਗਿਆ ਕਿ ਪੂਰਨ ਚੰਦ ਨੇ ਕਮਰੇ ਵਿਚ ਪਏ ਲੱਕੜੀ ਦੇ ਬਾਲੇ ਨਾਲ ਪ੍ਰਹਿਲਾਦ ਦੇ ਸਿਰ ’ਤੇ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਣ ’ਤੇ ਇਸ ਦੀ ਜਾਣਕਾਰੀ ਸਿਟੀ ਥਾਣਾ-2 ਦੀ ਪੁਲੀਸ ਨੂੰ ਦਿੱਤੀ ਗਈ, ਜਿਸ ’ਤੇ ਪੁਲੀਸ ਉਪ-ਕਪਤਾਨ ਰਾਹੁਲ ਭਾਰਦਵਾਜ ਅਤੇ ਐਡੀਸ਼ਨਲ ਥਾਣਾ ਮੁਖੀ ਰਣਜੀਤ ਸਿੰਘ ਰਾਤ ਕਰੀਬ ਇਕ ਵਜੇ ਘਟਨਾ ਸਥਾਨ ’ਤੇ ਪੁੱਜੇ ਅਤੇ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ। ਪੁਲੀਸ ਨੇ ਮਹਿੰਦਰ ਦੇ ਬਿਆਨਾਂ ’ਤੇ ਪੂਰਨ ਚੰਦ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੇ ਮਾਮਾ ਲਾਲ ਚੰਦ ਨੇ ਦੱਸਿਆ ਕਿ ਬੀਤੀ ਰਾਤ ਪੁਲੀਸ ਨੇ ਪੂਰਨ ਚੰਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All