ਛੁੱਟੀ ਦੇ ਫਰਜ਼ੀ ਪੱਤਰ ਨੇ ਭੰਬਲਭੂਸੇ ’ਚ ਪਾਏ ਲੋਕ

ਪੱਤਰ ਪ੍ਰੇਰਕ/ਟ੍ਰਿਬਿਊਨ ਨਿਊਜ਼ ਸਰਵਿਸ ਗੁਰਦਾਸਪੁਰ/ਚੰਡੀਗੜ੍ਹ, 16 ਜਨਵਰੀ ਕੂਕਾ ਸੰਘਰਸ਼ ਦੇ ਸਬੰਧ ਵਿੱਚ ਸ਼ੋਸ਼ਲ ਮੀਡੀਆ ਉੱਤੇ ਜਾਰੀ ਫਰਜ਼ੀ ਪੱਤਰ ਨੇ ਅੱਜ ਸਾਰਾ ਦਿਨ ਮੁਲਾਜ਼ਮ ਵਰਗ ਅਤੇ ਸਕੂਲਾਂ ਨੂੰ ਭੰਬਲਭੂਸੇ ਵਿੱਚ ਪਾਈ ਰੱਖਿਆ। ਇਸ ਸਬੰਧ ਵਿੱਚ ਪੰਜਾਬ ਸਰਕਾਰ ਨੇ ਪੱਤਰ ਜਾਰੀ ਕਰਕੇ ਛੁੱਟੀ ਨਾ ਹੋਣ ਸਬੰਧੀ ਸਥਿਤੀ ਸਪਸ਼ਟ ਕੀਤੀ। ਗੌਰਤਲਬ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਸੋਸ਼ਲ ਮੀਡੀਆ ਉੱਤੇ ਪੰਜਾਬ ਸਰਕਾਰ ਪ੍ਰਸੋਨਲ ਵਿਭਾਗ ਦੇ ਨਾਂ ਹੇਠ ਫਰਜ਼ੀ ਪੱਤਰ ਜਾਰੀ ਕਰ ਦਿੱਤਾ। ਇਸ ਪੱਤਰ ਅਨੁਸਾਰ ਦੱਸਿਆ ਗਿਆ ਕਿ ਸੰਘਰਸ਼ ਪ੍ਰਥਮ ਕੂਕਾ ਅੰਦੋਲਨ ਮੌਕੇ ਨੂੰ ਮੁੱਖ ਰੱਖਦੇ ਹੋਏ 17 ਜਨਵਰੀ 2020 ਦਿਨ ਸ਼ੁੱਕਰਵਾਰ ਨੂੰ ਪੰਜਾਬ ਰਾਜ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਗਜ਼ਟਿਡ ਛੁੱਟੀ ਘੋਸ਼ਿਤ ਕੀਤੀ ਜਾਂਦੀ ਹੈ। ਇਹ ਪੱਤਰ ਸ਼ੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਗਿਆ ਜਿਸ ਨੂੰ ਵੇਖ ਕੇ ਸਮੂਹ ਵਿਭਾਗਾਂ ਅੰਦਰ ਭੰਬਲਭੂਸਾ ਪੈਦਾ ਹੋ ਗਿਆ ਅਤੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਛੁੱਟੀ ਦੀ ਪੁਸ਼ਟੀ ਕਰਨ ਲਈ ਉਚ ਅਧਿਕਾਰੀਆਂ ਨੂੰ ਫੋਨ ਦੀਆਂ ਘੰਟੀਆਂ ਖੜਕਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਫਰਜ਼ੀ ਵਾਇਰਲ ਪੱਤਰ ਪ੍ਰਤੀ ਮੁਲਾਜ਼ਮਾਂ ਦਾ ਭੰਬਲਭੂਸਾ ਉਦੋਂ ਦੂਰ ਹੋਇਆ ਜਦੋਂ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਨੂੰ ਪੱਤਰ ਜਾਰੀ ਕਰਕੇ ਭੰਬਲਭੂਸਾ ਖ਼ਤਮ ਕਰਨ ਲਈ ਮੀਡੀਆ ਵਿੱਚ ਜਾਣਕਾਰੀ ਨਸ਼ਰ ਕਰਨ ਲਈ ਕਿਹਾ। ਵਿਭਾਗ ਨੇ ਸਪਸ਼ਟ ਕੀਤਾ ਕਿ 17 ਜਨਵਰੀ ਦੀ ਕੋਈ ਛੁੱਟੀ ਨਹੀਂ ਹੈ ਤੇ ਸਾਰੇ ਸਰਕਾਰੀ ਦਫ਼ਤਰ ਆਮ ਵਾਂਗ ਖੁੱਲ੍ਹਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All