ਘਨੌਲੀ ਇਲਾਕੇ ਦੀ ਪੰਜ ਸੌ ਏਕੜ ਫਸਲ ਪਾਣੀ ’ਚ ਡੁੱਬੀ

ਪਿੰਡ ਅਵਾਨਕੋਟ ਵਿਚ ਖੇਤਾਂ ਵਿੱਚ ਖੜ੍ਹਾ ਪਾਣੀ ਦਿਖਾਉਂਦੇ ਹੋਏ ਕਿਸਾਨ।

ਜਗਮੋਹਨ ਸਿੰਘ ਘਨੌਲੀ, 14 ਜਨਵਰੀ ਪਿੰਡ ਆਸਪੁਰ ਤੋਂ ਲੈ ਕੇ ਪਿੰਡ ਖਰੋਟਾ ਤੱਕ ਅੱਧੀ ਦਰਜਨ ਪਿੰਡਾਂ ਦੀ ਸੈਂਕੜੇ ਏਕੜ ਫਸਲ ਬੇਮੌਸਮੀ ਬਰਸਾਤ ਦੀ ਭੇਟ ਚੜ੍ਹ ਗਈ ਹੈ। ਅਵਾਨਕੋਟ ਦੇ ਸਰਪੰਚ ਰਣਜੀਤ ਸਿੰਘ, ਪ੍ਰੇਮ ਸਿੰਘ ਸਰਪੰਚ ਖਰੋਟਾ, ਤਰਲੋਚਨ ਸਿੰਘ ਕੋਟਬਾਲਾ, ਭੁਪਿੰਦਰ ਸਿੰਘ ਅਵਾਨਕੋਟ, ਕੁਲਦੀਪ ਸਿੰਘ ਮਾਜਰੀ ਗੁੱਜਰਾਂ, ਰਘਬੀਰ ਸਿੰਘ ਅਵਾਨਕੋਟ, ਰਾਮ ਲੋਕ ਮਾਜਰੀ, ਜਗਤਾਰ ਸਿੰਘ ਅਤੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਖਰੋਟਾ ਤੇ ਆਲੋਵਾਲ ਵਾਲੀ ਸਾਈਡ ਤੋਂ ਪਿੰਡ ਆਸਪੁਰ ਵੱਲ ਸਤਲੁਜ ਦਰਿਆ ਦੇ ਪਾਣੀ ਦੇ ਕੁਦਰਤੀ ਵਹਾਅ ਲਈ ਪਿਛਲੇ ਲੰਬੇ ਸਮੇਂ ਤੋਂ ਨਾਲਾ ਵਗ ਰਿਹਾ ਸੀ, ਉਹ ਲੋਕਾਂ ਦੀ ਮਲਕੀਅਤ ਵਾਲੀ ਜ਼ਮੀਨ ਵਿੱਚੋਂ ਲੰਘ ਰਿਹਾ ਹੋਣ ਕਾਰਨ ਲੋਕਾਂ ਨੇ ਉਸ ਨਾਲੇ ਨੂੰ ਪੂਰ ਕੇ ਆਪਣੀ ਜ਼ਮੀਨ ਵਿੱਚ ਮਿਲਾ ਲਿਆ ਸੀ। ਇਸ ਕਰਕੇ ਹੁਣ ਪਿਛਲੀ ਜ਼ਮੀਨ ਦੇ ਪਾਣੀ ਦਾ ਨਿਕਾਸ ਰੁਕ ਗਿਆ ਹੈ। ਉਨ੍ਹਾਂ ਦੱਸਿਆ ਕਿ ਮੀਂਹ ਪੈਣ ਨਾਲ ਖੇਤਾਂ ਵਿੱਚ ਖੜ੍ਹਾ ਪਾਣੀ ਕਈ ਦਿਨ ਨਹੀਂ ਸੁੱਕਦਾ, ਜਿਸ ਕਰਕੇ ਉਹ ਸਮੇਂ ਸਿਰ ਫਸਲ ਨਹੀਂ ਬੀਜ ਸਕਦੇ। ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਫਸਲ ਦੀ ਕਟਾਈ ਸਮੇਂ ਮੀਂਹ ਪੈ ਜਾਣ ਨਾਲ ਵੀ ਫਸਲ ਬੜੀ ਮੁਸ਼ਕਲ ਨਾਲ ਕੱਟਣੀ ਪਈ ਸੀ ਤੇ ਕਣਕ ਦੀ ਬਿਜਾਈ ਵੀ ਲੇਟ ਹੋ ਗਈ ਸੀ। ਜਿਨ੍ਹਾਂ ਨੇ ਖੇਤ ਵੱਤਰ ਆਉਣ ਦੀ ਉਡੀਕ ਕੀਤੇ ਬਿਨਾਂ ਹੀ ਗਿੱਲੇ ਸਿੱਲੇ ਵਾਹ ਕੇ ਕਣਕ ਬੀਜੇ ਸਨ, ਉਨ੍ਹਾਂ ਦੀ ਫਸਲ ਵੀ ਹੁਣ ਪਈ ਬੇਮੌਸਮੀ ਬਰਸਾਤ ਨੇ ਬਰਬਾਦ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਆਲੋਵਾਲ, ਹਿੰਮਤਪੁਰ, ਕੀਮਤਪੁਰ, ਖਰੋਟਾ, ਅਵਾਨਕੋਟ ਤੇ ਕੋਟਬਾਲਾ ਨੂੰ ਮਿਲਾ ਕੇ ਲਗਪਗ ਸਾਢੇ ਪੰਜ ਸੌ ਏਕੜ ਫਸਲ ਪਾਣੀ ਦੀ ਭੇਟ ਚੜ੍ਹ ਗਈ ਹੈ। ਪੀੜਤ ਕਿਸਾਨਾਂ ਨੇ ਜ਼ਿਲ੍ਹਾ ਪ੍ਰਸਾਸ਼ਨ ਤੋਂ ਇਲਾਵਾ ਹਲਕਾ ਵਿਧਾਇਕ ਅਤੇ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ ਅਤੇ ਪਾਣੀ ਦੀ ਨਿਕਾਸੀ ਦਾ ਯੋਗ ਹੱਲ ਕੱਢਿਆ ਜਾਵੇ। ਕਿਸਾਨਾਂ ਨੇ ਦੱਸਿਆ ਕਿ ਵਾਰ-ਵਾਰ ਫਸਲਾਂ ਖਰਾਬ ਹੋਣ ਕਾਰਨ ਉਨ੍ਹਾਂ ਦਾ ਵੱਡੇ ਪੱਧਰ ’ਤੇ ਆਰਥਿਕ ਨੁਕਸਾਨ ਹੁੰਦਾ ਹੈ ਤੇ ਸਰਕਾਰ ਨੂੰ ਸਮੇਂ ਸਿਰ ਮਦਦ ਕਰ ਕੇ ਕਿਸਾਨਾਂ ਦੀ ਬਾਂਹ ਫੜ੍ਹਨੀ ਚਾਹੀਦੀ ਹੈ।

ਐੱਸਡੀਐਮ ਨੇ ਮੁਆਵਜ਼ਾ ਦਿਵਾਉਣ ਦਾ ਭਰੋਸਾ ਦਿੱਤਾ

ਐੱਸ.ਡੀ.ਐਮ. ਹਰਜੋਤ ਕੌਰ ਨੇ ਕਿਹਾ ਕਿ ਫਸਲਾਂ ਦੇ ਨੁਕਸਾਨ ਸਬੰਧੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ ਤਾਂ ਕਿ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿਵਾਇਆ ਜਾ ਸਕੇ ਤੇ ਸੇਮ ਦੀ ਸਮੱਸਿਆ ਦੇ ਪੱਕੇ ਹੱਲ ਲਈ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ। ਇਸੇ ਦੌਰਾਨ ਖੇਤੀਬਾੜੀ ਵਿਕਾਸ ਅਫਸਰ ਘਨੌਲੀ ਡਾ. ਰਮਨ ਕਰੋੜੀਆ ਨੇ ਕਿਹਾ ਕਿ ਉਨ੍ਹਾਂ ਕੋਲ ਫਸਲਾਂ ਖਰਾਬ ਹੋਣ ਸਬੰਧੀ ਹਾਲੇ ਤੱਕ ਕਿਸੇ ਵੀ ਕਿਸਾਨ ਨੇ ਸੂਚਨਾ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਉਹ ਮੌਕੇ ਦਾ ਦੌਰਾ ਕਰਕੇ ਖਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲੈਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All