ਚੌਟਾਲਿਆਂ ਦਾ ਵਿਵਾਦ ਨਿਬੇੜਨ ’ਚ ਅੜਿੱਕਾ ਬਣਿਆ ਬਾਦਲ ਦਾ ਪਿੱਠ ਦਰਦ

ਇਕਬਾਲ ਸਿੰਘ ਸ਼ਾਂਤ ਲੰਬੀ/ਡੱਬਵਾਲੀ, 12 ਨਵੰਬਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਿੱਠ ਦਾ ਦਰਦ ਚੌਟਾਲਾ ਪਰਿਵਾਰ ਵਿਚਲੀ ਸਿਆਸੀ ਘਰੇੜ ਨੂੰ ਮੁਕਾਉਣ ’ਚ ਅੜਿੱਕਾ ਬਣਦਾ ਦਿੱਸ ਰਿਹਾ ਹੈ। ਇਸ ਮਸਲੇ ਦੇ ਢੁੱਕਵੇਂ ਹੱਲ ਲਈ ਅਖ਼ਬਾਰੀ ਸੁਰਖੀਆਂ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਅਤੇ ਚੌਟਾਲਾ ਪਰਿਵਾਰ ਦੇ ਜੇਠੇ ਪੁੱਤਰ ਡਾ. ਅਜੈ ਸਿੰਘ ਚੌਟਾਲਾ ਨਾਲ ਚੰਡੀਗੜ੍ਹ ’ਚ ਮੁਲਾਕਾਤ ਹੋਣੀ ਸੀ। ਸੂਤਰਾਂ ਅਨੁਸਾਰ ਸ੍ਰੀ ਬਾਦਲ ਦਾ ਚੰਡੀਗੜ੍ਹ ਅਗਾਮੀ ਕੱਲ੍ਹ ਜਾਣ ਦਾ ਪ੍ਰੋਗਰਾਮ ਸੀ, ਜੋ ਕਿ ਪਿੱਠ ਵਿੱਚ ਦਰਦ ਕਾਰਨ ਹਾਲ ਦੀ ਘੜੀ ਮੁਲਤਵੀ ਹੋ ਗਿਆ। ਉਂਝ ਇਨੈਲੋ ਦੇ ਸੂਤਰਾਂ ਅਨੁਸਾਰ ਅਜੈ ਚੌਟਾਲਾ ਮਹਿੰਦਰਗੜ੍ਹ ਅਤੇ ਰਿਵਾੜੀ ’ਚ ਜਨਸੰਪਰਕ ’ਚ ਰੁੱਝੇ ਸਨ। ਇਸ ਮੁਲਾਕਾਤ ਦੀਆਂ ਕਨਸੋਆਂ ਲੈਣ ਲਈ ਸਮੁੱਚੇ ਪੰਜਾਬ ਹਰਿਆਣੇ ਦੇ ਮੀਡੀਆ ਦੇ ਅੱਖਾਂ ਅਤੇ ਕੰਨ ਸਰਗਰਮ ਰਹੇ। ਸ੍ਰੀ ਬਾਦਲ ਪਿੱਠ ਦਰਦ ਕਾਰਨ ਲਗਪਗ ਸਾਰਾ ਦਿਨ ਬੈੱਡ ਰੈਸਟ ’ਤੇ ਰਹੇ। ਸਿਆਸੀ ਮਾਹਿਰ ਜੀਂਦ ਮੀਟਿੰਗ ਨੂੰ ਇਨੈਲੋ ਦੇ ਮਜ਼ਬੂਤ ਮੁਹਾਂਦਰੇ ’ਤੇ ਸੁਆਲੀਆ ਨਿਸ਼ਾਨ ਲੱਗਣ ਦਾ ਕਾਰਨ ਮੰਨ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਸ੍ਰੀ ਬਾਦਲ ਸਮੁੱਚੇ ਘਟਨਾਕ੍ਰਮ ਨੂੰ 17 ਨਵੰਬਰ ਨੂੰ ਅਜੈ ਸਿੰਘ ਚੌਟਾਲਾ ਦੀ ਜੀਂਦ ਮੀਟਿੰਗ ਤੋਂ ਪਹਿਲਾਂ ਨਿਪਟਾਉਣਾ ਚਾਹੁੰਦੇ ਹਨ ਅਤੇ ਪਿੱਠ ਦਰਦ ਦੇ ਬਾਵਜੂਦ ਬਾਬਾ ਬੋਹੜ ਵੱਲੋਂ ਮੋਬਾਈਲ ’ਤੇ ਗੱਲਬਾਤ ਰਾਹੀਂ ਇਨੈਲੋ ਪਰਿਵਾਰ ’ਚੋਂ ਵਿਵਾਦ ਦੀਆਂ ਤਰੇੜਾਂ ਮੁਕਾਉਣ ਲਈ ਕੋਸ਼ਿਸ਼ਾਂ ਜਾਰੀ ਹਨ ਪਰ ਉਨ੍ਹਾਂ ਨੂੰ ਹੁਣ ਤੱਕ ਢੁੱਕਵਾਂ ਬੂਰ ਨਹੀਂ ਪਿਆ। ਉਨ੍ਹਾਂ ਕਿਹਾ ਕਿ ਬਾਬਾ ਬਾਦਲ ਦੀਆਂ ਅੱਖਾਂ ਸ਼ਰਮ ਬਗੈਰ ਇਹ ਕਾਰਜ ਸਿਰੇ ਨਹੀਂ ਚੜ੍ਹਨਾ ਅਤੇ ਉਹ ਮੁਲਾਕਾਤ ਤੋਂ ਬਗੈਰ ਸੰਭਵ ਨਹੀਂ ਹੋ ਸਕਣਾ। ਜ਼ਿਕਰਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਚੌਟਾਲਾ ਪਰਿਵਾਰ ਦੇ ਸਰਬ ਪ੍ਰਵਾਨਿਤ ਬਜ਼ੁਰਗ ਹਨ। ਲੰਘੀ ਦੀਵਾਲੀ ਮੌਕੇ ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਭੈ ਸਿੰਘ ਚੌਟਾਲਾ ਨੇ ਵੀ ਪਿੰਡ ਬਾਦਲ ਵਿੱਚ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਸੀ। ਬੀਤੇ ਪਰਸੋਂ ਬਾਬਾ ਫਰੀਦ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਿਜ਼ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਸਿੰਘ ਵੀ ਬਾਦਲ ਹੁਰਾਂ ਦੇ ਪਿੱਠ ਦਰਦ ਦੀ ਜਾਂਚ ਲਈ ਪੁੱਜੇ ਸਨ ਅਤੇ ਸੂਤਰਾਂ ਅਨੁਸਾਰ ਉਨ੍ਹਾਂ ਨੇ ਪਿੱਠ ਦਰਦ ਨੂੰ ਨਾਰਮਲ ਦੱਸਿਆ ਸੀ। ਪਰ ਹੁਣ ਪਿੱਠ ਦਾ ਤੇਜ਼ ਦਰਦ ਬਾਬਾ ਬੋਹੜ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ ਅਤੇ ਡਾਕਟਰਾਂ ਨੇ ਉਨ੍ਹਾਂ ਆਰਾਮ ਦੀ ਸਲਾਹ ਦਿੱਤੀ ਹੈ। ਜਾਣਕਾਰੀ ਅਨੁਸਾਰ ਬਾਦਲ ਦਾ ਪੁਰਾਣਾ ਪਿੱਠ ਦਰਦ ਬੀਤੇ ਦਿਨੀਂ ਬੁਢਲਾੜਾ ਦੌਰੇ ਮੌਕੇ ਰਸਤੇ ਵਿੱਚ ਖਰਾਬ ਸੜਕ ਦੇ ਝਟਕਿਆਂ ਨਾਲ ਮੁੜ ਜਾਗ ਪਿਆ। ਬਾਦਲਾਂ ਦੀ ਚੌਟਾਲਿਆਂ ਨਾਲ ਪੁਰਾਣੀ ਅਤੇ ਗੂੜ੍ਹੀ ਸਾਂਝ ਕਿਸੇ ਤੋਂ ਲੁਕੀ ਨਹੀਂ। ਪਤਾ ਲੱਗਿਆ ਹੈ ਕਿ ਚੌਟਾਲਾ ਪਰਿਵਾਰ ਦੇ ਦੋਫਾੜ ਹੋਣ ਸਬੰਧੀ ਸ੍ਰੀ ਬਾਦਲ ਕਾਫ਼ੀ ਪ੍ਰੇਸ਼ਾਨ ਹਨ ਅਤੇ ਅਕਾਲੀ ਦਲ ਵਿਚਲੇ ਹਾਲਾਤਾਂ ਦੇ ਨਾਲ ਇਨੈਲੋ ਦੇ ਅੰਦਰੂਨੀ ਹਾਲਾਤ ਵੀ ਬਾਦਲ ਦੇ ਮਨ ਦੀ ਬੇਚੈਨੀ ਨੂੰ ਵਧਾਉਂਦੇ ਪ੍ਰਤੀਤ ਹੋ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All